ਅੰਮ੍ਰਿਤਸਰ—ਇਕ ਪਾਸੇ ਬਰਸਾਤ ਦੇ ਮੌਸਮ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਅਤੇ ਦੂਜੇ ਪਾਸੇ ਹਰਿਮੰਦਰ ਸਾਹਿਬ ਦੇ ਮੁੱਖ ਮਾਰਗ ‘ਤੇ ਬਣਾਈ ‘ਹੈਰੀਟੇਜ ਸਟਰੀਟ’ ਮੀਂਹ ਕਾਰਨ ਤਲਾਅ ਦਾ ਰੂਪ ਧਾਰਨ ਕਰ ਚੁੱਕਾ ਹੈ।
ਜਾਣਕਾਰੀ ਮਿਲੀ ਹੈ ਕਿ ਹਰਿਮੰਦਰ ਸਾਹਿਬ ਦੇ ਮੁੱਖ ਮਾਰਗ ‘ਤੇ ਬਣਾਈ ‘ਹੈਰੀਟੇਜ ਸਟਰੀਟ’ ਨੂੰ ਅਕਾਲੀ ਸਰਕਾਰ ਨੇ ਲਗਪਗ 300 ਕਰੋੜ ਰੁਪਏ ਦਾ ਲਾਗਤ ਨਾਲ ਤਿਆਰ ਕਰਵਾਇਆ ਹੈ। ਇਹ ਵਿਰਾਸਤ ਮਾਰਗ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਸੁਫਨਮਈ ਯੋਜਨਾਵਾਂ ‘ਚੋਂ ਇਕ ਸੀ। ਇਸ ‘ਤੇ ਕਰੋੜਾ ਰੁਪਏ ਖਰਚ ਕੀਤੇ ਗਏ ਸਨ। ਇਸ ਨੂੰ ਵਿਰਾਸਤੀ ਦਿੱਖ ਦੇਣ ਲਈ ਵਿਸ਼ੇਸ਼ ਤੌਰ ‘ਤੇ ਰਾਜਸਥਾਨ ਤੋਂ ਕਾਰੀਗਰ ਸੱਦੇ ਗਏ ਸਨ। ਅੱਜ ਸਵੇਰੇ ਸਾਉਣ ਦੀ ਪਹਿਲੀ ਝੜੀ ਲਗਣ ਨਾਲ ਵਿਰਾਸਤੀ ਮਾਰਗ ‘ਚ ਪਾਣੀ ਖੜਾ ਹੋ ਗਿਆ। ਇਸ ਪਾਣੀ ਕਾਰਨ ਸੈਲਾਨੀਆਂ ਨੂੰ ਮੁਸ਼ਕਲ ਪੇਸ਼ ਆਈ। ਕੁਝ ਯਾਤਰੀਆਂ ਨੇ ਵਿਅੰਗ ਕਰਦਿਆਂ ਕਿਹਾ ਕਿ ਇਸ ਨੂੰ ਅਕਾਲੀ ਆਗੂਆਂ ਵੱਲੋਂ ਨਿਊਯਾਰਕ ਦੀ ਟਾਈਮ ਸੁਕੇਅਰ ਸਟਰੀਟ ਬਣਾਉਣ ਦਾ ਦਾਅਵਾ ਕੀਤਾ ਹੈ। ਪਰ ਹੁਣ ਇਸ ਪਾਣੀ ਨੇ ਸਾਰੇ ਦਾਅਵੇ ‘ਤੇ ਪਾਣੀ ਫੇਰ ਦਿੱਤਾ। ਮਹਾਰਾਸ਼ਟਰ ਤੋਂ ਆਏ ਸੁਨੀਲ ਅਵਸਥੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਵਿਸ਼ਵ ਪੱਧਰ ‘ਤੇ ਬਹੁਤ ਜ਼ਿਆਦਾ ਅਹਿਮੀਅਤ ਹੈ। ਇਸ ਸਥਾਨ ‘ਤੇ ਜਾਣ ਵਾਲੇ ਰਾਹ ਦੀ ਹਾਲਤ ਅਜਿਹੀ ਨਹੀਂ ਹੋਣੀ ਚਾਹੀਦੀ। ਇਥੇ ਆਉਂਣ ਵਾਲੇ ਯਾਤਰੀਆਂ ਨੇ ਕਿਹਾ ਕਿ ਇਥੇ ਆਵਾਰਾ ਕੁੱਤਿਆਂ ਦੀ ਭਰਮਾਰ ਵੱਧ ਹੈ ਜੋ ਇੱਥੇ ਆਉਂਣ ਵਾਲੇ ਯਾਤਰੀਆਂ ਨੂੰ ਤੰਗ ਕਰਦੇ ਹਨ।