ਅਹਿਮਦਾਬਾਦ— ਗੁਜਰਾਤ ‘ਚ ਹੋ ਰਹੀ ਭਾਰੀ ਬਾਰਸ਼ ਕਾਰਨ ਕਈ ਥਾਂਵਾਂ ‘ਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਅਤੇ ਹਵਾਈ ਫੌਜ ਅਤੇ ਐੱਨ.ਡੀ.ਆਰ.ਐੱਫ. ਸਮੇਤ ਵੱਖ-ਵੱਖ ਏਜੰਸੀਆਂ ਨੂੰ ਰਾਹਤ ਅਤੇ ਬਚਾਅ ਕੰਮ ‘ਚ ਲਾਇਆ ਗਿਆ ਹੈ। ਹੜ੍ਹ ਕਾਰਨ 3 ਲੋਕਾਂ ਦੀ ਮੌਤ ਹੋ ਚੁਕੀ ਹੈ। ਹੁਣ ਤੱਕ 214 ਲੋਕਾਂ ਨੂੰ ਹੜ੍ਹ ਪੀੜਤ ਖੇਤਰਾਂ ਤੋਂ ਬਚਾਇਆ ਗਿਆ ਹੈ, ਜਦੋਂ ਕਿ ਨਦੀਆਂ ਅਤੇ ਤਾਲਾਬ ‘ਚ ਪਾਣੀ ਭਰਨ ਨਾਲ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਭੇਜਿਆ ਗਿਆ ਹੈ। 50 ਤੋਂ ਵਧ ਰਸਤੇ ਬਾਰਸ਼ ਕਾਰਨ ਨੁਕਸਾਨੇ ਗਏ ਹਨ, ਜਦੋਂ ਕਿ ਕਈ ਥਾਂਵਾਂ ‘ਤੇ ਰੇਲ ਪੱਟੜੀਆਂ ‘ਤੇ ਵੀ ਪਾਣੀ ਭਰ ਗਿਆ ਹੈ, ਜਿਸ ਨਾਲ ਦਰਜਨਾਂ ਟਰੇਨਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਕਈਆਂ ਨੂੰ ਰੱਦ ਵੀ ਕੀਤਾ ਗਿਆ ਹੈ। ਸੜਕਾਂ ‘ਤੇ ਵੀ ਪਾਣੀ ਭਰਨ ਨਾਲ ਜਾਮ ਲੱਗੇ ਹਨ।
ਪਿਛਲੇ 24 ਘੰਟਿਆਂ ਦੌਰਾਨ ਸਾਰੇ 33 ਜ਼ਿਲਿਆਂ ਦੇ 240 ਤਾਲੁਕਾ ‘ਚ ਬਾਰਸ਼ ਹੋਈ ਹੈ, ਜਿਸ ‘ਚ ਜ਼ਿਆਦਾਤਰ 325 ਮਿਲੀਮੀਟਰ ਸੁਰੇਂਦਰਨਗਰ ਦੇ ਚੋਟਿਲਾ ‘ਚ ਹੋਈ ਹੈ, ਜਿੱਥੇ ਕੁਝ ਹੀ ਦਿਨ ਪਹਿਲਾਂ 600 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ। ਉੱਥੇ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਬਚਾਅ ਕੰਮ ‘ਚ ਤਾਇਨਾਤ ਕੀਤਾ ਗਿਆ ਹੈ। ਰਾਜਕੋਟ, ਮੋਰਬੀ, ਬਨਾਸਕਾਂਠਾ ਸਮੇਤ ਹੋਰ ਥਾਂਵਾਂ ‘ਤੇ ਵੀ ਭਾਰੀ ਬਾਰਸ਼ ਹੋਈ ਹੈ। ਰਾਜ ‘ਚ ਬਾਰਸ਼ ਦਾ ਫੀਸਦੀ 52 ਦੇ ਪਾਰ ਪੁੱਜ ਗਿਆ ਹੈ। ਅਹਿਮਦਾਬਾਦ ਸ਼ਹਿਰ ‘ਚ ਵੀ ਸ਼ੁੱਕਰਵਾਰ ਦੀ ਰਾਤ ਅਤੇ ਅੱਜ ਹੋ ਰਹੀ ਲਗਾਤਾਰ ਬਾਰਸ਼ ਕਾਰਨ ਜੀਵਨ ਉੱਥਲ-ਪੁੱਥਲ ਹੋ ਗਿਆ ਹੈ। ਕਈ ਥਾਂਵਾਂ ‘ਤੇ ਪਾਣੀ ਭਰ ਗਿਆ ਹੈ।
ਮੁੱਖ ਮੰਤਰੀ ਵਿਜੇ ਰੂਪਾਨੀ ਨੇ ਸ਼ਨੀਵਾਰ ਨੂੰ ਰਾਜ ‘ਚ ਬਾਰਸ਼ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਸਮੀਖਿਆ ਬੈਠਕ ਕੀਤੀ। ਉਨ੍ਹਾਂ ਨੇ ਕਿਹਾ ਕਿ 2 ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਅਤੇ ਅਗਲੇ 48 ਘੰਟਿਆਂ ‘ਚ ਵੀ ਭਾਰੀ ਬਾਰਸ਼ ਦੀ ਚਿਤਾਵਨੀ ਕਾਰਨ ਹੜ੍ਹ ਕੰਟਰੋਲ ਰੂਮ ਨੂੰ 24 ਘੰਟੇ ਖੁੱਲ੍ਹਾ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰਾਹਤ ਏਜੰਸੀਆਂ ਪ੍ਰਭਾਵਿਤ ਖੇਤਰਾਂ ‘ਚ ਖਾਣ ਦੇ ਪੈਕੇਟ ਅਤੇ ਹੋਰ ਸਮੱਗਰੀਆਂ ਵੀ ਵੰਡ ਰਹੀਆਂ ਹਨ।