ਚੰਡੀਗੜ੍ਹ : ਸੱਤਾ ‘ਚ ਆਉਣ ਤੋਂ ਬਾਅਦ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਕੈਪਟਨ ਸਰਕਾਰ ਲਈ ਕੇਂਦਰ ਜਲਦ ਹੀ ਵੱਡੀ ਰਾਹਤ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਮੁਤਾਬਕ ਕੈਸ਼ ਕ੍ਰੇਡਿਟ ਲਿਮਿਟ (ਸੀ. ਸੀ. ਐੱਲ.) ਦੇ 31000 ਕਰੋੜ ਰੁਪਏ ‘ਚ ਸ਼ਾਮਲ 18500 ਕਰੋੜ ਰੁਪਏ ਦੀ ਵਿਆਜ਼ ਰਾਸ਼ੀ ਨੂੰ ਮੁਆਫ ਕਰਨ ਨੂੰ ਕੇਂਦਰ ਸਰਕਾਰ ਤਿਆਰ ਹੋ ਗਈ ਹੈ। ਇਹ ਫੈਸਲਾ ਬੀਤੇ ਦਿਨੀਂ ਨਵੀਂ ਦਿੱਲੀ ਵਿਚ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬੈਠਕ ਦੌਰਾਨ ਲਿਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਆਰਥਿਕ ਬੋਝ ‘ਤੇ ਕੇਂਦਰ ਦੇ ਰੁਖ ‘ਚ ਆਈ ਇਸ ਨਰਮੀ ਦਾ ਮੁੱਖ ਕਾਰਨ ਇਸ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗਈ ਮੁਲਾਕਾਤ ਹੈ। ਮੋਦੀ ਨੇ ਉਦੋਂ ਕੈਪਟਨ ਦੀ ਗੱਲ ਸੁਨਣ ਤੋਂ ਬਾਅਦ ਉਨ੍ਹਾਂ ਨੇ ਵਿੱਤ ਮੰਤਰੀ ਜੇਤਲੀ ਨਾਲ ਮਿਲਣ ਨੂੰ ਕਿਹਾ ਸੀ। ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਜੇਤਲੀ ਨਾਲ ਕੈਸ਼ ਸੀ. ਸੀ. ਐੱਲ ਨੂੰ ਲੈ ਕੇ ਪੰਜਾਬ ਸਿਰ ਚੜ੍ਹੇ ਕਰਜ਼ੇ ਦੇ ਸੰਬੰਧ ‘ਚ ਗੱਲਬਾਤ ਕੀਤੀ ਅਤੇ ਇਸ ਨਾਲ ਨਜਿੱਠਣ ਲਈ ਮਦਦ ਦੀ ਬੇਨਤੀ ਕੀਤੀ। ਉਨ੍ਹਾਂ ਜੇਤਲੀ ਨੂੰ ਦੱਸਿਆ ਕਿ ਸੀ. ਸੀ. ਐੱਲ. ਦੇ 31000 ਕਰੋੜ ਰੁਪਏ ਵਿਚ 12500 ਕਰੋੜ ਦੀ ਮੂਲ ਰਕਮ ਹੈ ਅਤੇ 18500 ਕਰੋੜ ਰੁਪਏ ਦੀ ਵਿਆਜ਼ ਰਕਮ ਹੈ।
ਕੈਪਟਨ ਨੇ ਜੇਤਲੀ ਨੂੰ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੀ ਮਾਲੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ ਅਤੇ ਲੋਕ ਭਲਾਈ ਯੋਜਨਾਵਾਂ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਕਈ ਵਾਰ ਸੋਚਣਾ ਪੈ ਰਿਹਾ ਹੈ। ਸੀ. ਸੀ. ਐੱਲ. ਦੇ 31000 ਕਰੋੜ ਰੁਪਏ ਨੁਕਸਾਨ ਲਈ ਪੰਜਾਬ ਨੂੰ ਅਗਲੇ 20 ਸਾਲ ਤਕ 270 ਕਰੋੜ ਰੁਪਏ ਪ੍ਰਤੀ ਮਹੀਨੇ ਕਰਜ਼ਦਾਤਾ ਬੈਂਕਾਂ ਨੂੰ ਦੇਣੇ ਹੋਣਗੇ। ਕੈਪਟਨ ਨੇ ਅਨਾਜ ਖਰੀਦ ਅਤੇ ਸੂਬੇ ਦੇ ਹੋਣ ਵਾਲੇ ਨੁਕਸਾਨ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਸੂਬਾ ਹਰ ਸਾਲ ਲਗਭਗ 44, 000 ਕਰੋੜ ਰੁਪਏ ਦੀ ਅਨਾਜ ਖਰੀਦ ਕਰਦਾ ਹੈ ਅਤੇ ਇਸ ‘ਤੇ ਉਸ ਨੂੰ ਲਗਭਗ 5500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।