ਚੰਡੀਗੜ੍ਹ : ਰਾਸ਼ਟਰਪਤੀ ਚੁਣੇ ਗਏ ਐਨ.ਡੀ.ਏ ਉਮੀਦਵਾਰ ਰਾਮਨਾਥ ਕੋਵਿੰਦ ਨੂੰ ਪੰਜਾਬ ਵਿਚ ਦੋ ਵੋਟਾਂ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਮੀਰਾ ਕੁਮਾਰ ਨੂੰ ਇਕ ਵੋਟ ਦਾ ਨੁਕਸਾਨ ਹੋਇਆ ਹੈ| ਪੰਜਾਬ ਵਿਚ ਤਿੰਨ ਵਿਧਾਇਕਾਂ ਦੇ ਵੋਟ ਰੱਦ ਹੋਏ ਹਨ| ਮੀਰਾ ਕੁਮਾਰ 95 ਵਿਧਾਇਕਾਂ ਨੇ ਵੋਟ ਦਿੱਤੀ, ਜਦੋਂ ਕਿ ਰਾਮਨਾਥ ਕੋਵਿੰਦ ਨੂੰ 18 ਵੋਟਾਂ ਪਈਆਂ|
ਵਿਧਾਨ ਸਭਾ ਵਿਚ ਵਿਧਾਇਕਾਂ ਦੀ ਗਿਣਤੀ ਨੂੰ ਦੇਖਿਆ ਜਾਵੇ ਤਾਂ ਮੀਰਾ ਕੁਮਾਰ ਨੂੰ 96 ਅਤੇ ਰਾਮਨਾਥ ਕੋਵਿੰਦ ਨੂੰ 20 ਵੋਟਾਂ ਮਿਲਣੀਆਂ ਚਾਹੀਦੀਆਂ ਸਨ| ਕਾਂਗਰਸ ਦੇ 77 ਅਤੇ ਆਪ ਦੇ 19 ਵਿਧਾਇਕ ਮੀਰਾ ਕੁਮਾਰ ਦੇ ਪੱਖ ਵਿਚ ਸਨ|
117 ਵਿਧਾਇਕਾਂ ਵਾਲੀ ਪੰਜਾਬ ਵਿਧਾਨ ਸਭਾ ਵਿਚ 116 ਵੋਟਾਂ ਪਈਆਂ ਸਨ| ਆਪ ਵਿਧਾਇਕ ਐਚ.ਐਸ ਫੂਲਕਾ ਨੇ ਵੋਟ ਨਹੀਂ ਪਾਈ ਸੀ| ਅਕਾਲੀ ਵਿਧਾਇਕ ਪਰਮਿੰਦਰ ਢੀਂਡਸਾ ਨੇ ਦੋਨਾਂ ਹੀ ਉਮੀਦਵਾਰਾਂ ਨੂੰ ਵੋਟ ਪਾ ਦਿੱਤੀ ਸੀ, ਜਿਸ ਕਾਰਨ ਤੈਅ ਸੀ ਕਿ ਉਨ੍ਹਾਂ ਦੀ ਵੋਟ ਰੱਦ ਹੋਵੇਗੀ| ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਦੇ ਵੋਟ ਪਾਉਣ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ ਕਿ ਉਨ੍ਹਾਂ ਨੇ ਨਿਯਮਾ ਦਾ ਉਲੰਘਣ ਕੀਤਾ ਹੈ| ਰਾਸ਼ਟਰਪਤੀ ਚੋਣਾਂ ਦੇ ਜੋ ਨਤੀਜੇ ਸਾਹਮਣੇ ਆਏ ਹਨ ਉਸ ਨਾਲ ਇਹ ਤੈਅ ਹੈ ਕਿ ਢੀਂਡਸਾ ਤੋਂ ਇਲਾਵਾ ਦੋ ਹੋਰ ਵੋਟ ਵੀ ਰੱਦ ਹੋਏ|
ਚੂੰਕਿ ਲੋਕ ਇਨਸਾਫ ਪਾਰਟੀ ਰਾਮਨਾਕ ਕੋਵਿੰਦ ਨੂੰ ਸਪੋਰਟ ਕਰ ਰਹੀ ਸੀ ਇਸ ਲਈ ਕੋਵਿੰਦ ਨੂੰ 20 ਵੋਟ ਮਿਲਣੀਆਂ ਚਾਹੀਦੀਆਂ ਸਨ| ਢੀਂਡਸਾ ਦਾ ਵੋਟ ਰੱਦ ਹੋਣ ਤੋਂ ਬਾਅਦ 19 ਵੋਟ ਉਨ੍ਹਾਂ ਨੂੰ ਪੈਣੇ ਚਾਹੀਦੇ ਸਨ, ਪਰ 18 ਵੋਟ ਹੀ ਮਿਲੇ ਹਨ| ਇਸੇ ਤਰ੍ਹਾਂ ਕਾਂਗਰਸ ਦੇ 77 ਅਤੇ ਆਪ ਦੇ 19 ਵਿਧਾਇਕਾਂ ਨੂੰ ਜੋੜ ਦਿੱਤਾ ਜਾਵੇ ਤਾਂ ਮੀਰਾ ਕੁਮਾਰ ਨੂੰ 96 ਵੋਟ ਮਿਲਣੇ ਚਾਹੀਦੇ ਸਨ, ਪਰ ਉਨ੍ਹਾਂ ਨੂੰ 95 ਵੋਟ ਮਿਲੇ ਹਨ| ਸਮੀਕਰਨ ਤੇ ਗੌਰ ਕਰੀਏ ਤਾਂ ਅਕਾਲੀ ਦਲ, ਭਾਜਪਾ ਅਤੇ ਲੋਕ ਇਨਸਾਫ ਪਾਰਟੀ ਵਿਚੋਂ ਢੀਂਡਸਾ ਨੂੰ ਛੱਡ ਕੇ ਕਿਸੇ ਹੋਰ ਵਿਧਾਇਕ ਦਾ ਵੀ ਵੋਟ ਰੱਦ ਹੋਇਆ|
ਇਸੇ ਪ੍ਰਕਾਰ ਕਾਂਗਰਸ ਤੇ ਆਪ ਵਿਧਾਇਕਾਂ ਵਿਚੋਂ ਵੀ ਇਕ ਵੋਟ ਰੱਦ ਹੋਇਆ ਹੈ| ਮੰਨਿਆ ਜਾ ਰਿਹਾ ਹੈ ਕਿ ਸਿਮਰਜੀਤ ਬੈਂਸ ਦਾ ਵੋਟ ਤਾਂ ਸਹੀ ਸੀ ਪਰ ਹੋਰ ਕਿਸੇ ਵਿਧਾਇਕ ਨੇ ਵੋਟ ਪਾਉਣ ਵਿਚ ਗੜਬੜੀ ਕੀਤੀ|