ਸ਼ਾਹਕੋਟ ; ਸ਼ਾਹਕੋਟ ਇਲਾਕੇ ਦਾ ਅਕਾਲੀ-ਭਾਜਪਾ ਸਰਕਾਰ ਸਮੇਂ ਲਗਾਤਾਰ ਵਿਕਾਸ ਹੋਇਆ ਹੈ ਪਰ ਸੂਬੇ ‘ਚ ਕਾਂਗਰਸ ਸਰਕਾਰ ਨੇ ਹੌਂਦ ‘ਚ ਆਉਂਦਿਆਂ ਹੀ ਇਲਾਕੇ ਦੇ ਵਿਕਾਸ ਕਾਰਜਾਂ ‘ਤੇ ਬ੍ਰੇਕ ਲਗਾ ਦਿੱਤੀ ਹੈ। ਜਿਸ ਦੇ ਨਤੀਜੇ ਵਜੋਂ ਹਲਕੇ ਅੰਦਰ ਅੱਜ ਕਈ ਵਿਕਾਸ ਕਾਰਜ ਅਧੂਰੇ ਪਏ ਹਨ ਤੇ ਕਈ ਇਲਾਕੇ ਵਿਕਾਸ ਦੀ ਰਫਤਾਰ ਨਾਲ ਜੁੜਣ ਤੋਂ ਸੱਖਣੇ ਰਹਿ ਗਏ ਹਨ ਪਰ ਕਾਂਗਰਸ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਉਕਤ ਸ਼ਬਦਾ ਦਾ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਵਿਧਾਇਕ ਜਥੇ. ਅਜੀਤ ਸਿੰਘ ਕੋਹਾੜ ਨੇ ਅੱਜ ਸਥਾਨਕ ਸ਼ਮਸ਼ਾਨ ਘਾਟ ਰੋਡ (ਬਾਗ ਵਾਲਾ ਮੁਹਲਾ) ਦਾ ਦੌਰਾ ਕਰਨ ਦੌਰਾਨ ਕੀਤਾ।
ਕੋਹਾੜ ਨੇ ਕਿਹਾ ਕਿ ਕਾਂਗਰਸੀਆਂ ਨੇ ਹਲਕੇ ਦੇ ਵਿਕਾਸ ਲਈ ਆਪਣੀ ਸਰਕਾਰ ਤੋਂ ਮੰਗ ਤਾਂ ਕੀ ਕਰਨੀ ਹੈ ਸਗੋਂ ਹੀ ਲੋਕਾਂ ਵਲੋਂ ਕਰਵਾਏ ਗਏ ਕੰਮਾਂ ਨੂੰ ਹੀ ਹਲਕੇ ਦੇ ਕਾਂਗਰਸੀ ਆਗੂ ਸਰਕਾਰ ਦੀ ਪ੍ਰਾਪਤੀ ਗਿਣਵਾਉਣ ‘ਚ ਲੱਗੇ ਹੋਏ ਹਨ। ਕੋਹਾੜ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ ਕਿ ਜੋ ਰੋਡ ਅਜੇ ਤਕ ਬਣੀ ਹੀ ਨਹੀਂ ਉਸ ਦੇ ਬਣੀ ਹੋਣ ਬਾਰੇ ਅਖਬਾਰਾਂ ‘ਚ ਕਾਂਗਰਸੀ ਬਿਆਨ ਦੇ ਕੇ ਸੜਕ ਬਣਨ ਦਾ ਸਿਹਰਾ ਤਕ ਕਾਂਗਰਸ ਸਰਕਾਰ ਨੂੰ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਭ ਦਿੱਸਦਾ ਹੈ।
ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾ ਨੂੰ ਰੁਕਵਾ ਕੇ ਕਾਂਗਰਸ ਸਰਕਾਰ ਨੇ ਪਹਿਲਾਂ ਹੀ ਵਿਕਾਸ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ ਸੀ ਤੇ ਹੁਣ ਇਲਾਕੇ ਦੇ ਕਾਂਗਰਸੀਆਂ ਆਪਣੀ ਸਰਕਾਰ ਦੇ ਲੋਕ ਵਿਰੋਧੀ ਅਕਸ ਨੂੰ ਸੁਧਾਰਨ ਲਈ ਅਜਿਹੇ ਵਿਕਾਸ ਕਾਰਜਾ ਬਾਰੇ ਬਿਆਨ ਦੇ ਰਹੇ ਹਨ, ਜੋ ਹੋਏ ਹੀ ਨਹੀਂ। ਕੋਹਾੜ ਨੇ ਕਿਹਾ ਕਿ ਅਜਿਹਾ ਕਰਕੇ ਉਕਤ ਕਾਂਗਰਸੀ ਆਗੂ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਨੂੰ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਥੇ. ਚਰਨ ਸਿੰਘ ਸਿੰਧੜ, ਤਰਸੇਮ ਲਾਲ ਮਿੱਤਲ, ਤਰਸੇਮ ਦੱਤ ਛੁਰਾ (ਦੋਵੇਂ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ) ਮੰਗਾ ਮੱਟੂ ਪ੍ਰਧਾਨ ਯੂਥ ਅਕਾਲੀ ਦਲ, ਅਨਵਰ ਮਸੀਹ ਸਾਬਕਾ ਕੌਂਸਲਰ, ਸੁਦਰਸ਼ਨ ਸੋਬਤੀ ਜ਼ਿਲਾ ਜਨਰਲ ਸੱਕਤਰ ਭਾਜਪਾ, ਰੋਬਿਨ ਅਰੋੜਾ ਜਨਰਲ ਸਕੱਤਰ ਭਾਜਪਾ ਬਲਾਕ ਸ਼ਾਹਕੋਟ, ਅਵਤਾਰ ਸਿੰਘ, ਸੁਖਮਿੰਦਰ ਪਾਲ ਸਿੰਘ ਮੰਗਾ ਤੇ ਹੋਰ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।