ਮੁੰਬਈ – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਸਾਨਾਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਕਿਸਾਨ ਸੰਪਦਾ ਸਕੀਮ ਦਾ ਵੱਧ ਤੋਂ ਵੱਧ ਤੋਂ ਫਾਇਦਾ ਚੁੱਕਣ ਅਤੇ ਖੁਦ ਕਾਰੋਬਾਰੀ ਬਣਨ।
ਇੱਥੇ ਵਰਲਡ ਫੂਡ ਇੰਡੀਆ ਸੋਥਅ ਦੌਰਾਨ ਇਕੱਤਰ ਹੋਏ ਚੋਣਵੇਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 3 ਨਵੰਬਰ ਤੋਂ 5 ਨਵੰਬਰ ਤਕ ਦਿੱਲੀ ਵਿਚ ਹੋਣ ਜਾ ਰਿਹਾ ਵਰਲਡ ਫੂਡ ਇੰਡੀਆ (ਡਬਲਿਊਐਫਆਈ) ਕਿਸਾਨਾਂ ਅਤੇ ਕਿਸਾਨਾਂ ਸੰਗਠਨਾਂ ਨੂੰ ਆਪਣੇ ਮਾਲ ਦੀ ਵਿਕਰੀ ਲਈ ਅੰਤਰਰਾਸ਼ਟਰੀ  ਸਹਿਯੋਗੀ ਲੱਭਣ ਵਾਸਤੇ ਇੱਕ ਨਿਰਾਲਾ ਮੌਕਾ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਸ਼ਹਿਦ, ਓਟਸ, ਜੂਸਾਂ ਅਤੇ ਸਬਜ਼ੀਆਂ ਤੋਂ ਤਿਆਰ ਵਸਤਾਂ ਦੇ ਅੰਤਰ-ਰਾਸ਼ਟਰੀ ਬਾਜ਼ਾਰ ਵਿਚ ਨਿਰਯਾਤ ਦਾ ਬਹੁਤ ਜ਼ਿਆਦਾ ਸਕੋਪ ਹੈ। ਜਿਸ ਕਰਕੇ ਡਬਲਿਊਐਫਆਈ ਦੌਰਾਨ ਅੰਤਰਰਾਸ਼ਟਰੀ ਕੰਪਨੀਆਂ ਨਾਲ ਸਾਂਝੇ ਉੱਦਮਾਂ ਵਿਚ ਸਾਂਝੇਦਾਰੀ ਪਾ ਕੇ ਇਸ ਮੌਕੇ ਦਾ ਲਾਭ ਉਠਾਇਆ ਜਾ ਸਕਦਾ ਹੈ।
ਕਿਸਾਨ ਸੰਪਦਾ ਸਕੀਮ ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ਵਿਚ ਇਸ ਸਕੀਮ ਨਾਲ 20 ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ 5 ਲੱਖ ਤੋਂ ਵੱਧ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੂਰੇ ਦੇਸ਼ ਵਿਚ ਖੋਲ ਜਾ ਰਹੇ ਮੈਗਾ ਫੂਡ ਪਾਰਕਾਂ ਦਾ ਹਿੱਸਾ ਬਣ ਕੇ ਜਾਂ ਛੋਟੇ ਕਲੱਸਟਰਾਂ ਦੀ ਸਥਾਪਨਾ ਕਰਕੇ ਜਾਂ ਫਿਰ ਆਪਣੇ ਨਿੱਜੀ ਫੂਡ ਪ੍ਰੋਸੈਸਿੰਗ ਯੂਨਿਟ ਲਗਾ ਕੇ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਹਨਾਂ ਕਿਹਾ ਕਿ ਅਗਲੇ ਤਿੰਨ ਸਾਲਾਂ ਵਿਚ ਅਸੀਂ ਸਿਰਫ ਫੂਡ ਪ੍ਰੋਸੈਸਿੰਗ ਨੂੰ ਇੱਕ ਲੋਕ ਲਹਿਰ ਬਣਾ ਕੇ ਸਾਡੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰ ਸਕਦੇ ਹਾਂ।
ਮਹਾਰਾਸ਼ਟਰ ਵਿਚ ਫੂਡ ਪ੍ਰੋਸੈਸਿੰਗ ਬਾਰੇ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸੂਬੇ ਅੰਦਰ ਵਿਭਿੰਨ ਬਾਗਵਾਨੀ ਦੀਆਂ ਫਸਲਾਂ ਜਿਵੇਂ ਅੰਬ, ਅੰਗੂਰ ਅਤੇ ਅਨਾਰ ਦੀ ਬਿਜਾਈ ਵਾਸਤੇ ਢੁੱਕਵੇਂ 8 ਐਗਰੋ-ਐਕਸਪੋਰਟ ਜ਼ੋਨ ਹੋਣ ਕਰਕੇ ਖੇਤੀਬਾਡ਼ੀ ਦੇ ਵਿਕਾਸ ਦੀ ਬੇਹੱਦ ਸੰਭਾਵਨਾ ਹੈ। ਉਹਨਾਂ ਕਿਹਾ ਕਿ ਇਹ ਸੂਬਾ ਭਾਰਤੀ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਕੁੱਲ ਉਤਪਾਦਨ ਵਿਚ 11 ਫੀਸਦੀ ਯੋਗਦਾਨ ਪਾਉਂਦਾ ਹੈ। ਉਹਨਾਂ ਕਿਹਾ ਕਿ ਸੂਬੇ ਅੰਦਰ ਫੂਡ ਪ੍ਰੋਸੈਸਿੰਗ ਸੈਕਟਰ ਵਿਚ 1,039 ਕਰੋਡ਼ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਸਦਕਾ ਵਿਕਾਸ ਦੇ ਵੱਡੇ ਮੌਕੇ ਪੈਦਾ ਹੋਏ ਹਨ। ਇੱਥੇ 4 ਮੈਗਾ ਫੂਡ ਪਾਰਕ ਅਤੇ ਕੋਲਡ ਚੇਨ, ਵੈਲਿਯੂ ਐਡੀਸ਼ਨ ਅਤੇ ਪ੍ਰਜ਼ਰਵੇਸ਼ਨ ਸਕੀਮ ਤਹਿਤ 27 ਪ੍ਰਾਜੈਕਟ ਲਾਏ ਜਾਣੇ ਹਨ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵਿੰਦਰ ਫਡ਼ਨਾਵੀਸ ਅਤੇ ਖੇਤੀਬਾਡ਼ੀ ਮੰਤਰੀ ਸ੍ਰੀ ਪਾਂਡੂਰੰਗ ਫੰਡਕਰ ਨੇ ਵੀ ਇਸ ਮੌਕੇ ਲੋਕਾਂ ਨੂੰ ਸੰਬੋਧਨ ਕੀਤਾ। ਸੀਆਈਆਈ ਇਸੇ ਦੌਰਾਨ ਡਬਲਿਊ ਆਰ ਟਾਸਕ ਫੋਰਸ ਦੇ ਚੇਅਰਮੈਨ ਅਤੇ ਵੀਕਫੀਲਡ ਫੂਡਜ਼ ਦੇ ਮੈਨੇਜਿੰਗ ਡਾਇਰੈਕਟਰ  ਸ੍ਰੀ ਅਸ਼ਵਨੀ ਮਲਹੋਤਰਾ ਨੇ ਲੋਕਾਂ ਨੂੰ ਵਰਲਡ ਫੂਡ ਇੰਡੀਆਂ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਡਬਲਿਊਐਫਆਈ ਨੂੰ ਪੂਰੀ ਦੁਨੀਆਂ ਵਿਚ ਬਹੁਤ ਹੀ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਇਸ ਮੇਲੇ ਵਿਚ 20 ਤੋਂ ਵੱਧ ਮੁਲਕ ਭਾਗ ਲੈਣਗੇ। ਉਹਨਾਂ ਕਿਹਾ ਕਿ ਇਟਲੀ ਨੇ ਫੋਕਸ ਕੰਟਰੀ ਬਣਨ ਲਈ ਪੱਕੀ ਸਹਿਮਤੀ ਦੇ ਦਿੱਤੀ ਹੈ ਅਤੇ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਇਸ ਮੇਲੇ ਵਿਚ ਸਹਿਯੋਗੀ ਸੂਬੇ ਹੋਣਗੇ। 10 ਤੋਂ ਵੱਧ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਅਤੇ ਭਾਰਤ ਵਿਚ  ਫੂਡ ਪ੍ਰੋਸੈਸਿੰਗ, ਫੂਡ ਟੈਕਨਾਲੌਜੀ ਦੇ ਮਹਾਂਰਥੀ, ਈਕਿਊਪਮੈਂਟ ਪਲੇਅਰਜ਼, ਕੋਲਡ ਚੇਨਜ਼, ਇਨਗਰੀਡੀਅੰਟਸ ਅਤੇ ਫੂਡ ਰਿਟੇਲਰਜ਼ ਡਬਲਿਊਐਫਆਈ ਵਿਚ ਹਾਜ਼ਰੀ ਭਰਨਗੇ। ਸ੍ਰੀ ਮਲਹੋਤਰਾ ਨੇ ਕਿਹਾ ਕਿ ਡਬਲਿਊਐਫਆਈ ਇੱਕ ਅਜਿਹਾ ਪਲੇਟਫਾਰਮ ਪ੍ਰਦਾਨ ਕਰੇਗਾ, ਜਿੱਥੇ ਆਫਰਿੰਗਜ਼ ਅਤੇ ਸਰਵਿਸਜ਼ ਦੇ ਨਾਲ-ਨਾਲ ਪ੍ਰੋਡਕਸ਼ਨ, ਪ੍ਰੋਸੈਸਿੰਗ,ਪੈਕੇਜਿੰਗ, ਟੈਕਨਾਲੌਜੀ, ਈਕਿਊਪਮੈਂਟ, ਸਟੋਰੇਜ, ਲੌਜਿਸਟਿਕਸ ਅਤੇ ਰਿਟੇਲ ਵਾਲੀ ਫੂਡ ਵੈਲਿਯੂ ਚੇਨ ਨੂੰ ਵੀ ਵਿਖਾਇਆ ਜਾਵੇਗਾ।