ਐਸ.ਏ.ਐਸ. ਨਗਰ – ਪੰਜਾਬ ਵਿਚ ਅਗਲੇ ਪੰਜ ਸਾਲਾਂ ਦੋਰਾਨ 25 ਲੱਖ ਵਿਅਕਤੀਆਂ ਲਈ ਰੁਜਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਅਤੇ ਆਪਣੀ ਗੱਡੀ, ਆਪਣਾ ਰੁਜਗਾਰ ਸਕੀਮ ਤਹਿਤ ਹਰ ਸਾਲ 01 ਲੱਖ ਨੋਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਤੇ ਯੋਜਨਾਂ ਅਤੇ ਰੁਜਗਾਰ ਉਤਪਤੀ ਮੰਤਰੀ ਪੰਜਾਬ ਸ੍ਰ: ਮਨਪ੍ਰੀਤ ਸਿੰਘ ਬਾਦਲ ਨੇ ਆਈ.ਐਸ.ਬੀ. (ਇੰਡੀਅਨ ਸਕੂਲ ਆਫ ਬਿਜਨਸ) ਦੇ ਆਡੀਟੋਰੀਅਮ ਵਿਖੇ ਆਪਣੀ ਗੱਡੀ ਅਪਣਾ ਰੋਜ਼ਗਾਰ ਸਕੀਮ ਤਹਿਤ ਉਬਰ ਇੰਡੀਆ ਵੱਲੋਂ ਪੰਜਾਬ ਵਿਚ  ਉਬਰਮੋਟੋ ਸੇਵਾ ਨੂੰ ਲਾਂਚ ਕਰਦਿਆਂ 100 ਮੋਟਰਸਾਇਕਲਾਂ ਨੂੰ  ਹਰੀ ਝੰਡੀ ਦਿਖਾਉਣ ਤੋਂ ਪਹਿਲਾਂ  ਕਰਵਾਏ ਗਏ  ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।  ਇਸ ਤੋਂ ਪਹਿਲਾਂ ਸਮਾਗਮ ਮੌਕੇ ਮੁੱਖ ਮੰਤਰੀ ਪੰਜਾਬ ਜੀ ਦੀ ਮਾਤਾ ਜੀ ਰਾਜਮਾਤਾ ਮੋਹਿੰਦਰ ਕੌਰ ਜਿੰਨ੍ਹਾਂ ਦਾ ਕਿ ਕੱਲ ਬੀਤੀ ਸ਼ਾਮ ਦੇਹਾਂਤ ਹੋ ਗਿਆ ਸੀ ਦੇ ਅਕਾਲ ਚਲਾਣੇ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਭਾਵਭਿੰਨੀ ਸਰਧਾਂਜਲੀ ਭੇਂਟ ਕੀਤੀ।
ਵਿੱਤ ਮੰਤਰੀ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਰਾਜ ਦੇ ਨੌਜਵਾਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਕਰਨ ਲਈ ਕੀਤੇ ਵਾਅਦੇ ਮੁਤਾਬਿਕ ਪੰਜਾਬ ਵਿਚ ਆਪਣੀ ਗੱਡੀ, ਆਪਣਾ ਰੁਜਗਾਰ ਸਕੀਮ ਨੂੰ ਸ਼ੁਰੂ ਕੀਤਾ ਗਿਆ ਹੈ। ਜਿਸ ਨਾਲ ਰਾਜ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਅਤੇ ਇਸ ਸੇਵਾ ਨਾਲ ਜਿੱਥੇ ਚਾਰ ਪਹੀਆ ਵਾਹਨ ਨਹੀਂ ਪਹੁੰਚ ਸਕਦਾ ਉੱਥੇ  ਤੱਕ ਪਹੁੰਚ ਵੀ ਬਣੇਗੀ। ਵਿੱਤ ਮੰਤਰੀ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਵੇਂ ਦੇਸ ਨੂੰ ਆਜਾਦ ਹੋਇਆਂ 70 ਸਾਲ ਗੁਜਰ ਚੁੱਕੇ ਹਨ ਅਤੇ ਦੇਸ਼ ਨੂੰ ਅਜਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਪ੍ਰੰਤੂ ਜੋ ਸੁਪਨੇ ਸਨ ਉਹ ਹੁਣ ਤੱਕ ਸਾਕਾਰ ਨਹੀ ਹੋ ਸਕੇ ਅਤੇ ਸਾਡੇ ਸੁਪਨੇ ਚਕਨਾਚੂਰ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਦੁਨੀਆਂ ਦੇ ਸਭ ਮੁਲਕਾਂ ਤੋਂ ਵੱਧ ਉਪਜਾਊ ਹੈ ਪ੍ਰੰਤੂ ਪੰਜਾਬੀਆਂ ਨੂੰ ਰੁਜਗਾਰ ਲੈਣ ਲਈ ਅਰਬ ਦੇਸ਼ਾਂ ਅਤੇ ਹੋਰਨਾਂ ਦੇਸ਼ਾਂ ਵਿਚ ਧੱਕੇ ਖਾਣੇ ਪੈ ਰਹੇ ਹਨ। ਉਨ੍ਹਾਂ ਕਿਹਾ  ਕਿ ਸਾਨੂੰ ਆਪਣਾ ਸਿਸਟਮ ਬਦਲਣਾ ਪਵੇਗਾ। ਉਨ੍ਹਾਂ ਪੰਜਾਬ ਦੀ ਕਿਸਮਤ ਨੂੰ ਬਦਲਣ ਲਈ ਗੈਰਤਮੰਦ ਲੋਕਾਂ ਦੀ ਮੱਦਦ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਲਈ ਆਪਣੀ ਪੂਰੀ ਵਾਹ ਲਾਵੇਗੀ। ਉਨ੍ਹਾਂ ਹੋਰ ਕਿਹਾ ਕਿ ਰਾਜ ਵਿਚ  ਨੋਜਵਾਨਾਂ ਲਈ ਰੁਜਗਾਰ ਦੇ ਅਜਿਹੇ ਮੌਕੇ ਪੈਦਾ ਕੀਤੇ ਜਾਣਗੇ ਕਿ ਉਨ੍ਹਾਂ ਵਿਦੇਸ਼ਾਂ ਵਿਚ ਜਾਣ ਦੀ ਲੋੜ ਹੀ ਨਾ ਪਵੇ।
ਪੱਤਰਕਾਰਾਂ ਵੱਲੋਂ ਰਾਜ ਦੇ ਕਿਸ਼ਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕਸੀਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਰਾਜ ਦੇ ਕਿਸਾਨਾਂ ਨੂੰ ਅਪੀਲ ਕੀਤੀ  ਕਿ ਉਹ ਖੁਦਕਸੀਆਂ ਕਰਨ ਦੇ ਰਾਸਤੇ ਤੇ ਨਾਂ ਪੈਣ। ਸਰਕਾਰ ਰਾਜ ਦੇ ਕਿਸਾਨਾਂ  ਨੂੰ ਹਰ ਮੁਸ਼ਕਿਲ ਵਿਚੋਂ ਕੱਢਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਰਾਜ  ਦੇ ਕਿਸਾਨਾਂ ਲਈ ਤਿਆਰ  ਕੀਤੀ ਜਾ ਰਹੀ ਕਰਜਾ ਮੁਆਫੀ ਨੀਤੀ ਲਈ ਅਗਲੇ 15-20 ਦਿਨਾਂ ਵਿਚ ਵੱਡਾ ਕਦਮ ਚੁੱਕਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਪੰਜਾਬ, ਮਹਾਰਾਸ਼ਟਰਾ, ਯੂ.ਪੀ. ਕਰਨਾਟਕ ਚਾਰ ਸੂਬਿਆਂ ਵੱਲੋਂ ਕਿਸ਼ਾਨਾਂ ਦੇ ਕਰਜ਼ੇ ਮੁਆਫ ਕੀਤੇ ਹਨ ਉਹਨਾਂ ਰਾਜਾਂ ਦੀਆਂ ਨਜਰਾਂ ਵੀ ਪੰਜਾਬ ਵੱਲ ਹਨ ਕਿ ਜੋ ਨੀਤੀ ਪੰਜਾਬ ਅਖਤਿਆਰ ਕਰੇਗਾ ਉਹੀ ਅਸੀਂ ਕਰਾਂਗੇ। ਉਨ੍ਹਾਂ ਕਿਹਾ ਕਿਸਾਨਾਂ ਦੇ ਕੇਵਲ ਕਰਜੇ ਮੁਆਫੀ ਦੀ ਗੱਲ ਹੀ ਨਹੀਂ ਸਗੋ  ਕਿਸਾਨਾਂ ਦੇ ਬੱਚਿਆਂ ਨੁੰ ਰੁਜਗਾਰ ਮੁਹੱਈਆ ਕਰਾਉਣਾ ਅਤੇ ਉਨ੍ਹਾਂ ਨੁੰ ਜਿਨਸਾਂ ਦੇ ਸਹੀ ਭਾਅ ਦੁਆਉਣਾ ਵੀ ਇਸ ਸਰਕਾਰ ਦਾ ਮੁੱਖ ਏਜੰਡਾ ਹੈ। ਰਾਜ ਵਿਚ ਬੰਦ ਪਏ ਕਾਰਖਾਨਿਆਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਰਾਜ ਵਿਚ ਬੰਦ ਪਏ ਕਾਰਖਾਨਿਆਂ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਆਪਣੀ ਪੂਰੀ ਵਾਹ ਲਾਵੇਗੀ ਤੇ ਅਜਿਹੀ ਨੀਤੀ ਤਿਆਰ ਕੀਤੀ ਜਾਵੇਗੀ ਕਿ ਰਾਜ ਵਿਚ ਉਦਯੋਗਾਂ ਨੂੰ ਉਤਸ਼ਾਹ ਮਿਲ ਸਕੇ ਅਤੇ ਲੋਕਾਂ ਲਈ ਰੁਜਗਾਰ ਦੇ ਮੌਕੇ ਪੈਦਾ ਹੋ ਸਕਣ।
