ਨਵੀਂ ਦਿੱਲੀ – ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪ੍ਰਧਾਨ ਮੰਤਰੀ ਮਾਈਕਰੋ ਯੂਨਿਟਸ ਡਿਵੈਲਪਮੈਂਟ ਐਂਡ ਰੀਫਾਈਨੈਂਸ ਏਜੰਸੀ-PM MUDRA), ਜੋ ਕਿ ਭਾਰਤ ਸਰਕਾਰ ਦੀ ਇੱਕ ਸਕੀਮ ਹੈ, ਦਾ ਉਦੇਸ਼ ਛੋਟੇ ਉੱਦਮੀਆਂ ਦੀ ਕਮਾਈ ਕਰਨ ਵਿੱਚ ਅਤੇ ਨੌਕਰੀ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕਰਨਾ ਅਤੇ ਭਾਰਤੀ ਆਰਥਿਕਤਾ ਨੂੰ ਵਧਣ ਫੁਲਣ ਅਤੇ ਖੁਸ਼ਹਾਲ ਹੋਣ ਵਿੱਚ ਮਦਦ ਕਰਨਾ ਹੈ। ਇਸ ਨੇ ਪੰਜਾਬ ਭਰ ਵਿਚ ਬਹੁਤ ਸਾਰੇ ਲੋਕਾਂ ਨੂੰ ਲਾਭ ਪਹੁੰਚਾਇਆ ਹੈ।
ਪਠਾਨਕੋਟ ਜ਼ਿਲ੍ਹਾ ਲੀਡ ਬੈਂਕ ਵੱਲੋਂ ਮੁਹੱਈਆ ਕਰਵਾਏ ਗਏ ਅੰਕਡ਼ਿਆਂ ਅਨੁਸਾਰ 4060 ਲਾਭਕਾਰੀਆਂ ਨੂੰ ਪਿਛਲੇ ਮਾਲੀ ਸਾਲ ਦੇ ਅੰਤ ਤੱਕ 54 ਕਰੋਡ਼ ਰੁਪਏ ਦੇ ਕਰਜ਼ੇ ਪ੍ਰਵਾਨ ਕੀਤੇ ਗਏ।
ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਪ੍ਰਚਾਰ ਪ੍ਰੋਗਰਾਮ ਚਲਾਉਂਦੇ ਹੋਏ ਖੇਤਰੀ ਪ੍ਰਚਾਰ ਨਿਦੇਸ਼ਾਲਾ ਦੇ ਅਧਿਕਾਰੀ(ਡੀ ਐੱਫ ਪੀ ਅਫਸਰ) ਸ਼੍ਰੀ ਰਾਜੇਸ਼ ਚੰਦਰ ਬਾਲੀ, ਖੇਤਰੀ ਪ੍ਰਚਾਰ ਅਧਿਕਾਰੀ (ਐੱਫ ਪੀ ਓ) ਅੰਮ੍ਰਿਤਸਰ ਨੇ ਕੁਝ ਮੁਦਰਾ ਲਾਭਕਾਰੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦੀ ਜ਼ਿੰਦਗੀ ਇਸ ਸਕੀਮ ਅਧੀਨ ਕਰਜ਼ਾ ਲੈਣ ਤੋਂ ਬਾਅਦ ਬਦਲ ਗਈ ਹੈ।
ਸ਼੍ਰੀਮਤੀ ਕ੍ਰਿਸ਼ਨਾ ਦੇਵੀ ਪੰਜਾਬ ਦੇ ਪਠਾਨਕੋਟ ਵਿੱਚ ਇੱਕ ਛੋਟਾ ਵਪਾਰ ਚਲਾ ਰਹੀ ਹੈ ਅਤੇ ਇੱਕ ਸੁਤੰਤਰ ਅਤੇ ਆਰਾਮਦਾਇਕ ਜੀਵਨ ਗੁਜ਼ਾਰ ਰਹੀ ਹੈ। ਨਾਲ ਹੀ ਆਪਣੇ ਪਰਿਵਾਰ ਦੀ ਮਾਲੀ ਮਦਦ ਵੀ ਕਰ ਰਹੀ ਹੈ। ਉਹ ਮੁਦਰਾ ਯੋਜਨਾ ਦਾ ਲਾਭ ਉਠਾਉਣ ਵਾਲੇ ਲੋਕਾਂ ਵਿਚੋਂ ਇੱਕ ਹੈ। ਉਸ ਨੇ ਜ਼ਿਲ੍ਹਾ ਲੀਡ ਬੈਂਕ ਤੋਂ 5 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਬੈੱਡ ਸ਼ੀਟਾਂ ਤੇ ਹੋਰ ਕਪਡ਼ੇ ਵੇਚਣ ਦੇ ਆਪਣੇ ਕੰਮ ਨੂੰ ਮੁਡ਼  ਤੋਂ ਸ਼ੁਰੂ ਕੀਤਾ। ਸ਼੍ਰੀਮਤੀ ਕ੍ਰਿਸ਼ਨਾ ਦੇਵੀ, ਜੋ ਕਿ ਦ੍ਰਿਡ਼ ਇਰਾਦੇ ਦੀ ਪ੍ਰਤੀਕ ਹੈ, ਇਸ ਵੇਲੇ ਆਪਣੀ ਉਮਰ ਦੇ 60ਵਿਆਂ ਵਿਚ ਹੈ, ਦਾ ਕਹਿਣਾ ਹੈ ਕਿ ਉਹ ਕਦੇ ਵੀ ਆਪਣੇ ਬੱਚਿਆਂ ਉੱਤੇ ਨਿਰਭਰ ਨਹੀਂ ਹੋਣਾ ਚਾਹੁੰਦੀ ਸੀ।
ਕੁਝ ਮਹੀਨੇ ਪਹਿਲਾਂ ਹੀ ਉਸ ਨੂੰ ਸਰਕਾਰ ਦੀ ਮੁਦਰਾ ਸਕੀਮ ਬਾਰੇ ਪਤਾ ਲੱਗਾ ਅਤੇ ਉਸ ਨੇ ਕਰਜ਼ੇ ਲਈ ਆਵੇਦਨ ਕੀਤਾ। ਉਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦੀ ਹੈਰਾਨੀ ਹੋਈ ਜਦੋਂ ਕੁਝ ਦਿਨਾਂ ਵਿਚ ਹੀ ਬੈਂਕ ਨੇ ਬਿਨਾਂ ਕਿਸੇ ਮੁਸ਼ਕਿਲ ਤੋਂ ਉਸ ਦੇ ਕਰਜ਼ੇ ਨੂੰ ਪ੍ਰਵਾਨ ਕਰ ਦਿੱਤਾ। ਕਾਫੀ ਤਸੱਲੀ ਵਿਚ ਅਤੇ ਖੁਸ਼ ਨਜ਼ਰ ਆ ਰਹੀ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਨੇ ਇਸ ਸਕੀਮ ਦੀ ਕਾਫੀ ਪ੍ਰਸ਼ੰਸਾ ਕੀਤੀ।
ਉਹ ਪਠਾਨਕੋਟ ਜ਼ਿਲ੍ਹੇ ਵਿਚ ਇਕੱਲੀ ਹੀ ਨਹੀਂ ਜਿਸ ਨੇ ਆਪਣੇ ਵਪਾਰ ਨੂੰ ਮੁਡ਼ ਸ਼ੁਰੂ ਕੀਤਾ ਹੋਵੇ। ਇੱਕ ਹੋਰ ਮਹਿਲਾ ਉੱਦਮੀ ਸ਼੍ਰੀਮਤੀ ਚੰਦਰ ਕਾਂਤਾ, ਜੋ ਕਿ ਇੱਕ ਪੇਂਟ ਦੀ ਦੁਕਾਨ ਚਲਾ ਰਹੀ ਹੈ, ਨੇ ਕਿਹਾ ਕਿ ਉਸ ਨੇ ਮੁਦਰਾ ਯੋਜਨਾ ਅਧੀਨ ਆਪਣੇ ਮਾਲ ਦਾ ਸਟਾਕ ਕਰਨ ਅਤੇ ਵਪਾਰ ਵਿਚ ਤੇਜ਼ੀ ਲਿਆਉਣ ਲਈ 3 ਲੱਖ ਰੁਪਏ ਦਾ ਕਰਜ਼ਾ ਲਿਆ। ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਰੋਜ਼ਾਨਾ ਅਧਾਰ ’ਤੇ ਮਾਰਕੀਟ ਤੋਂ ਸਮਾਨ ਖਰੀਦ ਕੇ ਗਾਹਕਾਂ ਨੂੰ ਵੇਚਦੀ ਸੀ। ਕਰਜ਼ੇ ਦੀ ਸਹੂਲਤ ਲੈਣ ਤੋਂ  ਬਾਅਦ ਉਹ ਗਾਹਕਾਂ ਦੀ ਸਹੂਲਤ ਲਈ ਆਪਣੇ ਕੋਲ ਮਾਲ ਸਟੋਰ ਕਰ ਕੇ ਰੱਖਦੀ ਹੈ। ਦੋ ਧੀਆਂ ਅਤੇ ਇੱਕ ਪੁੱਤਰ ਦੀ ਮਾਂ ਸ਼੍ਰੀਮਤੀ ਚੰਦਰ ਕਾਂਤਾ ਆਪਣੇ ਪਤੀ ਦੀ ਧੰਦੇ ਵਿੱਚ ਸਹਾਇਤਾ ਕਰਕੇ ਖੁਸ਼ ਹੈ ਅਤੇ ਉਨ੍ਹਾਂ ਦਾ ਪਰਿਵਾਰ ਸੁਖਾਲਾ ਜੀਵਨ ਜੀ ਰਿਹਾ ਹੈ।
ਇਸੇ ਤਰ੍ਹਾਂ ਸ਼੍ਰੀ ਵਿਕੇਸ਼ ਮਹਾਜਨ, ਜੋ ਕਿ ਇੱਕ ਫਿਜ਼ੀਓਥੈਰੇਪਿਸਟ ਅਤੇ ਨੈਚਰੋਪੈਥ ਹਨ, ਇੱਕ ਆਯੁਰਵੈਦਿਕ ਸਟੋਰ ਚਲਾ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਨੇ 5 ਲੱਖ ਰੁਪਏ ਦਾ ਕਰਜ਼ਾ ਮੁਦਰਾ ਅਧੀਨ ਲੈਣ ਤੋਂ ਬਾਅਦ ਵਧੇਰੇ ਮੁਨਾਫ਼ਾ ਕਮਾਣਾ ਹੀ ਸ਼ੁਰੂ ਨਹੀਂ ਕੀਤਾ ਸਗੋਂ 2 ਹੋਰ ਵਿਅਕਤੀਆਂ ਨੂੰ ਆਪਣੇ ਸਹਾਇਕ ਰੱਖ ਕੇ ਉਨ੍ਹਾਂ ਦੇ ਰੋਜ਼ਗਾਰ ਦਾ ਪ੍ਰਬੰਧ ਕੀਤਾ।
ਪਠਾਨਕੋਟ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੈਂਕਾਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਕੋਈ ਵੀ ਵਿਅਕਤੀ ਜੋ ਕਿ ਮੁਦਰਾ, ਸਟੈਂਡ ਅੱਪ ਇੰਡੀਆ ਅਤੇ ਕੇਂਦਰ ਸਰਕਾਰ ਦੀਆਂ ਹੋਰ ਅਜਿਹੀਆਂ ਸਕੀਮਾਂ ਅਧੀਨ  ਕਰਜ਼ਾ ਲੈਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ, ਨੂੰ ਇਸ ਸਹੂਲਤ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਵਪਾਰ ਸ਼ੁਰੂ ਕਰਕੇ ਇੱਕ ਵਿਅਕਤੀ ਸਿਰਫ਼ ਆਪਣੇ ਪਰਿਵਾਰ ਨੂੰ ਹੀ ਵਾਜਬ ਚੰਗੀ ਜ਼ਿੰਦਗੀ ਮੁਹੱਈਆ ਨਹੀਂ ਕਰਵਾ ਸਕਦਾ ਸਗੋਂ ਸਮਾਜ ਅਤੇ ਦੇਸ਼ ਦੀ ਆਰਥਿਕਤਾ ਵਿਚ ਵਧੀਆ ਢੰਗ ਨਾਲ ਯੋਗਦਾਨ ਪਾ ਸਕਦਾ ਹੈ।