ਚੰਡੀਗਡ਼  :ਪੰਜਾਬ ਸਰਕਾਰ ਨੇ ਅੱਜ ਪਟਿਆਲਾ ਦੀਆਂ ਖਸਤਾ ਹਾਲ ਸਡ਼ਕਾਂ ਦੀ ਮੁਰੰਮਤ ਕਰਨ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਲਈ ਹੋਰ ਕਈ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।
ਇਕ ਸਰਕਾਰੀ ਬੁਲਾਰੇ ਨੇ ਅੱਜ ਦੱਸਿਆ ਕਿ ਸਰਕਾਰ ਨੇ ਆਪਣੇ ਵਿਕਾਸ ਏਜੰਡੇ ਵਜੋਂ ਸ਼ਹਿਰ ਦੀਆਂ ਸਡ਼ਕਾਂ ਦੀ ਕਾਇਆ ਕਲਪ ਕਰਨ ਲਈ ਲਗਪਗ 30 ਕਰੋਡ਼ ਰੁਪਏ ਦੀ ਵਿਵਸਥਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਕ ਹੋਰ ਫੈਸਲੇ ਵਿਚ ਮੁੱਖ ਮੰਤਰੀ ਨੇ ਅਦਾਲਤ ਬਜ਼ਾਰ ਤੋਂ ਇਤਿਹਾਸਕ ਕਿਲਾ ਮੁਬਾਰਕ ਤੱਕ ਚੌਂਕ ਨੂੰ ਵਿਰਾਸਤੀ ਲਾਂਘੇ ਵਜੋਂ ਵਿਕਸਤ ਕਰਨ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ।
ਸੂਬਾ ਸਰਕਾਰ ਨੇ ਮੋਦੀ ਪਲਾਜ਼ਾ ਵਿਖੇ ਅਤੇ ਮੰਦਰ ਸ਼੍ਰੀ ਕਾਲੀ ਮਾਤਾ ਦੇ ਪਿਛਲੇ ਪਾਸੇ ਜ਼ਮੀਨਦੋਜ਼ ਕੂਡ਼ਾਦਾਨ ਸਥਾਪਤ ਕਰਨ ਲਈ ਸ਼ਹਿਰ ਵਿੱਚ ਦੋ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਹਨ ਅਤੇ ਅਗਲੇ ਪਡ਼ਾਅ ਵਿੱਚ 20 ਹੋਰ ਥਾਵਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਿਸ ’ਤੇ 2.6 ਕਰੋਡ਼ ਦੀ ਲਾਗਤ ਆਵੇਗੀ।
ਬੁਲਾਰੇ ਨੇ ਦੱਸਿਆ ਮੁੱਖ ਮੰਤਰੀ ਜੋ ਪਟਿਆਲਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਨੇ ਸ਼ਹਿਰੀ ਇਲਾਕੇ ਦੇ ਡਰੇਨੇਜ ਸਿਸਟਮ ਨੂੰ ਸੁਚਾਰੂ ਬਣਾਉਣ ਅਤੇ ਸੁਧਾਰ ਲਿਆਉਣ ਲਈ ਤਿੰਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜੋ ਪਟਿਆਲਾ ਛੋਟੀ ਨਦੀ, ਜੈਕੋਬਜ਼ ਡਰੇਨ ਅਤੇ ਮਾਡਲ ਟਾਊਨ ਡਰੇਨ ਵਿਖੇ ਸਥਿਤ ਹਨ।