ਇਸ ਮੌਕੇ ਉਬਰ ਇੰਡੀਆ ਦੇ ਜਨਰਲ ਮੈਨੇਜਰ ਦਿੱਲੀ ਐਨ.ਸੀ.ਆਰ ਅਤੇ ਉਤਰੀ ਭਾਰਤ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਆਪਣੀ ਗੱਡੀ, ਆਪਣਾ ਰੁਜਗਾਰ ਸਕੀਮ ਤਹਿਤ ਇਸ ਸਾਲ 40 ਹਜਾਰ ਨੌਜਵਾਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਬਰ ਇੰਡੀਆਂ ਰਾਜ ਵਿਚ ਪੰਜਾਬ ਸਰਕਾਰ ਨਾਲ ਮਿਲ ਕੇ ਨਵੀਂ ਤਕਨਾਲੋਜੀ  ਰਾਂਹੀ ਰਾਜ ਦੇ ਲੋਕਾਂ ਲਈ ਵੱਧ ਤੋਂ ਵੱਧ ਰੁਜਗਾਰ ਦੇ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ ਅਤੇ ਰਾਜ ਵਿਚ ਉਬਰ ਇੰਡੀਆ ਦੇ ਘੇਰੇ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਸਥਾਨਕ ਵਿਧਾਇਕ ਸ੍ਰ:ਬਲਬੀਰ ਸਿੰਘ ਸਿੱਧੂ, ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਪੰਜਾਬ  ਸਰਬਜੀਤ ਸਿੰਘ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਪੁਲਿਸ ਮੁਖੀ  ਕੁਲਦੀਪ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਉਬਰ ਇੰਡੀਆ  ਦੇ ਜਨਰਲ ਮੈਨੇਜਰ ਚੰਡੀਗੜ੍ਹ ਸ੍ਰੀ ਨੀਤੀਸ ਭੁਸ਼ਣ, ਸ੍ਰੀਮਤੀ ਸਵੇਤਾ ਰਾਜਪਾਲ ਕੋਹਲੀ, ਸ੍ਰੀ ਰਾਜਵੇਰੀ ਬਿਜਨੈਸ ਹੈਡ ਇੰਡੀਆ,  ਹਲਕਾ ਵਿਧਾਇਕ ਦੇ ਸਿਆਸੀ ਸਲਾਹਕਾਰ ਹਰਕੇਸ ਚੰਦ ਸ਼ਰਮਾਂ ਮੱਛਲੀਕਲਾਂ, ਭਗਤ ਸਿੰਘ ਨਾਮਧਾਰੀ ਮੌਲੀ ਬੈਦਵਾਣ ਮੈਂਬਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ, ਕੌਂਸਲਰ ਰਜਿੰਦਰ ਸਿੰਘ ਰਾਣਾ, ਠੇਕੇਦਾਰ ਮੋਹਨ ਸਿੰਘ ਬਟਲਾਣਾ, ਪ੍ਰਧਾਨ ਬਲਾਕ ਕਾਂਗਰਸ ਕਮੇਟੀ ਦਿਹਾਂਤੀ , ਤੇਜਿੰਦਰ ਸਿੰਘ ਜਨ ਸਕੱਤਰਰ ਜੱਟ ਮਹਾਂਸਭਾ ਪੰਜਾਬ, ਹਰਚਰਨ ਸਿੰਘ ਭਬਰਾ, ਇੰਦਰਜੀਤ ਸਿੰਘ ਖੋਖਰ, ਸੁੱਚਾ ਸਿੰਘ ਕਲੋੜ, ਸਤਪਾਲ ਸਿੰਘ ਕਠਿਆਣਾ, ਅਮਰਜੀਤ ਸਿੰਘ, ਖੁਸਵੰਤ ਸਿੰਘ ਰੂਬੀ, ਬਾਲਾ ਸਿੰਘ, ਦੀਪ ਚੰਦ ਗੋਬਿੰਦਗੜ੍ਹ, ਬਲਬੀਰ ਸਿੰਘ ਸਾਬਕਾ ਸਰਪੰਚ ਸਮੇਤ ਹੋਰ ਪੰਤਵੰਤੇ, ਸਿਵਲ ਅਤੇ ਪਿਲਸ ਪ੍ਰਸਾਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ।