ਨਵੀਂ ਦਿੱਲੀ – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਸਰਕਾਰ ਦੇ ਉੱਚ ਵਿਗਿਆਨਕ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਇਨ੍ਹਾਂ ਅਧਿਕਾਰੀਆਂ ਵਿੱਚ ਡਾ. ਵੀ ਕੇ ਸਾਰਸਵਤ ਮੈਂਬਰ ਨੀਤੀ ਆਯੋਗ, ਡਾ. ਆਰ ਚਿੰਦਬਰਮ — ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਭਾਰਤ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਵਿਗਿਆਨਕ ਵਿਭਾਗਾਂ ਨਾਲ ਸਬੰਧਤ ਸਕੱਤਰ ਸ਼ਾਮਲ ਸਨ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਵਿਗਿਆਨਕ ਖੋਜ ਦੇ ਵੱਖ-ਵੱਖ ਖੇਤਰਾਂ ਵਿਚ ਹੋ ਰਹੀ ਪ੍ਰਗਤੀ ਤੋਂ ਜਾਣੂੰ ਕਰਵਾਇਆ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ  ਕਿਹਾ ਕਿ ਵਿਗਿਆਨ,ਟੈਕਨੋਲੋਜੀ ਅਤੇ ਖੋਜ ਭਾਰਤ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਕੁੰਜੀ ਹਨ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿਚ ਸਰਕਾਰ ਦੀ ਪਹਿਲ ਸਮੱਸਿਆਵਾਂ ਦੇ ਹੱਲ ਲਈ ਵਿਗਿਆਨ ਦੀ ਮਦਦ ਲੈਣਾ ਹੈ।
ਖੇਡਾਂ ਵਿੱਚ ਯੋਗਤਾ ਪਛਾਨਣ ਦੀ ਉਦਾਹਰਣ ਦੇਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਵਿੱਚ ਵਧੀਆ ਵਿਗਿਆਨਕ ਯੋਗਤਾ ਵਾਲੇ ਵਿਦਿਆਰਥੀਆਂ ਦੀ ਪਛਾਣ ਕਰਨ ਲਈ ਵਿਗਿਆਨਕ ਢੰਗ ਅਪਣਾਉਣ ਦੀ ਲੋਡ਼ ਹੈ।
ਉਨ੍ਹਾਂ ਕਿਹਾ ਕਿ ਮੁਢਲੇ ਪੱਧਰ ਉੱਤੇ ਬਹੁਤ ਸਾਰੀਆਂ ਨਵੀਆਂ ਖੋਜਾਂ ਹੋ ਰਹੀਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਪੁਰਾਣੀਆਂ ਰਵਾਇਤਾਂ ਨੂੰ ਤੋਡ਼ ਕੇ ਇੱਕ ਨਵਾਂ ਢੰਗ ਤਰੀਕਾ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਮੁਢਲੇ ਪੱਧਰ ਉੱਤੇ ਸਫਲਤਾ ਨਾਲ ਨਵੀਆਂ ਖੋਜਾਂ ਨੇਪਰੇ ਚਡ਼੍ਹ ਸਕਣ ਅਤੇ ਉਨ੍ਹਾਂ ਨੂੰ ਦਸਤਾਵੇਜ਼ੀ ਬਣਾਇਆ ਜਾ ਸਕੇ। ਇਸ ਸਬੰਧ ਵਿੱਚ ਉਨ੍ਹਾਂ ਹਵਾਲਾ ਦਿੱਤਾ ਕਿ ਰੱਖਿਆ ਮਾਹਰਾਂ ਵੱਲੋਂ ਵੀ ਖੋਜਾਂ ਕੀਤੀਆਂ ਜਾ ਰਹੀਆਂ ਹਨ।
ਖੇਤੀ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਨੇ ਉੱਚ ਪ੍ਰੋਟੀਨ ਵਾਲੀਆਂ ਦਾਲਾਂ, ਡੱਬਾਬੰਦ ਖਾਣੇ ਅਤੇ  ਕੈਸਟਰ  ਦੀ ਪਛਾਣ ਕੀਤੀ ਅਤੇ ਇਨ੍ਹਾਂ ਨੂੰ ਪਹਿਲ ਵਾਲੇ ਖੇਤਰ ਬਣਾ ਕੇ ਤੇਜ਼ੀ ਨਾਲ ਉਨ੍ਹਾਂ ਦੀ ਹੋਰ ਖੋਜ ਤੇ ਜ਼ੋਰ ਦਿੱਤਾ।
ਊਰਜਾ ਖੇਤਰ ਵਿਚ ਪ੍ਰਧਾਨ ਮੰਤਰੀ ਨੇ  ਕਿਹਾ ਕਿ ਸੂਰਜੀ ਊਰਜਾ ਦੇ ਖੇਤਰ ਦੀਆਂ ਸੰਭਾਵਨਾਵਾਂ ਦਾ ਵੱਧ ਤੋਂ ਵੱਧ  ਜਾਇਜ਼ਾ ਲੈਣਾ ਚਾਹੀਦਾ ਹੈ ਤਾਂ ਕਿ ਊੁਰਜਾ ਦੀ ਦਰਾਮਦ ਉੱਤੇ ਨਿਰਭਰਤਾ ਘਟੇ।
ਭਾਰਤੀ ਵਿਗਿਆਨੀਆਂ ਦੀਆਂ ਚੁਣੌਤੀਆਂ ਉੱਤੇ ਖਰੇ ਉਤਰਨ ਦੀਆਂ ਯੋਗਤਾਵਾਂ ਉੱਤੇ ਭਰੋਸਾ ਪ੍ਰਗਟਾਉਂਦੇ ਹੋਏ ਅਤੇ ਆਮ ਆਦਮੀ ਦਾ ਜੀਵਨ ਪੱਧਰ ਸੁਧਾਰਨ ਲਈ ਹੱਲ ਪ੍ਰਦਾਨ ਕਰਨ ਲਈ, ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ 2022 ਤੱਕ, ਜਦੋਂ ਕਿ ਭਾਰਤ ਦੀ ਅਜ਼ਾਦੀ ਦੀ 75ਵੇਂ ਵਰ੍ਹੇ ਗੰਢ ਹੈ,  ਹਾਸਲ ਕੀਤੇ ਜਾਣ ਵਾਲੇ ਸਪਸ਼ਟ ਟੀਚੇ ਮਿੱਥਣ।