ਨਵੀਂ ਦਿੱਲੀ : ਸ੍ਰੀ ਰਾਮਨਾਥ ਕੋਵਿੰਦ ਨੇ ਅੱਜ ਦੇਸ਼ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ| ਉਨ੍ਹਾਂ ਨੂੰ ਮੁੱਖ ਜੱਜ ਜਸਟਿਸ ਖੇਹਰ ਨੇ ਸੰਸਦ ਸੈਂਟਰਲ ਹਾਲ ਵਿਖੇ ਇਕ ਸਮਾਗਮ ਦੌਰਾਨ 12:15 ਵਜੇ ਅਹੁਦੇ ਦੀ ਸਹੁੰ ਚੁਕਾਈ|
ਇਸ ਤੋਂ ਪਹਿਲਾਂ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਸ੍ਰੀ ਕੋਵਿੰਦ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ|
ਇਸ ਤੋਂ ਮਗਰੋਂ ਉਨ੍ਹਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਸੰਸਦ ਭਵਨ ਵਿਚ ਸਹੁੰ ਚੁਕਾਈ ਗਈ| ਸਹੁੰ ਚੁੱਕ ਸਮਾਗਮ ਵਿਚ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਲਾਲ ਕ੍ਰਿਸ਼ਨ ਅਡਵਾਨੀ, ਵੈਂਕਈਆ ਨਾਇਡੂ, ਸੋਨੀਆ ਗਾਂਧੀ ਅਤੇ ਹੋਰ ਕਈ ਉਘੇ ਲੀਡਰ ਮੌਜੂਦ ਸਨ|