ਬੁਲਾਰੇ ਨੇ ਦੱਸਿਆ ਕਿ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਦੀ ਰੋਕਥਾਮ ਲਈ ਰਾਸ਼ਟਰੀ ਿਸ਼ੀ ਵਿਗਿਆਨ ਯੋਜਨਾ ਅਤੇ ਕੈਂਪਾ ਅਧੀਨ ਬੀਡ਼ ਖੁੱਲੇ ਮਾਜਰਾ ਅਤੇ ਬੀਡ਼ ਮਜਾਲ ਵਿਖੇ ਤਾਰ ਲਾਉਣ ਦੀ ਯੋਜਨਾ ਬਣਾਈ ਗਈ ਹੈ। ਬੁਲਾਰੇ ਨੇ ਦੱਸਿਆ ਕਿ ਡੇਅਰੀਆਂ ਨੂੰ ਸ਼ਹਿਰ ਦੀ ਹੱਦ ’ਚੋਂ ਬਾਹਰ ਕੱਢਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ ਤਾਂ ਕਿ ਸੀਵਰੇਜ ਅਤੇ ਗੰਦੇ ਪਾਣੀ ਦੇ ਵਹਾਅ ਵਿੱਚ ਪੈਦਾ ਹੁੰਦੀ ਰੁਕਾਵਟ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ।
ਸਰਕਾਰ ਵੱਲੋਂ ਸ਼ਹਿਰ ਵਿੱਚ ਇਕ ਨਵੀਂ ਮੱਛੀ ਮੰਡੀ ਸਥਾਪਤ ਕਰਨ ਤੋਂ ਇਲਾਵਾ ਕੈਂਪਾਂ ਅਤੇ ਗਰੀਨ ਮਿਸ਼ਨ ਪੰਜਾਬ ਅਧੀਨ ਇਕ ਨੇਚਰ ਪਾਰਕ ਅਤੇ ਨਰਸਰੀ ਵਿਕਸਤ ਕਰਨ ਦੀ ਯੋਜਨਾ ਬਣਾਈ ਗਈ ਹੈ। ਸ਼ਹਿਰ ਦੇ ਪਾਰਕਾਂ ਦਾ ਵਿਕਾਸ ਕਰਨ ਲਈ ਵੱਖਰੇ ਤੌਰ ’ਤੇ ਇਕ ਕਰੋਡ਼ ਰੁਪਏ ਰੱਖੇ ਗਏ ਹਨ।
ਬਹੁ-ਮੰਜ਼ਲੀ ਪਾਰਕਿੰਗ ਦੀ ਸਥਾਪਨਾ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਸ਼ਹਿਰ ਦੀਆਂ ਸਟਰੀਟ ਲਾਇਟਾਂ ਨੂੰ ਬਿਜਲੀ ਦੀ ਬੱਚਤ ਵਾਲੀਆਂ ਐਲ.ਈ.ਡੀ. ਲਾਈਟਾਂ ਵਿੱਚ ਬਦਲਿਆ ਜਾਵੇਗਾ। ਇਲਾਕੇ ਵਿਚ 52 ਮਾਡਲ ਆਂਗਣਵਾਡ਼ੀ ਕੇਂਦਰ ਵਿਕਸਤ ਕਰਨ ਦਾ ਵੀ ਪ੍ਰਸਤਾਵ ਹੈ ਅਤੇ ਇਸ ਤੋਂ ਇਲਾਵਾ ਝੁੱਗੀ-ਝੌਂਪਡ਼ੀ ਵਾਲੇ ਬੱਚਿਆਂ ਲਈ ਇਕ ਸਕੂਲ ਚਲਾਉਣ ਵਾਸਤੇ ਅਵਸਰ ਪ੍ਰੋਜੈਕਟ ਦਾ ਆਰੰਭ ਕੀਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਸ਼ਹਿਰ ਹੋਣ ਕਰਕੇ ਪਿਛਲੀ ਸਰਕਾਰ ਦੌਰਾਨ ਪਟਿਆਲਾ ਨੂੰ ਪੂਰੀ ਤਰਾਂ ਅੱਖੋਂ-ਪਰੋਖੇ ਕੀਤਾ ਗਿਆ ਜਿਸ ਕਰਕੇ ਪਿਛਲੇ ਕਈ ਸਾਲਾਂ ਤੋਂ ਸਾਰੇ ਵਿਕਾਸ ਕਾਰਜ ਰੁਕੇ ਹੋਏ ਹਨ। ਸੂਬਾ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਚੁੱਕੇ ਕਦਮਾਂ ਨਾਲ ਇਸ ਖਿੱਤੇ ਨੂੰ ਮੁਡ਼ ਵਿਕਾਸ ਦੀ ਲੀਹ ’ਤੇ ਲਿਆਂਦਾ ਜਾ ਰਿਹਾ ਹੈ।