ਜਲੰਧਰ   – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦੇਸ਼ ‘ਚ ਕਾਂਗਰਸ ਨੂੰ ਮਜ਼ਬੂਤੀ ਦੇਣ ਲਈ ਹੁਣ ਪਾਰਟੀ ਦੀ ਕੇਂਦਰੀ ਅਗਵਾਈ ਨੂੰ ਖੇਤਰੀ ਨੇਤਾਵਾਂ ਨੂੰ ਹੋਰ ਸ਼ਕਤੀਆਂ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਖੇਤਰੀ ਨੇਤਾਵਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਖੇਤਰ ਦੇ ਲੋਕਾਂ ਦੀਆਂ ਜ਼ਰੂਰਤਾਂ ਕੀ ਹਨ ਅਤੇ ਉਸ ਹਿਸਾਬ ਨਾਲ ਉਹ ਪਾਰਟੀ ਦੀ ਮਜ਼ਬੂਤੀ ਲਈ ਰਣਨੀਤੀ ਬਣਾ ਸਕਦੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਕਾਂਗਰਸ ਹੁਣ ਦੇਸ਼ ‘ਚ ਦੁਬਾਰਾ ਜੀਵੰਤ ਹੋਵੇਗੀ ਅਤੇ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਪਾਰਟੀ ‘ਚ ਮਜ਼ਬੂਤੀ ਦੇਖਣ ਨੂੰ ਮਿਲੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਲੈ ਕੇ ਸਟੈਂਡ ਬਿਲਕੁਲ ਸਾਫ ਹੈ। ਇਸ ਗੱਲ ਦੇ ਸਪੱਸ਼ਟ ਨਤੀਜੇ ਹਨ ਕਿ ਸੱਜਣ ਨੇ ਕੈਨੇਡਾ ‘ਚ ਕੁਝ ਖਾਲਿਸਤਾਨੀ ਤੱਤਾਂ ਨੂੰ ਉਤਸ਼ਾਹਿਤ ਕੀਤਾ, ਜੋ ਪੰਜਾਬ ਦੀ ਅਮਨ-ਸ਼ਾਂਤੀ ਤੇ ਸਥਿਰਤਾ ਲਈ ਖਤਰਾ ਹਨ ਅਤੇ ਉਹ ਅਜਿਹੇ ਲੋਕਾਂ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਵਿਦੇਸ਼ੀ ਤਾਕਤਾਂ ਹੁਣ ਵੀ ਪੰਜਾਬ ‘ਚ ਖਾਲਿਸਤਾਨੀ ਲਹਿਰ ਨੂੰ ਦੁਬਾਰਾ ਜੀਵੰਤ ਕਰਨਾ ਚਾਹੁੰਦੀਆਂ ਹਨ ਪਰ ਉਨ੍ਹਾਂ ਦੀ ਸਰਕਾਰ ਅਜਿਹੀਆਂ ਤਾਕਤਾਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ‘ਤੇ ਇਹ ਨਿਰਭਰ ਕਰਦਾ ਹੈ ਕਿ ਉਹ ਕੈਨੇਡਾ ‘ਚ ਮੌਜੂਦ ਖਾਲਿਸਤਾਨੀ ਤੱਤਾਂ ਤੇ ਉਨ੍ਹਾਂ ਨਾਲ ਸੰਬੰਧ ਰੱਖਣ ਵਾਲੇ ਨੇਤਾਵਾਂ ਖਿਲਾਫ ਕੀ ਐਕਸ਼ਨ ਲੈਂਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਲਦੀ ਹੀ ਭਾਰਤ ਦੌਰੇ ‘ਤੇ ਆ ਰਹੇ ਹਨ ਅਤੇ ਭਾਰਤ ਸਰਕਾਰ ਨੂੰ ਕੈਨੇਡਾ ‘ਚ ਚੱਲ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਦਾ ਮਾਮਲਾ ਉਨ੍ਹਾਂ ਦੇ ਸਾਹਮਣੇ ਉਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਪੰਜਾਬ ਦੀ ਖਰਾਬ ਵਿੱਤੀ ਸਥਿਤੀ ਲਈ ਸਾਬਕਾ ਅਕਾਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਪਿਛਲੇ 10 ਸਾਲਾਂ ‘ਚ ਪੰਜਾਬ ‘ਚ ਮਾਫੀਆ ਰਾਜ ਰਿਹਾ ਪਰ ਕਾਂਗਰਸ ਸਰਕਾਰ ਹੁਣ ਹੌਲੀ-ਹੌਲੀ ਸਾਰੇ ਕਾਰੋਬਾਰਾਂ ਨੂੰ ਮਾਫੀਆ ਰਾਜ ਤੋਂ ਮੁਕਤ ਕਰਵਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਆਪਣੀਆਂ ਜੇਬਾਂ ਭਰਨ ਲਈ ਰਾਜ ਦੇ ਸਾਧਨਾਂ ਨੂੰ ਖੂਬ ਲੁੱਟਿਆ।
