ਚੰਡੀਗਡ਼-ਟਰੱਕ ਯੂਨੀਅਨਾਂ ਨੂੰ ਖਤਮ ਕਰਨ ਵਾਲਾ ਕੈਪਟਨ ਸਰਕਾਰ ਦਾ ਇੱਕ ਵਧੀਆ ਫੈਸਲਾ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਭੁਪਿੰਦਰ ਸਿੰਘ ਮਾਨ ਸਾਬਕਾ ਐਮ ਪੀ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ, ਬਲਦੇਵ ਸਿੰਘ ਮੀਆਂਪੁਰ ਪ੍ਰਧਾਨ ਪੰਜਾਬ ਅਤੇ ਗੁਰਬਚਨ ਸਿੰਘ ਬਾਜਵਾ ਜਨ. ਸਕੱਤਰ ਪੰਜਾਬ ਨੇ ਸਾਂਝੇ ਤੌਰ ਤੇ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਕੀਤਾ | ਆਪਣੇ ਇਸ ਬਿਆਨ ਵਿੱਚ ਇਹਨਾਂ ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਖਾਸ ਕਰਕੇ ਫਾਇਦਾ ਹੋਇਆ ਹੈ ਕਿਓਂਕਿ ਜੋ ਕਿਸਾਨ ਕਣਕ, ਝੋਨੇ ਤੋਂ ਇਲਾਵਾ ਆਪਣੀ ਪੈਦਾਵਾਰ ਜਿਵੇਂ ਕਿ ਪਾਪੂਲਰ, ਆਲੂ, ਫਲ, ਸਬਜ਼ੀਆਂ ਆਦਿ ਦੂਸਰੇ ਸੂਬਿਆਂ ਵਿੱਚ ਲਿਜਾਂਦੇ ਸਨ ਤਾਂ ਟਰੱਕ ਯੂਨੀਅਨਾਂ ਵਾਲੇ ਮੂੰਹ ਮੰਗੇ ਪੈਸੇ ਲੈਂਦੇ ਸਨ ਅਤੇ ਕਿਸੇ ਹੋਰ ਨੂੰ ਵੀ ਚੁੱਕਣ ਨਹੀਂ ਦਿੰਦੇ ਸਨ ਅਤੇ ਸ਼ਰੇਆਮ ਧੱਕਾ ਕਰਦੇ ਸਨ || ਸਰਕਾਰ ਦੇ ਇਸ ਫੈਸਲੇ ਨਾਲ ਹੁਣ ਕਿਸਾਨਾਂ ਨੂੰ ਆਪਣੀ ਫਸਲ ਦੂਸਰਿਆਂ ਮੰਡੀਆਂ ਵਿੱਚ ਲਿਜਾਣੀ ਸੌਖੀ ਹੋਵੇਗੀ ਕਿਓਂਕਿ ਇਸ ਨਾਲ ਕਿਸਾਨਾਂ ਦੀ ਲੁੱਟ ਬੰਦ ਹੋਵੇਗੀ |
ਇਸ ਤੋਂ ਇਲਾਵਾ ਇਸ ਦਾ ਫਾਇਦਾ ਸਿਰਫ ਕਿਸਾਨਾਂ ਨੂੰ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਹੋਵੇਗਾ ਜਿੰਨਾਂ ਵਿੱਚ ਵਪਾਰੀ ਅਤੇ ਹੋਰ ਸਮਾਂ ਦੀ ਢੋਆ ਢੁਆਈ ਕਰਾਉਣ ਵਾਲੇ ਲੋਕ ਸ਼ਾਮਲ ਹਨ | ਇਸ ਫੈਸਲੇ ਨਾਲ ਏਕਾਧਿਕਾਰ ਟੁੱਟੇਗਾ ਅਤੇ ਹਰ ਕੋਈ ਟਰੱਕ ਵਾਲਾ ਵੀ ਆਪਣੀ ਮਰਜ਼ੀ ਮੁਤਾਬਿਕ ਕਿਸੇ ਵੀ ਥਾਂ ਤੋਂ ਮਾਲ ਚੁੱਕ ਅਤੇ ਲਿਜਾ ਸਕੇਗਾ |
ਸ. ਮਾਨ ਨੇ ਕਿਹਾ ਕਿ ਜਿਸ ਤਰਾਂ ਕਈ ਲੋਕ ਇਹ ਕਹਿ ਰਹੇ ਹਨ ਕਿ ਸਰਕਾਰ ਦੇ ਇਸ ਫੈਸਲੇ ਨਾਲ ਟਰੱਕਾਂ ਵਾਲਿਆਂ ਦਾ ਧੰਦਾ ਖੁੱਸ ਜਾਵੇਗਾ, ਇਹ ਬਿਲਕੁਲ ਗਲਤ ਹੈ ਇਸ ਫੈਸਲੇ ਨਾਲ ਕੋਈ ਰੋਜ਼ਗਾਰ ਨਹੀਂ ਖੁਸੇਗਾ ਸਗੋਂ ਮੁਕਾਬਲੇਬਾਜ਼ੀ ਵਧੇਗੀ ਜਿਸ ਤੋਂ ਕੁਝ ਲੋਕ ਭੱਜ ਰਹੇ ਹਨ | ਕਿਓਂਕਿ ਬਹੁਤ ਸਾਰੇ ਦੇਸ਼ਾਂ ਵਿੱਚ ਕੋਈ ਯੂਨੀਅਨ ਨਹੀਂ ਹੈ ਉਥੇ ਕੋਈ ਇੱਕ ਟਰੱਕ ਨਾਲ ਵਾਲਾ ਵੀ ਆਪਣੀ ਰੋਟੀ ਕਮਾ ਰਿਹਾ ਹੈ |
ਇਸ ਲਈ ਭਾਰਤੀ ਕਿਸਾਨ ਯੂਨੀਅਨ ਸਮੁਚੇ ਤੌਰ ਤੇ ਕੈਪਟਨ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਦੇ ਲੋਕ ਹਿੱਤ ਵਿੱਚ ਲਏ ਜਾਣ ਵਾਲੇ ਫੈਸਲਿਆਂ ਵਿੱਚ ਸਰਕਾਰ ਦੇ ਨਾਲ ਹੈ |