ਬਾਲੀਵੁੱਡ ਦਾ ਮਾਹੌਲ ਜੋ ਵੀ ਹੋਵੇ, ਇਮਰਾਨ ਹਾਸ਼ਮੀ ਆਪਣੇ ਮਸਤ ਚਾਲੇ ਤੁਰਨ ਵਾਲਾ ਅਦਾਕਾਰ ਹੈ। ਬਤੌਰ ਅਦਾਕਾਰ ਮਿਹਨਤ ਕਰਨ ‘ਚ ਯਕੀਨ ਰੱਖਣ ਵਾਲੇ ਇਮਰਾਨ ਦਾ ਕਹਿਣਾ ਹੈ ਕਿ ਉਹ ਕਦੇ ਆਪਣੀ ਫ਼ਿਲਮ ਦੀ ਬਾਕਸ ਆਫ਼ਿਸ ‘ਤੇ ਸਫ਼ਲਤਾ ਦੀ ਚਿੰਤਾ ਨਹੀਂ ਕਰਦਾ। ਭਾਵੇਂ ਉਸ ਦੀਆਂ ‘ਰਾਜਾ ਨਟਵਰਲਾਲ’, ‘ਹਮਾਰੀ ਅਧੂਰੀ ਕਹਾਨੀ’ ਅਤੇ ‘ਅਜ਼ਹਰ’ ਵਰਗੀਆਂ ਫ਼ਿਲਮਾਂ ਸਫ਼ਲ ਨਹੀਂ ਹੋ ਸਕੀਆਂ ਪਰ ਇਸ ਨਾਲ ਉਸ ਦੇ ਕਰੀਅਰ ਗ੍ਰਾਫ਼ ‘ਤੇ ਕੋਈ ਬਹੁਤਾ ਅਸਰ ਨਹੀਂ ਪਿਆ ਹੈ। ਆਪਣੀ ਆਉਣ ਵਾਲੀ ਫ਼ਿਲਮ ‘ਬਾਦਸ਼ਾਹੋ’ ਬਾਰੇ ਪੁੱਛੇ ਜਾਣ ‘ਤੇ ਇਮਰਾਨ ਨੇ ਕਿਹਾ ਕਿ ‘ਮੈਨੂੰ ਇਸ ਫ਼ਿਲਮ ਤੋਂ ਬਹੁਤ ਆਸਾਂ ਹਨ। ਫ਼ਿਲਮ ਦੀ ਅਸਫ਼ਲਤਾ ਤੋਂ ਬਚਣ ਦਾ ਸਿਰਫ਼ ਇੱਕੋ ਤਰੀਕਾ ਹੈ ਕਿ ਫ਼ਿਲਮ ਬਣਾਈ ਹੀ ਨਾ ਜਾਵੇ। ਜੇ ਅਸੀਂ ਕੋਸ਼ਿਸ ਕਰਾਂਗੇ ਤਾਂ ਹੀ ਸਫ਼ਲਤਾ ਜਾਂ ਅਸਫ਼ਲਤਾ ਦਾ ਸਵਾਲ ਪੈਦਾ ਹੁੰਦਾ ਹੈ।’ ਫ਼ਲਾਪ ਫ਼ਿਲਮਾਂ ਬਾਰੇ ਪੁੱਛੇ ਜਾਣ ‘ਤੇ ਇਮਰਾਨ ਨੇ ਕਿਹਾ ਕਿ ‘ਇੰਡਸਟਰੀ ਵਿੱਚ ਟਿਕਣ ਲਈ ਮਿਹਨਤ ਬਹੁਤ ਜ਼ਰੂਰੀ ਹੈ। ਜਦੋਂ ਮਿਹਨਤ ਕਰਨੀ ਬੰਦ ਕਰ ਦਿਓਗੇ ਤਾਂ ਹੀ ਤੁਸੀਂ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰੋਗੇ। ਮੈਂ ਖ਼ੁਦ ਨੂੰ ਅਜਿਹਾ ਸੋਚਣ ਦਾ ਮੌਕਾ ਹੀ ਨਹੀਂ ਦਿੰਦਾ।’ ‘ਬਾਦਸ਼ਾਹੋ’ ਬਾਰੇ ਇਮਰਾਨ ਨੇ ਪੂਰੇ ਭਰੋਸੇ ਨਾਲ ਕਿਹਾ ਕਿ ‘ਮੈਨੂੰ ਇਸ ਤੋਂ ਬਹੁਤ ਉਮੀਦਾਂ ਹਨ। ਇਹ ਮੇਰੇ ਕਰੀਅਰ ਦਾ ਸਭ ਤੋਂ ਵਧੀਆ ਦੌਰ ਹੈ। ਮੈਂ ਜਿਹੋ ਜਿਹੇ ਕਿਰਦਾਰ ਕਰਨਾ ਚਾਹੁੰਦਾ ਸਾਂ, ਮੈਨੂੰ ਹੁਣ ਮਿਲ ਰਹੇ ਹਨ।…ਅਸੀਂ ਸੱਤ ਸਾਲਾਂ ਬਾਅਦ ਇੱਕੱਠੇ ਆ ਰਹੇ ਹਾਂ।