ਨਵੀਂ ਦਿੱਲੀ  : ਕਾਰਗਿਲ ਵਿਜੇ ਦਿਵਸ ਨੂੰ ਅੱਜ 18 ਸਾਲ ਹੋ ਗਏ ਹਨ| ਇਸ ਮੌਕੇ ਦੇਸ਼ ਸ਼ਹੀਦਾਂ ਨੂੰ ਨਮਨ ਕਰ ਰਿਹਾ ਹੈ| ਅੱਜ ਤੋਂ ਠੀਕ 18 ਸਾਲ ਪਹਿਲਾਂ ਸਾਲ 1999 ਵਿਚ ਭਾਰਤੀ ਸੈਨਾ ਨੇ ਕਾਰਗਿਲ ਵਿਚ ਪਾਕਿਸਤਾਨੀ ਘੁਸਪੈਠੀਆਂ ਨੂੰ ਆਪਣੇ ਦੇਸ਼ ਵਿਚੋਂ ਖਦੇੜ ਦਿੱਤਾ ਸੀ| ਭਾਰਤੀ ਸੈਨਿਕਾਂ ਦੀ ਇਸ ਵੱਡੀ ਜਿੱਤ ਨੂੰ ਹਰ ਸਾਲ 26 ਜੁਲਾਈ ਨੂੰ ਵਿਜੇ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ|
ਇਸ ਦੌਰਾਨ ਕਾਰਗਿਲ ਯੁੱਧ ਵਿਚ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਅੱਜ ਸਮੁੱਚਾ ਦੇਸ਼ ਨਮਨ ਕਰ ਰਿਹਾ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਟਵੀਟ ਕੀਤਾ ਹੈ ਕਿ ਕਾਰਗਿਲ ਵਿਜੇ ਦਿਵਸ ਸਾਨੂੰ ਭਾਰਤੀ ਫੌਜ ਦੀ ਤਾਕਤ ਤੇ ਮਹਾਨ ਕੁਰਬਾਨੀਆਂ ਦੀ ਯਾਦ ਕਰਾਉਂਦਾ ਹੈ ਅਤੇ ਸਾਡੇ ਜਵਾਨਾਂ ਨੇ ਦੇਸ਼ ਨੂੰ ਦ੍ਰਿੜਤਾ ਨਾਲ ਸੁਰੱਖਿਅਤ ਕੀਤਾ ਹੈ|
ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅੱਜ ਇੰਡੀਆ ਗੇਟ ਅਤੇ ਜੰਤਰ ਮੰਤਰੀ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਥੇ ਵੱਖ-ਵੱਖ ਆਗੂਆਂ ਤੋਂ ਇਲਾਵਾ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ|