ਜਲੰਧ/ਗੁਰਦਾਸਪੁਰ— ਕੇਂਦਰੀ ਚੋਣ ਕਮਿਸ਼ਨ ਨੇ ਭਾਵੇਂ ਅਜੇ ਤੱਕ ਗੁਰਦਾਸਪੁਰ ਲੋਕਸਭਾ ਸੀਟ ਲਈ ਹੋਣ ਵਾਲੀ ਉੱਪ ਚੋਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ ਪਰ ਉੱਪ ਚੋਣ ਨੂੰ ਲੈ ਕੇ ਪੰਜਾਬ ਦੇ ਸਿਆਸੀ ਹਲਕਿਆਂ ‘ਚ ਹਲਚਲ ਸ਼ੁਰੂ ਹੋ ਗਈ ਹੈ। ਚੋਣ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਕੇਂਦਰੀ ਚੋਣ ਕਮਿਸ਼ਨ ਵੱਲੋਂ ਗੁਰਦਾਸਪੁਰ ਸੀਟ ਦੀ ਉੱਪ ਚੋਣ ਅਕਤਬੂਰ ਦੇ ਅਖੀਰ ਤੱਕ ਕਰਵਾਈ ਜਾ ਸਕਦੀ ਹੈ। ਆਮ ਤੌਰ ‘ਤੇ ਚੋਣ ਕਮਿਸ਼ਨ ਵੱਲੋਂ ਸੀਟ ਦੀ ਚੋਣ ਜਾਂ ਉੱਪ ਚੋਣ ਇਕੱਲੇ ਨਹੀਂ ਕਰਵਾਈ ਜਾਂਦੀ ਹੈ ਸਗੋਂ ਉਸ ਨੂੰ ਕੁਝ ਹੋਰ ਸੂਬਿਆਂ ‘ਚ ਹੋਣ ਵਾਲੀਆਂ ਉੱਪ ਚੋਣਾਂ ਅਤੇ ਸੂਬਾ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਲਿਆ ਜਾਂਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਗੁਰਦਾਸਪੁਰ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਅਤੇ ਬਾਲੀਵੁੱਡ ਦੇ ਅਭਿਨੇਤਾ ਰਹਿ ਚੁੱਕੇ ਵਿਨੋਦ ਖੰਨਾ ਦਾ ਦੇਹਾਂਤ 27 ਅਪ੍ਰੈਲ 2017 ਨੂੰ ਮੁੰਬਈ ‘ਚ ਹੋਇਆ ਸੀ, ਜਿਸ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਦੇ ਲਈ ਕਾਨੂੰਨੀ ਦ੍ਰਿਸ਼ਟੀ ਨਾਲ 6 ਮਹੀਨਿਆਂ ਦੇ ਅੰਦਰ ਉੱਪ ਚੋਣ ਕਰਵਾਉਣੀ ਜ਼ਰੂਰੀ ਹੈ। ਇਸ ਲਿਜਾਜ਼ ਨਾਲ ਉੱਪ ਚੋਣ ਅਕਤੂਬਰ ਤੱਕ ਕਰਵਾਈ ਜਾਣੀ ਚਾਹੀਦੀ ਹੈ ਪਰ ਕਾਨੂੰਨੀ ਨਿਯਮਾਂ ਮੁਤਾਬਕ ਚੋਣ ਕਮਿਸ਼ਨ ਵੱਲੋਂ ਜਦੋਂ ਗੁਰਦਾਸਪੁਰ ਸੀਟ ਨੂੰ ਰਿਸਤੀ ਤੌਰ ‘ਤੇ ਖਾਲੀ ਐਲਾਨ ਕੀਤਾ ਜਾਂਦਾ ਹੈ, ਉਦੋਂ ਤੋਂ ਲੈ ਕੇ 6 ਮਹੀਨਿਆਂ ਦਾ ਸਮਾਂ ਗਿਣਿਆ ਜਾਂਦਾ ਹੈ। ਮਈ ‘ਚ ਸ਼ੁਰੂ ‘ਚ ਚੋਣ ਕਮਿਸ਼ਨ ਨੇ ਗੁਰਦਾਸਪੁਰ ਸੀਟ ਨੂੰ ਖਾਲੀ ਐਲਾਨ ਕਰ ਦਿੱਤਾ ਸੀ।
