ਚੰਡੀਗਡ਼  : ਪੰਜਾਬ ਸਰਕਾਰ 58 ਸਾਲ ਦੀ ਸੇਵਾ ਮੁਕਤੀ ਦੀ ਉਮਰ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਨੂੰ ਦੋ ਸਾਲ ਦਾ ਵਾਧਾ ਦੇਣ ਬਾਰੇ ਵਿਵਸਥਾ ਦਾ ਜਾਇਜ਼ਾ ਲੈ ਰਹੀ ਹੈ।
ਇਹ ਪ੍ਰਗਟਾਵਾ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਰਾਸ਼ਟਰਪਤੀ ਚੋਣ ਲਈ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਕਰਨ ਵਾਸਤੇ ਸੇਵਾ ਮੁਕਤੀ ਦੀ ਉਮਰ 58 ਸਾਲ ਨਿਰਧਾਰਤ ਕਰਨ ਲਈ ਨੀਤੀ ਵਿਚ ਤਬਦੀਲੀ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ ਪਰ ਉਨਾਂ ਕਿਹਾ ਕਿ ਇਹ ਮੁੱਦਾ ਅਜੇ ਵੀ ਵਿਚਾਰ-ਵਟਾਂਦਰੇ ਹੇਠ ਹੈ। ਉਨਾਂ ਕਿਹਾ ਕਿ ਇਸ ਮਾਮਲੇ ਬਾਰੇ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਮੌਜੂਦਾ ਨੀਤੀ ਦੇ ਸਬੰਧ ਵਿਚ ਕਿਸੇ ਵੀ ਤਰਾਂ ਦੀ ਤਬਦੀਲੀ ਲਿਆਉਣ ਨਾਲ ਪੈਦਾ ਹੋਣ ਵਾਲੀਆਂ ਸਥਿਤੀਆਂ ਦਾ ਵਿਸਤ੍ਰਤ ਵਿਸਲੇਸ਼ਣ ਕਰਨ ਤੋਂ ਬਾਅਦ ਹੀ ਇਸ ਸਬੰਧ ਵਿਚ ਨੀਤੀ ਫੈਸਲਾ ਲਿਆ ਜਾਵੇਗਾ।
ਸਤਲੁਜ-ਯਮੁਨਾ ਿਕ ਨਹਿਰ (ਐਸ.ਵਾਈ.ਐਲ) ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਇਸ ਮੁੱਦੇ ਬਾਰੇ ਜਲਦੀ ਅਤੇ ਦੁਵੱਲਾ ਹੱਲ ਲੱਭਣ ਲਈ ਕੇਂਦਰ ਨਾਲ ਸਾਰਥਕ ਗੱਲਬਾਤ ’ਚ ਰੁੱਝੀ ਹੋਈ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਭਾਰਤ ਸਰਕਾਰ ਦੇ ਜਲ ਸਰੋਤ ਮੰਤਰਾਲੇ ਨੂੰ ਇਸ ਬਾਰੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਨਦੀਆਂ ਦੇ ਪਾਣੀ ਦੀ ਮੌਜੂਦਾ ਮਿਕਦਾਰ ਦਾ ਪਤਾ ਲਾਉਣ ਲਈ ਬੇਨਤੀ ਕੀਤੀ ਹੈ। ਉਨਾਂ ਨੇ ਪ੍ਰਧਾਨ ਮੰਤਰੀ ਨਾਲ ਐਸ.ਵਾਈ.ਐਲ ਦੇ ਸਬੰਧ ਵਿਚ ਕਿਸੇ ਵੀ ਤਰਾਂ ਦੀ ਗੱਲਬਾਤ ਹੋਈ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਇਸ ਸਬੰਧ ਵਿਚ ਗੱਲਬਾਤ ਲਈ ਕੋਈ ਵੀ ਸੱਦਾ ਨਹੀਂ ਦਿੱਤਾ ਗਿਆ।
ਕੈਪਟਨ ਸਰਕਾਰ ਵੱਲੋਂ ਕਰਜ਼ੇ ਮੁਆਫ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਕਿਸਾਨਾਂ ਵੱਲੋਂ ਫਸਲੀ ਕਰਜ਼ੇ ਦਾ ਮੁਡ਼ ਭੁਗਤਾਨ ਕੀਤੇ ਜਾਣ ਵਿਚ ਹੋ ਰਹੀ ਦੇਰੀ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਬੈਂਕਾਂ ਨਾਲ ਕਰਜ਼ੇ ਦੇ ਨਿਪਟਾਰੇ ਦੀ ਪ੍ਰਕਿਰਿਆ ਚਲਾ ਰਹੀ ਹੈ। ਉਨਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਰਜ਼ਾ ਮੁਆਫੀ ਸਕੀਮ ਤਿਆਰ ਕੀਤੀ ਹੈ ਜੋ ਸਰਕਾਰ ਵੱਲੋਂ ਇੱਕ ਹਫਤੇ ਦੇ ਵਿਚ ਲਾਗੂ ਕਰ ਦਿੱਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡਾ. ਟੀ. ਹੱਕ ਦੀ ਅਗਵਾਈ ਵਾਲੀ ਮਾਹਿਰ ਕਮੇਟੀ ਦੀ ਕਰਜ਼ੇ ਮੁਆਫੀ ਬਾਰੇ ਅੰਤਿਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਸਰਕਾਰ ਇਸ ਸਮੱਸਿਆ ਦੇ ਮੱਦੇਨਜ਼ਰ ਸਮੁੱਚਾ ਫੈਸਲਾ ਲਵੇਗੀ ਅਤੇ ਕਰਜ਼ਾ ਮੁਆਫੀ ਨੂੰ ਸਹੀ ਮਾਇਨਿਆਂ ਵਿਚ ਲਾਗੂ ਕਰਨ ਵਾਸਤੇ ਢੰਗ ਤਰੀਕਿਆਂ ਦਾ ਪਤਾ ਲਗਾਵੇਗੀ।
ਕੋਈ ਵੀ ਨਵਾਂ ਟੈਕਸ ਲਾਏ ਜਾਣ ਦੀ ਸੰਭਾਵਨਾ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਸੂਬਾ ਸਰਕਾਰ ਬਜਟ ਘਾਟੇ ਦੇ ਪਾਡ਼ੇ ਨੂੰ ਘੱਟ ਕਰਨ ਲਈ ਵਾਧੂ ਵਿੱਤੀ ਸਰੋਤ ਜੁਟਾਏ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਵਿੱਤ ਮੰਤਰੀ ਇਸ ਦਿਸ਼ਾ ਵੱਲ ਕਾਰਜ ਕਰ ਰਹੇ ਹਨ।
ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਕਾਰਨ ਖਾਲੀ ਹੋਈ ਗੁਰਦਾਸਪੁਰ ਸੰਸਦੀ ਸੀਟ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖਡ਼ ਦੇ ਸੰਭਵੀ ਉਮੀਦਵਾਰ ਹੋਣ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਜਾਖਡ਼ ਦੇ ਨਾਮ ’ਤੇ ਅਜੇ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਹੋਇਆ ਹੈ।
ਮੁੱਖ ਮੰਤਰੀ ਦੇ ਨਾਲ ਉਨਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਹਾਜ਼ਰ ਸਨ।