ਚੰਡੀਗੜ੍ਹ : ਪੰਜਾਬ ਦੇ ਪ੍ਰਾਈਮਰੀ ਸਕੂਲਾਂ ਵਿਚ ਪੜ੍ਹਣ ਵਾਲੇ ਬੱਚੇ ਛੇਤੀ ਹੀ ਵੱਡੇ-ਵੱਡੇ ਸਕੂਲ ਦੇ ਬੈਗਾਂ ਤੋਂ ਮੁਕਤ ਹੋ ਜਾਣਗੇ| ਬੱਚਿਆਂ ਨੂੰ ਸਕੂਲਾਂ ਵਿਚ ਡਿਜੀਟਲ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ| ਇਸ ਸਬੰਧ ਵਿਚ ਕਾਰਵਾਈ ਆਰੰਭ ਕੀਤੀ ਜਾ ਚੁੱਕੀ ਹੈ| ਇਹ ਜਾਣਕਾਰੀ ਅੱਜ ਇਥੇ ਪੱਤਰਕਾਰਾਂ ਨੂੰ ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਦਿੱਤੀ|
ਸਿੱਖਿਆ ਮੰਤਰੀ ਨੇ ਦੱਸਿਆ ਕਿ ਬਹੁਤ ਦੇਰ ਤੋਂ ਅਨੁਭਵ ਕੀਤਾ ਜਾ ਰਿਹਾ ਸੀ ਕਿ ਪ੍ਰਾਈਮਰੀ ਦੇ ਬੱਚਿਆਂ ਨੂੰ ਸਕੂਲ ਬੈਗ ਤੋਂ ਮੁਕਤੀ ਦਿਵਾਈ ਜਾਵੇ| ਅਜਿਹਾ ਵੀ ਦੇਖਣ ਵਿਚ ਆਇਆ ਸੀ ਕਿ ਕਈ ਸਕੂਲਾਂ ਵਿਚ ਬੱਚਿਆਂ ਦੀਆਂ ਪੁਸਤਕਾਂ ਦੇ ਬੈਗ ਇੰਨੇ ਵੱਡੇ ਹੁੰਦੇ ਸਨ ਕਿ ਉਨ੍ਹਾਂ ਨੂੰ ਚੁਕਣਾ ਵੀ ਮੁਸ਼ਕਿਲ ਹੋ ਜਾਂਦਾ ਸੀ| ਬੱਚਿਆਂ ਨੂੰ ਸਕੂਲ ਬੈਗ ਤੋਂ ਛੁਟਕਾਰਾ ਦਿਵਾਉਣ ਲਈ ਮੁਢਲੀ ਸਿੱਖਿਆ ਵਿਚ ਡਿਜੀਟਲ ਪੜ੍ਹਾਈ ਨੂੰ ਅਪਣਾਇਆ ਜਾ ਰਿਹਾ ਹੈ| ਇਸ ਸਬੰਧ ਵਿਚ ਅਧਿਆਪਕਾਵਾਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ|
ਅਰੁਣਾ ਚੌਧਰੀ ਨੇ ਦੱਸਿਆ ਕਿ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਮੁਹਿੰਮ ਦੇ ਅਧੀਨ ਮੁਢਲੀ ਸਿੱਖਿਆ ਵਿਚ ਤਬਦੀਲੀ ਲਿਆਈ ਜਾ ਰਹੀ ਹੈ| ਉਨ੍ਹਾਂ ਨੇ ਕਿਹਾ ਕਿ ਪ੍ਰਾਈਮਰੀ ਸਕੂਲ ਦੇ ਬੱਚੇ ਬਹੁਤ ਛੋਟੀ ਹੁੰਦੇ ਹਨ| ਉਨ੍ਹਾਂ ਉਤੇ ਪੁਸਤਕਾਂ ਦਾ ਜਿਆਦਾ ਬੋਝ ਨਹੀਂ ਪਾਉਣਾ ਚਾਹੀਦਾ| ਪੜ੍ਹਾਈ ਨੂੰ ਰੂਚੀ ਅਤੇ ਦਿਲਚਸਪ ਬਣਾਉਣ ਲਈ ਡਿਜੀਟਲ ਸਿੱਖਿਆ ਨੂੰ ਅਪਣਾਇਆ ਜਾ ਰਿਹਾ ਹੈ|