ਗੁਰਦਾਸਪੁਰ ਲੋਕ ਸਭਾ ਸੀਟ ‘ਤੇ ਭਾਜਪਾ ਅਤੇ ਸੱਤਾਧਾਰੀ ਕਾਂਗਰਸ ਦੇ ਵਿਚ ਹੀ ਮੁੱਖ ਮੁਕਾਬਲਾ ਹੋਣਾ ਹੈ। ਦੋਵੇਂ ਹੀ ਪਾਰਟੀਆਂ ਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਪਰਦੇ ਦੇ ਪਿੱਛੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸਰਗਰਮੀਆਂ ਜ਼ਰੂਰ ਚੱਲ ਰਹੀਆਂ ਹਨ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਲੋਕਸਭਾ ਸੀਟ ‘ਚ ਪੈਂਦੇ ਵੱਖ-ਵੱਖ ਵਿਧਾਨ ਸਭਾ ਹਲਕੇ ਅਤੇ ਸਰਹੱਦੀ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਦੇ ਨਾਲ ਮਜ਼ਬੂਤ ਉਮਦੀਵਾਰ ਦੀ ਚੋਣ ਨੂੰ ਲੈ ਕੇ ਰਸਮੀ ਚਰਚਾ ਸ਼ੁਰੂ ਕਰ ਦਿੱਤੀ ਹੈ। ਕੈਪਟਨ ਵੱਲੋਂ ਇਨ੍ਹਾਂ ਵਿਧਾਇਕਾਂ ਨਾਲ ਚਰਚਾ ਕਰਕੇ ਉਮੀਦਵਾਰ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਰਾਸ਼ਟਰੀ ਉੱਪ ਪ੍ਰਧਾਨ ਰਾਹੁਲ ਗਾਂਧੀ ਨਾਲ ਮਿਲੇ ਸਨ, ਤਾਂ ਰਾਹੁਲ ਨੇ ਉਨ੍ਹਾਂ ਨੂੰ ਗੁਰਦਾਸਪੁਰ ਸੀਟ ਤੋਂ ਜਿੱਤਣ ਲਈ ਕਿਹਾ ਸੀ। ਕੈਪਟਨ ਨੇ ਰਾਹੁਲ ਨੂੰ ਭਰੋਸਾ ਦਿੱਤਾ ਸੀ ਕਿ ਗੁਰਦਾਸਪੁਰ ‘ਚ ਕਾਂਗਰਸ ਆਪਣਾ ਮਜ਼ਬੂਤ ਉਮੀਦਵਾਰ ਉਤਾਰਦੇ ਹੋਏ ਉੱਪ ਚੋਣ ਨੂੰ ਜਿੱਤੇਗੀ।
ਚੋਣ ਅਧਿਕਾਰੀਆਂ ਨੇ ਦੂਜੇ ਪਾਸੇ ਦੱਸਿਆ ਹੈ ਕਿ ਵਿਨੋਦ ਖੰਨਾ ਦੇ ਦੇਹਾਂਤ ਨੂੰ ਹੋਏ ਦੋ ਮਹੀਨੇ ਤੋਂ ਵੱਧ ਦਾ ਸਮਾਂ ਨਿਕਲ ਚੁੱਕਾ ਹੈ। ਹੁਣ ਤੀਜਾ ਮਹੀਨਾ ਚੱਲ ਰਿਹਾ ਹੈ। ਸ਼ਾਇਦ ਅਗਲੇ ਕੁਝ ਦਿਨਾਂ ‘ਚ ਉੱਪ ਚੋਣ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਜਾਵੇ। ਇਕ ਚਰਚਾ ਇਹ ਵੀ ਸੁਣਨ ‘ਚ ਆਈ ਹੈ ਕਿ ਕੇਂਦਰੀ ਚੋਣ ਕਮਿਸ਼ਨ ਸ਼ਾਇਦ ਗੁਰਦਾਸਪੁਰ ਸੀਟ ਦੀ ਉੱਪ ਚੋਣ ਅਕਤਬੂਰ-ਨਵੰਬਰ ‘ਚ ਹੋਣ ਵਾਲੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਦੇ ਆਮ ਚੋਣਾਂ ਦੇ ਨਾਲ ਕਰਵਾ ਸਕਦੀ ਹੈ। ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਦੀ ਚੋਣ ਅਕਤਬੂਰ-ਨਵੰਬਰ ਤੱਕ ਕਰਵਾਈਆਂ ਜਾ ਸਕਦੀਆਂ ਹਨ। ਅਤੀਤ ‘ਚ ਵੀ ਕਈ ਸੂਬਾ ਵਿਧਾਨ ਸਭਾ ਚੋਣਾਂ ਦੇ ਨਾਲ ਖਾਲੀ ਪਈਆਂ ਲੋਕ ਸਭਾ ਸੀਟਾਂ ਦੀਆਂ ਉੱਪ ਚੋਣਾਂ ਹੁੰਦੀਆਂ ਆਈਆਂ ਹਨ। ਅਗਲੇ ਕੁਝ ਦਿਨਾਂ ਤੱਕ ਇਸ ਸੰਬੰਧ ‘ਚ ਸਥਿਤੀ ਹੋਰ ਸਾਫ ਹੋਣ ਦੀ ਉਮੀਦ ਹੈ।