ਮਾਮਲੇ ਦੀ ਅਗਲੀ ਸੁਣਾਈ 18 ਸਤੰਬਰ ਨੂੰ ਹੋਵੇਗੀ
ਚੰਡੀਗੜ੍ਹ : ਲੁਧਿਆਣਾ ਦੀ ਅਦਾਲਤ ਨੇ ਇਨਕਮ ਟੈਕਸ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਾਜ਼ਾ ਸੰਮਨ ਭੇਜੇ ਹਨ। ਮੁੱਖ ਨਿਆਇਕ ਮੈਜਿਸਟਰੇਟ ਜਪਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਖ਼ਿਲਾਫ਼ ਇਨਕਮ ਟੈਕਸ ਵਿਭਾਗ ਵੱਲੋਂ 2016 ਵਿੱਚ ਦਾਇਰ ਅਪਰਾਧਿਕ ਸ਼ਿਕਾਇਤ ਵਿੱਚ ਤਾਜ਼ਾ ਸੰਮਨ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਅਦਾਲਤ ਨੂੰ ਦੱਸਿਆ ਗਿਆ ਹੈ ਕਿ ਪਹਿਲਾਂ ਭੇਜੇ ਗਏ ਸੰਮਨ ਮੁੱਖ ਮੰਤਰੀ ਨੂੰ ਨਹੀਂ ਮਿਲ ਸਕੇ। ਇਸ ਤੋਂ ਬਾਅਦ ਤਾਜ਼ਾ ਸੰਮਨ ਜਾਰੀ ਕੀਤੇ ਗਏ ਹਨ। ਮਾਮਲੇ ਉੱਤੇ ਅਗਲੀ ਸੁਣਵਾਈ 18 ਸਤੰਬਰ ਨੂੰ ਹੋਵੇਗੀ। ਅਮਰਿੰਦਰ ਸਿੰਘ ਉੱਤੇ ਗ਼ਲਤ ਬਿਆਨ ਦੇਣ, ਇਨਕਮ ਟੈਕਸ ਨੂੰ ਜਾਣਬੁੱਝ ਕੇ ਗ਼ਲਤ ਸੂਚਨਾ ਦੇਣ ਤੇ ਉਸ ਦੇ ਅਧਿਕਾਰੀਆਂ ਨੂੰ ਆਪਣਾ ਕੰਮ ਕਰਨ ਤੋਂ ਰੋਕਣ ਦੇ ਇਲਜ਼ਾਮ ਲਾਏ ਗਏ ਹਨ। ਇਹ ਸਾਰੇ ਇਲਜ਼ਾਮ ਇਨਕਮ ਟੈਕਸ ਵਿਭਾਗ ਨੇ ਅਦਾਲਤ ਵਿੱਚ ਦਾਇਰ ਕੀਤੀ ਅਪਰਾਧਿਕ ਸ਼ਿਕਾਇਤ ਵਿੱਚ ਲਾਏ ਹਨ।