ਪੰਜਾਬ ਦੀ ਵਿੱਤੀ ਹਾਲਤ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ‘ਤੇ ਇਸ ਸਮੇਂ ਅੰਦਾਜ਼ਨ 208000 ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ, ਜਦੋਂਕਿ ਵਿੱਤੀ ਘਾਟਾ 32000 ਕਰੋੜ ਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸਰਕਾਰ ਦੇ ਕਾਰਜਕਾਲ ‘ਚ 7000 ਕਿਸਾਨਾਂ ਨੇ ਆਤਮ-ਹੱਤਿਆਵਾਂ ਕੀਤੀਆਂ ਸਨ ਪਰ ਪਿਛਲੇ 4 ਮਹੀਨਿਆਂ ‘ਚ ਸਿਰਫ 70 ਕਿਸਾਨਾਂ ਨੇ ਆਤਮ-ਹੱਤਿਆਵਾਂ ਕੀਤੀਆਂ ਹਨ। ਹੁਣ ਅਸੀਂ ਆਤਮ-ਹੱਤਿਆਵਾਂ ਦੇ ਇਸ ਸਿਲਸਿਲੇ ਨੂੰ ਅੱਗੇ ਨਹੀਂ ਜਾਣ ਦੇਵਾਂਗੇ। ਹੁਣ ਤਕ ਤਾਂ 5 ਏਕੜ ਭੂਮੀ ਦੇ ਮਾਲਕ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ਪਰ ਹੌਲੀ-ਹੌਲੀ ਸਕੀਮ ਨੂੰ ਅੱਗੇ ਵਧਾਇਆ ਜਾਵੇਗਾ। ਇੰਡਸਟਰੀ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ‘ਚ ਅਗਲੇ 5 ਸਾਲਾਂ ਤਕ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਵਾਂਗੇ, ਜਿਸ ਨਾਲ ਰਾਜ ‘ਚ ਉਦਯੋਗਿਕ ਵਿਕਾਸ ਨੂੰ ਬਲ ਮਿਲੇਗਾ। ਜਲਦੀ ਹੀ ਸਰਕਾਰ ਆਪਣੀ ਨਵੀਂ ਉਦਯੋਗਿਕ ਨੀਤੀ ਦਾ ਐਲਾਨ ਕਰ ਦੇਵੇਗੀ, ਜਿਸ ਤਹਿਤ ਪੰਜਾਬ ‘ਚ ਪੂੰਜੀ ਨਿਵੇਸ਼ ਨੂੰ ਉਤਸ਼ਾਹ ਮਿਲੇਗਾ।
ਮੁੱਖ ਮੰਤਰੀ ਨੇ ਪਾਦਰੀ ਦੀ ਹੱਤਿਆ ਤੋਂ ਬਾਅਦ ਪੁਲਸ ਨੂੰ ਇੰਟੈਲੀਜੈਂਸ ਏਜੰਸੀਆਂ ਨਾਲ ਤਾਲਮੇਲ ਵਧਾਉਣ ਦੇ ਦਿੱਤੇ ਨਿਰਦੇਸ਼
ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ‘ਚ ਈਸਾਈ ਪਾਦਰੀ ਦੀ ਹੱਤਿਆ ਤੋਂ ਬਾਅਦ ਡੀ. ਜੀ. ਪੀ. ਨੂੰ ਹੁਕਮ ਦਿੱਤੇ ਹਨ ਕਿ ਉਹ ਰਾਜ ‘ਚ ਫਿਰਕੂ ਭਾਵਨਾ ਨਾਲ ਖਿਲਵਾੜ ਕਰਨ ਵਾਲੇ ਤੱਤਾਂ ਖਿਲਾਫ ਸਖਤ ਕਾਰਵਾਈ ਕਰੇ ਅਤੇ ਅਜਿਹੀਆਂ ਸ਼ਕਤੀਆਂ ਦੀ ਸਰਗਰਮੀ ਨੂੰ ਦੇਖਦੇ ਹੋਏ ਪੁਲਸ ਫੋਰਸ ਸਦਾ ਹਾਈ ਐਲਰਟ ‘ਤੇ ਰਹੇ। ਉਨ੍ਹਾਂ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਕਿਹਾ ਕਿ ਪੁਲਸ ਦੇ ਵੱਖ-ਵੱਖ ਵਿਭਾਗਾਂ ਤੇ ਇੰਟੈਲੀਜੈਂਸ ਵਿਚਕਾਰ ਤਾਲਮੇਲ ਵਧਾਇਆ ਜਾਵੇ। ਉਨ੍ਹਾਂ ਨੇ ਡੀ. ਜੀ. ਪੀ. ਨੂੰ ਕਿਹਾ ਕਿ ਰਾਜ ‘ਚ ਲਾਅ ਐਂਡ ਆਰਡਰ ਬਣਾ ਕੇ ਰੱਖਣ ਲਈ ਸਾਰੇ ਜ਼ਰੂਰੀ ਸੁਰੱਖਿਆ ਕਦਮ ਚੁੱਕੇ ਜਾਣ। ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਦੀ ਕਿਸੇ ਵੀ ਕੀਮਤ ‘ਤੇ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।