ਅੰਮ੍ਰਿਤਸਰ— ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਕਈ ਚੀਜ਼ਾਂ ਦੀ ਖਰੀਦ ਵਿਚ ਇਸ ਦਾ ਸਾਫ ਅਸਰ ਦਿਖਾਈ ਦੇ ਰਿਹਾ ਹੈ। ਇਸ ਦੇ ਸਿੱਟੇ ਵਜੋਂ ਦਰਬਾਰ ਸਾਹਿਬ ਵਿਚ ਲੰਗਰ ਦੀ ਸਮੱਗਰੀ ਦੀ ਖਰੀਦ ਦਾ ਕੰਮ ਵੀ ਰੁਕ ਗਿਆ ਹੈ। ਬੀਤੇ 14 ਦਿਨਾਂ ਤੋਂ ਸਬਜ਼ੀਆਂ ਤੋਂ ਇਲਾਵਾ ਕੋਈ ਹੋਰ ਲੰਗਰ ਸਮੱਗਰੀ ਨਹੀਂ ਖਰੀਦੀ ਗਈ ਹੈ। ਹਾਲਾਂਕਿ ਪਹਿਲਾਂ ਦੇ ਰੱਖੇ ਸਮੱਗਰੀ ਸਟਾਕ ਕਾਰਨ ‘ਗੁਰੂ ਕੇ ਲੰਗਰ’ ਅਜੇ ਵੀ ਅਤੁੱਟ ਚੱਲ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਮੀਦ ਹੈ ਕਿ ਸਰਕਾਰ ਲੰਗਰ ਨੂੰ ਜੀ. ਐੱਸ. ਟੀ. ਮੁਕਤ ਕਰ ਦੇਵੇਗੀ।
ਇਸ ਸੰਬੰਧ ਵਿਚ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਲੰਗਰ ਸਮੱਗਰੀ ਨੂੰ ਜੀ. ਐੱਸ. ਟੀ. ਤੋਂ ਮੁਕਤ ਕੀਤਾ ਜਾਵੇ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਵੀ ਚਿੱਠੀ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮੰਗ ਕੀਤੀ ਹੈ ਕਿ ਉਹ ਸਟੇਟ ਜੀ. ਐੱਸ. ਟੀ. ਨੂੰ ਗੁਰੂ ਘਰਾਂ ਦੇ ਲੰਗਰ ‘ਤੇ ਲਾਗੂ ਨਾ ਕਰੇ। ਪ੍ਰਧਾਨ ਬਡੂੰਗਰ ਦੇ ਮੁਤਾਬਕ ਲੰਗਰ ਸਮੱਗਰੀ ‘ਤੇ ਜੀ. ਐੱਸ. ਟੀ. ਲੱਗਣ ਤੋਂ ਬਾਅਦ ਕਮੇਟੀ ‘ਤੇ ਕਰੀਬ 10 ਕਰੋੜ ਰੁਪਏ ਦਾ ਵਧੇਰੇ ਬੋਝ ਪਵੇਗਾ।
ਦਰਬਾਰ ਸਾਹਿਬ ‘ਚ ਰੋਜ਼ਾਨਾ ਆਉਂਦੇ ਨੇ ਇਕ ਲੱਖ ਲੋਕ—
ਦਰਬਾਰ ਸਾਹਿਬ ਵਿਚ ਰੋਜ਼ਾਨਾ ਇਕ ਲੱਖ ਲੋਕ ਆਉਂਦੇ ਹਨ। ਤਕਰੀਬਨ ਇੱਥੇ ਆਉਣ ਵਾਲੇ ਸਾਰੇ ਲੋਕ ਲੰਗਰ ਛੱਕ ਕੇ ਜਾਂਦੇ ਹਨ। ਰੋਜ਼ਾਨਾ ਲੰਗਰ ਵਿਚ 110 ਕੁਇੰਟਲ ਆਟਾ, 35 ਕੁਇੰਟਲ ਦਾਲ, 40 ਟੀਨ ਘਿਓ (15 ਕਿਲੋ ਦਾ ਇਕ ਟੀਨ), 30 ਕੁਇੰਟਲ ਖੰਡ, 60 ਕੁਇੰਟਲ ਚਾਹ ਪੱਤੀ ਅਤੇ 30 ਕੁਇੰਟਲ ਸਬਜ਼ੀ ਲੱਗਦੀ ਹੈ। ਇਸੇ ਤਰ੍ਹਾਂ ਹੋਰ ਹੋਰ ਵੀ ਕਈ ਵਸਤਾਂ ਹਨ, ਜੋ ਜੀ. ਐੱਸ. ਟੀ. ਦੇ ਦਾਇਰੇ ਵਿਚ ਹਨ। ਸਬਜ਼ੀਆਂ, ਦੁੱਧ, ਆਟੇ ਨੂੰ ਛੱਡ ਕੇ ਸਾਰੀਆਂ ਵਸਤਾਂ ‘ਤੇ ਜੀ. ਐੱਸ. ਟੀ. ਲੱਗਾ ਹੈ। ਕਮੇਟੀ ਨੇ ਸਮੱਗਰੀ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਪਰ ਜੀ. ਐੱਸ. ਟੀ. ਨੰਬਰ ਨਾ ਹੋਣ ਕਰਕੇ ਸਾਮਾਨ ਨਹੀਂ ਮਿਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਹੋਰ ਲੋਕਾਂ ਨੂੰ ਸੇਵਾ ਦਿੰਦੇ ਹਨ ਅਤੇ ਸੇਵਾ ਦੇ ਇਸ ਕੰਮ ਵਿਚ ਕੇਂਦਰ ਅਤੇ ਸੂਬਾ ਸਰਕਾਰ ਦੋਹਾਂ ਨੂੰ ਅੱਗੇ ਆਉਂਦੇ ਹੋਏ ਗੁਰੂ ਘਰ ਦੇ ਲੰਗਰ ਨੂੰ ਜੀ. ਐੱਸ. ਟੀ. ਤੋਂ ਮੁਕਤ ਕਰਨਾ ਚਾਹੀਦਾ ਹੈ।