ਅਤੁਲ ਮਾਂਜਰੇਕਰ ਵੱਲੋਂ ਨਿਰਦੇਸ਼ਿਤ ਅਤੇ ਪ੍ਰੇਰਨਾ ਅਰੋੜਾ ਅਤੇ ਰਾਕੇਸ਼ ਓਮਪ੍ਰਕਾਸ਼ ਮਹਿਰਾ ਵੱਲੋਂ ਬਣਾਈ ਜਾ ਰਹੀ ‘ਫ਼ੰਨੇ ਖ਼ਾਂ’ ਵਿੱਚ ਐਸ਼ਵਰਿਆ ਰਾਏ ਬੱਚਨ ਮੁੱਖ ਕਿਰਦਾਰ ਵਿੱਚ ਹੈ। ਐਸ਼ਵਰਿਆ ਲਈ ਇਹ ਇੱਕ ਮਹਤੱਵਪੂਰਨ ਫ਼ਿਲਮ ਹੈ ਜਿਸ ਲਈ ਉਹ ਕਾਫ਼ੀ ਮਿਹਨਤ ਕਰ ਰਹੀ ਹੈ। ਇਸ ਲਈ ਐਸ਼ਵਰਿਆ ਨੇ ਉਸੇ ਯੋਗਾ ਟ੍ਰੇਨਰ ਨੂੰ ਚੁਣਿਆ ਹੈ ਜਿਸ ਨੇ ਉਸ ਨੂੰ ‘ਧੂਮ 2’ ਲਈ ਤਿਆਰ ਕੀਤਾ ਸੀ। ‘ਧੂਮ 2’ ਵਿੱਚ ਐਸ਼ਵਰਿਆ ਕਿੰਨੀ ਖ਼ੂਬਸੂਰਤ ਦਿਖਾਈ ਦਿੱਤੀ ਸੀ, ਇਹ ਤਾਂ ਸਭ ਨੂੰ ਯਾਦ ਹੀ ਹੋਵੇਗਾ! ਉਂਜ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਿੱਚ ਸਿਰਫ਼ ਕੁਝ ਹਫ਼ਤੇ ਹੀ ਬਾਕੀ ਹਨ। ਫ਼ਿਲਮ ਦੀ ਸ਼ੂਟਿੰਗ ਪਹਿਲਾਂ ਮੁੰਬਈ ਵਿੱਚ ਹੋਵੇਗੀ। ਇਸ ਵਿੱਚ ਐਸ਼ਵਰਿਆ ਨਾਲ ਅਨਿਲ ਕਪੂਰ ਵੀ ਹੋਣਗੇ। ਅਨਿਲ ਇੱਕ ਅਸਫ਼ਲ ਗਾਇਕ ਅਤੇ ਐਸ਼ਵਰਿਆ ਇੱਕ ਸਫ਼ਲ ਗਾਇਕਾ ਰੇਹਾਨਾ ਦਾ ਕਿਰਦਾਰ ਨਿਭਾਏਗੀ। ਇਸ ਫ਼ਿਲਮ ਵਿੱਚ ਅਨਿਲ ਅਤੇ ਐਸ਼ਵਰਿਆ ਦੀ ਜੋੜੀ ਫ਼ਿਲਮ ‘ਹਮਾਰਾ ਦਿਲ ਆਪ ਕੇ ਪਾਸ ਹੈ’ ਤੋਂ 17 ਸਾਲ ਬਾਅਦ ਇੱਕੱਠੀ ਵੱਡੇ ਪਰਦੇ ‘ਤੇ ਨਜ਼ਰ ਆਏਗੀ। ਇਸ ਫ਼ਿਲਮ ਦੇ ਇੱਕ ਹੋਰ ਅਹਿਮ ਕਿਰਦਾਰ ਲਈ ਹੀਰੋ ਦੀ ਚੋਣ ਅਜੇ ਬਾਕੀ ਹੈ। ਜਿਸ ਲਈ ਫ਼ਿਲਹਾਲ ਰਾਜਕੁਮਾਰ ਰਾਵ ਅਤੇ ਵਿੱਕੀ ਕੌਸ਼ਲ ਦੇ ਨਾਂ ਚਰਚਾ ‘ਚ ਹਨ। ਹਾਲ ਹੀ ਵਿੱਚ ਇਸ ਫ਼ਿਲਮ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਐਸ਼ਵਰਿਆ ਨੇ ਅਗਲੇ ਮਹੀਨੇ ਤੋਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ। ਫ਼ਿਲਮ ਅਕਤੂਬਰ ਤਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਐਸ਼ਵਰਿਆ ਦੇ ਪ੍ਰਸ਼ੰਸਕਾਂ ਲਈ ਉਡੀਕ ਸ਼ੁਰੂ ਹੋ ਚੁੱਕੀ ਹੈ ਕਿ ਉਹ ਨਵੀਂ ਫ਼ਿਲਮ ਵਿੱਚ ਕਿਸ ਨਵੇਂ ਅੰਦਾਜ਼ ਨਾਲ ਜਾਦੂ ਬਿਖੇਰੇਗੀ। ‘ਫ਼ੰਨੇ ਖ਼ਾਂ’ ਫ਼ਿਲਮ 2000 ਦੇ ਡਚ ਰਿਲੀਜ਼ ‘ਐਵਰੀਬਡੀ ਇਜ਼ ਫ਼ੇਮਸ’ ਦਾ ਹਿੰਦੀ ਰੂਪ ਹੋਵੇਗੀ ਜਿਸ ਨੂੰ 73ਵੇਂ ਅਕਾਦਮੀ ਐਵਾਰਡਾਂ ਵਿੱਚ ਸਰਬੋਤਮ ਵਿਦੇਸ਼ੀ ਭਾਸ਼ਾ ਫ਼ਿਲਮ ਵਰਗ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਹ ਫ਼ਿਲਮ ਇੱਕ 17 ਸਾਲਾ ਗਾਇਕਾ ਦੀ ਕਹਾਣੀ ਹੈ ਜਿਸ ਦਾ ਕਰੀਅਰ ਬੇਰੋਜ਼ਗਾਰ ਪਿਤਾ ਤੋਂ ਬਾਅਦ ਸ਼ੁਰੂ ਹੁੰਦਾ ਹੈ। ਉਸ ਦੇ ਪਿਤਾ ਦਾ ਸੁਪਨਾ ਵੀ ਸੰਗੀਤਕਾਰ ਬਣਨ ਦਾ ਹੁੰਦਾ ਹੈ ਪਰ ਇਹ ਸੁਪਨਾ ਅਧੂਰਾ ਰਹਿ ਜਾਂਦਾ ਹੈ। ਪਿਤਾ ਦੇ ਸੰਗੀਤਕਾਰ ਬਣਨ ਦੇ ਸੁਪਨੇ ਨੂੰ ਨਾਇਕਾ ਕਿਵੇਂ ਸਾਕਾਰ ਕਰਦੀ ਹੈ, ਇਹੀ ਫ਼ਿਲਮ ਦੀ ਕਹਾਣੀ ਹੈ। ਗਾਇਕਾ ਦੇ ਰੂਪ ‘ਚ ਐਸ਼ ਨੂੰ ਦੇਖਣਾ ਕਾਫ਼ੀ ਦਿਲਚਸਪ ਰਹੇਗਾ।