ਬੇਮਿਸਾਲ ਅਦਾਕਾਰਾ ਵਿੱਦਿਆ ਬਾਲਨ ਦੇ ਪਤੀ ਸਿੱਧਾਰਥ ਰਾਏ ਕਪੂਰ ਦੀ ਹੋਮ ਪ੍ਰੋਡਕਸ਼ਨ ਵਿੱਚ ਪਤਨੀ ਵਿੱਦਿਆ ਬਾਲਨ ਕੰਮ ਨਹੀਂ ਕਰੇਗੀ। ਇਸ ਬਾਰੇ ਸਿੱਧਾਰਥ ਨੇ ਕਿਹਾ, ‘ਦਰਅਸਲ ਇੱਕ ਪਰਿਵਾਰ ਦੇ ਰੂਪ ਵਿੱਚ ਅਸੀਂ ਪੇਸ਼ਾਵਰ ਅਤੇ ਨਿੱਜੀ ਕੰਮਾਂ ਨੂੰ ਅਲਹਿਦਾ ਰੱਖਣਾ ਦਾ ਫ਼ੈਸਲਾ ਕੀਤਾ ਹੈ ਅਤੇ ਇਹ ਸਾਡੇ ਲਈ ਵਧੀਆ ਹੈ ਕਿਉਂਕਿ ਇਸ ਤਰ੍ਹਾਂ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹਾਂ।’ ਫ਼ਿਲਮ ਨਿਰਮਾਤਾ ਸਿੱਧਾਰਥ ਰਾਏਕਪੂਰ ਨੇ ਆਪਣੇ ਘਰੇਲੂ ਬੈਨਰ ਰਾਏ ਕਪੂਰ ਫ਼ਿਲਮਜ਼ ਦੀ ਸ਼ੁਰੂਆਤ ਕਰ ਲਈ ਹੈ ਪਰ ਉਸ ਦਾ ਕਹਿਣਾ ਹੈ ਕਿ ਉਹ ਆਪਣੀ ਕਿਸੇ ਵੀ ਫ਼ਿਲਮ ਪ੍ਰਾਜੈਕਟ ਵਿੱਚ ਨਾ ਆਪਣੀ ਪਤਨੀ ਵਿੱਦਿਆ ਬਾਲਨ ਅਤੇ ਨਾ ਹੀ ਆਪਣੇ ਭਰਾ ਆਦਿੱਤਿਆ ਅਤੇ ਕੁਣਾਲ ਨੂੰ ਲੈਣਗੇ। ਫ਼ਿਲਹਾਲ ਸਿੱਧਾਰਥ ਨੇ ਤਿੰਨ ਫ਼ਿਲਮਾਂ ਦੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ। ਇਹ ਪੁੱਛੇ ਜਾਣ ‘ਤੇ ਕਿ ਪਤਨੀ ਵਿੱਦਿਆ ਵੀ ਕਿਸੇ ਪ੍ਰਾਜੈਕਟ ਦਾ ਹਿੱਸਾ ਹੋਵੇਗੀ, ਦੇ ਜਵਾਬ ਵਿੱਚ ਸਿੱਧਾਰਥ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਅਸੀਂ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਵੱਖਰਾਂ ਰੱਖਾਂਗੇ। ਇਸ ਤਰ੍ਹਾਂ ਅਸੀਂ ਇੱਕ ਦੂਜੇ ਨੂੰ ਵਧੀਆ ਢੰਗ ਨਾਲ ਸਮਝ ਸਕਦੇ ਹਾਂ।’ ਸਿੱਧਾਰਥ ਨੇ ਆਪਣੀਆਂ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਵਿੱਚ ਆਮਿਰ ਖ਼ਾਨ ਅਭਿਨੀਤ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਜ਼ਿੰਦਗੀ ‘ਤੇ ਬਣਨ ਵਾਲੀ ਫ਼ਿਲਮ, ਵਿਜੇਂਦਰ ਸਿੰਘ ਨਾਂ ਦੇ ਵਿਅਕਤੀ ‘ਤੇ ਬਣਨ ਵਾਲੀ ਇੱਕ ਫ਼ਿਲਮ ਦਾ ਜ਼ਿਕਰ ਕੀਤਾ ਜਿਸ ਵਿੱਚ ਨਾਇਕ ਉਤਰਾਖੰਡ ਦੇ ਹੜ੍ਹਾਂ ਵਿੱਚ ਆਪਣੀ ਪਤਨੀ ਖੋ ਦਿੰਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਫ਼ਿਲਮ ਇੱਕ ਕਿਤਾਬ ‘ਤੇ ਆਧਾਰਿਤ ਹੋਵੇਗੀ। ਇੱਕੋ ਪੇਸ਼ੇ ਦੀਆਂ ਦੋ ਦਿੱਗਜ ਫ਼ਿਲਮ ਹਸਤੀਆਂ ਦੇ ਵੱਖਰੇ ਵੱਖਰੇ ਰਾਹ ‘ਤੇ ਤੁਰਨ ਦਾ ਇਹ ਫ਼ੈਸਲਾ ਦੋਹਾਂ ਲਈ ਕਿੰਨਾ ਸਹੀ ਜਾਂ ਗ਼ਲਤ ਸਾਬਿਤ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ!