‘ਬੇਬੀ’, ‘ਏਅਰ ਲਿਫ਼ਟ’, ‘ਰੂਸਤਮ’ ਵਰਗੀਆਂ ਫ਼ਿਲਮਾਂ ਨਾਲ ਰਾਸ਼ਟਰੀ ਇਨਾਮ ਜੇਤੂ ਅਭਿਨੇਤਾ ਅਕਸ਼ੈ ਕੁਮਾਰ ਦੀ ਤੁਲਨਾ ਭਾਰਤ ਕੁਮਾਰ ਦੇ ਨਾਮ ਤੋਂ ਮਸ਼ਹੂਰ ਅਭਿਨੇਤਾ ਮਨੋਜ ਕੁਮਾਰ ਨਾਲ ਕੀਤੀ ਜਾਣ ਲੱਗੀ ਸੀ। ਮਨੋਜ ਕੁਮਾਰ ਨੇ ਵੀ ਲੋਕਾਂ ਵਿੱਚ ਦੇਸ਼ ਭਗਤੀ ਜਗਾਉਣ ਵਾਲੀਆਂ ਫ਼ਿਲਮਾਂ ਵਿੱਚ ਸਿਰਫ਼ ਅਭਿਨੈ ਹੀ ਨਹੀਂ ਕੀਤਾ, ਸਗੋਂ ਇਸੇ ਤਰ੍ਹਾਂ ਦੀਆਂ ਫ਼ਿਲਮਾਂ ਦੇ ਨਿਰਮਾਣ ਨਾਲ ਵੀ ਉਹ ਜੁੜਿਆ ਰਿਹਾ ਹੈ। ਉਸ ਦੀ ਹਾਲ ਹੀ ਵਿੱਚ ਰਿਲੀਜ਼ ਫ਼ਿਲਮ ‘ਟੌਇਲਟ: ਏਕ ਪ੍ਰੇਮ ਕਥਾ’ ਅਤੇ ਆਉਣ ਵਾਲੀ ਫ਼ਿਲਮ ‘ਪੈਡਮੈਨ’ ਦੇਸ਼, ਖ਼ਾਸ ਕਰਕੇ ਔਰਤਾਂ ਨਾਲ ਜੁੜੇ ਚਲੰਤ ਮੁੱਦਿਆਂ ਉੱਤੇ ਆਧਾਰਿਤ ਹੈ, ਪਰ ਅਕਸ਼ੈ ਕੁਮਾਰ ਮੰਨਦਾ ਹੈ ਕਿ ਉਹ ਤਾਂ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕਰਨਾ ਚਾਹੁੰਦਾ ਹੈ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
– ਹੁਣ ਤੁਸੀਂ ਸਮਾਜਿਕ ਮੁੱਦਿਆਂ ਵਾਲੀਆਂ ਫ਼ਿਲਮਾਂ ਨੂੰ ਪ੍ਰਧਾਨਤਾ ਦੇਣ ਲੱਗੇ ਹੋ ?
ਵੇਖੋ, ਮੈਂ ਵੱਖ ਵੱਖ ਤਰ੍ਹਾਂ ਦੀਆਂ ਫ਼ਿਲਮਾਂ ਵਿੱਚ ਵਿਭਿੰਨਤਾਪੂਰਨ ਕਿਰਦਾਰ ਨਿਭਾ ਰਿਹਾ ਹਾਂ ਜਿਨ੍ਹਾਂ ਦੀ ਚੋਣ ਮੈਂ ਇਹ ਸੋਚਕੇ ਨਹੀਂ ਕਰਦਾ ਕਿ ਮੈਨੂੰ ਇਸ ਤਰ੍ਹਾਂ ਦਾ ਕੋਈ ਖ਼ਾਸ ਸੰਦੇਸ਼ ਦੇਣਾ ਹੈ। ਜਦੋਂ ਮੈਨੂੰ ਕੋਈ ਰੌਚਿਕ ਅਤੇ ਉਤਸ਼ਾਹਿਤ ਕਰਨ ਵਾਲੀ ਪਟਕਥਾ ਮਿਲਦੀ ਹੈ ਤਾਂ ਮੈਂ ਉਸਦੇ ਨਾਲ ਜੁੜਤਾ ਹਾਂ। ਪਿਛਲੇ ਸਾਲ ਮੈਂ ਕਾਮੇਡੀ ਫ਼ਿਲਮ ‘ਹਾਊਸਫ਼ੁਲ 3’ ਵੀ ਕੀਤੀ ਸੀ। ਮੈਂ ਆਪਣੀ ਕੋਈ ਇੱਕ ਪਛਾਣ ਬਣਾਉਣਾ ਹੀ ਨਹੀਂ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਲੋਕ ਸੋਚਣ ਕਿ ਅਕਸ਼ੈ ਤਾਂ ਕੋਈ ਵੀ ਕਿਰਦਾਰ ਨਿਭਾ ਸਕਦਾ ਹੈ।   ਮੈਂ ਲੋਕਾਂ ਦਾ ਮਨੋਰੰਜਨ ਕਰਨ ਲਈ ਸਿਨਮਾ ਕਰਦਾ ਹਾਂ, ਉੱਤੋਂ ਜੇਕਰ ਮਨੋਰੰਜਨ ਦੇ ਨਾਲ ਨਾਲ ਕੋਈ ਸਮਾਜਿਕ ਮੁੱਦਾ ਵੀ ਉੱਭਰਦਾ ਹੈ ਅਤੇ ਉਸ ਸਮਾਜਿਕ ਮੁੱਦੇ ਨਾਲ ਲੋਕ ਜੁੜਤੇ ਹਨ ਤਾਂ ਚੰਗੀ ਗੱਲ ਹੈ। ਪਹਿਲੀ ਤਰਜ਼ੀਹ ਮਨੋਰੰਜਨ ਹੀ ਹੁੰਦਾ ਹੈ। ਹਾਲੀਆ ਰਿਲੀਜ਼ ਫ਼ਿਲਮ ‘ਟੌਇਲਟ: ਇੱਕ ਪ੍ਰੇਮ ਕਥਾ’ ਵੀ ਮਨੋਰੰਜਕ ਪ੍ਰੇਮ ਕਹਾਣੀ ਵਾਲੀ ਫ਼ਿਲਮ ਹੈ ਜਿਸ ਵਿੱਚ ਟੌਇਲਟ ਦਾ ਮੁੱਦਾ ਵੀ ਹੈ। ਇਹ ਫ਼ਿਲਮ ਸੱਚੀ ਘਟਨਾ ‘ਤੇ ਆਧਾਰਿਤ ਇੱਕ ਕਮਰਸ਼ਲ ਫ਼ਿਲਮ ਹੈ।
-ਟੌਇਲਟ ਪ੍ਰਤੀ ਤੁਹਾਡੀ ਕੀ ਸੋਚ ਹੈ ?
ਭਾਰਤ ਦੇ 54 ਫ਼ੀਸਦੀ ਘਰਾਂ ਵਿੱਚ ਟੌਇਲਟ ਨਹੀਂ ਹੈ। ਮੈਂ ਜਦੋਂ ਸਰਵੇਖਣ ਕੀਤਾ ਤਾਂ ਦੇਖਿਆ ਕਿ ਸਿਰਫ਼ ਆਰਥਿਕ ਦ੍ਰਿਸ਼ਟੀਕੋਣ ਤੋਂ ਕਮਜ਼ੋਰ ਲੋਕ ਹੀ ਟੌਇਲਟ ਬਣਾਉਣ ਤੋਂ ਪਰਹੇਜ਼ ਨਹੀਂ ਕਰਦੇ ਸਗੋਂ ਤਮਾਮ ਚੰਗੇ ਪਰਿਵਾਰਾਂ ਵਿੱਚ ਵੀ ਟੌਇਲਟ ਨਹੀਂ ਬਣਵਾਏ ਹਨ। ਉਨ੍ਹਾਂ ਦੀਆਂ ਦਲੀਲਾਂ ਵੀ ਅਜੀਬੋ ਗਰੀਬ ਹਨ। ਉਨ੍ਹਾਂ ਦੀ ਦਲੀਲ ਹੈ ਕਿ ਤੁਲਸੀ ਦਾ ਪੌਦਾ, ਰਸੋਈ ਘਰ ਅਤੇ ਟੌਇਲਟ ਨੇੜੇ ਤੇੜੇ ਕਿਵੇਂ ਹੋ ਸਕਦੇ ਹਨ ? ਪਰ ਵਿਰੋਧਾਭਾਸ ਇਹ ਹੈ ਕਿ ਇਹ ਮਲ ਤਿਆਗ ਲਈ ਉੱਥੇ ਜਾਂਦੇ ਹਨ ਜਿੱਥੇ ਖਾਦ ਪਦਾਰਥ ਉਗਾਏ ਜਾਂਦੇ ਹਨ। ਇਹ ਖੁੱਲ੍ਹੇ ਵਿੱਚ ਮਲ ਤਿਆਗ ਕਰਦੇ ਸਮੇਂ ਇਸ ਗੱਲ ਦਾ ਖਿਆਲ ਨਹੀਂ ਰੱਖਦੇ ਕਿ ਉੱਥੇ ਤੁਲਸੀ ਦਾ ਪੌਦਾ ਹੈ ਜਾਂ ਨਹੀਂ।
ਤੁਹਾਡੀ ਨਜ਼ਰ ਵਿੱਚ ਖੁੱਲ੍ਹੇ ਵਿੱਚ ਮਲ ਤਿਆਗ ਦੀ ਸਮੱਸਿਆ ਸਭ ਤੋਂ ਜ਼ਿਆਦਾ ਕਿੱਥੇ ਹੈ ?
ਇਹ ਸਮੱਸਿਆ ਸਿਰਫ਼ ਪਿੰਡਾਂ ਜਾਂ ਕਸਬਿਆਂ ਦੀ ਨਹੀਂ, ਸਗੋਂ ਮਹਾਨਗਰਾਂ ਦੀ ਵੀ ਹੈ। ਜੇਕਰ ਪਿੰਡਾਂ ਵਿੱਚ ਲੋਕ ਖੇਤ, ਨਦੀ, ਤਲਾਬ ਜਾਂ ਜੰਗਲ ਵਿੱਚ ਖੁੱਲ੍ਹੇ ਵਿੱਚ ਮਲ ਤਿਆਗਦੇ ਹਨ ਤਾਂ ਉੱਥੇ ਹੀ ਮਹਾਨਗਰਾਂ ਵਿੱਚ ਸਮੁੰਦਰ ਦੇ ਕੰਢੇ ਜਾਂ ਰੇਲ ਪਟਰੀਆਂ ਉੱਤੇ ਗੰਦਗੀ ਫ਼ੈਲਾਉਂਦੇ ਹਨ। ਇਸ ਗੰਦਗੀ ਨਾਲ ਲੋਕ ਰੋਗਾਂ ਦੀ ਚਪੇਟ ਵਿੱਚ ਆਉਂਦੇ ਹਨ। ਸਾਡੀ ਫ਼ਿਲਮ ਨੇ ਵੀ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਹੈ ਜਿਨ੍ਹਾਂ ਦੀ ਨੀਅਤ ਟੌਇਲਟ ਬਣਾਉਣ ਦੀ ਨਹੀਂ ਹੈ।
-ਇਸ ਫ਼ਿਲਮ ਦਾ ਸਿੱਧਾ ਸਬੰਧ ਪ੍ਰਧਾਨ ਮੰਤਰੀ ਦੇ ਸਵੱਛਤਾ ਅਭਿਆਨ ਨਾਲ ਹੈ ?
ਮੈਂ ਇਸ ਗੱਲ ਤੋਂ ਇਨਕਾਰ ਕਦੋਂ ਕੀਤਾ ਹੈ। ਮੈਂ ਤਾਂ ਬਚਪਨ ਤੋਂ ਹੀ ਸਵੱਛਤਾ ਨੂੰ ਲੈ ਕੇ ਕਾਫ਼ੀ ਜਾਗਰੂਕ ਰਿਹਾ ਹਾਂ। ਖੁੱਲ੍ਹੇ ਵਿੱਚ ਮਲ ਤਿਆਗਣ ਨਾਲ ਗੰਦਗੀ ਫ਼ੈਲਦੀ ਹੈ। ਸਵੱਛਤਾ, ਸਫ਼ਾਈ, ਬਦਬੂ, ਟੌਇਲਟ ਕੁਝ ਵੀ ਕਹੀਏ, ਇਸ ਸਭ ਦਾ ਇੱਕਮਾਤਰ ਮਕਸਦ ਭਾਰਤ ਨੂੰ ਸਵੱਛ ਕਰਨਾ ਹੈ। ਅੱਜ ਸਾਡੇ ਵਿੱਚ ਇਹੀ ਅਤਿ ਮਹੱਤਵਪੂਰਨ ਮੁੰਹਿਮ ਹੈ, ਪਰ ਮਹੱਤਵਪੂਰਨ ਗੱਲ ਇਹ ਹੈ ਕਿ ਸਵੱਛਤਾ ਦੇ ਮੁੱਦੇ ਨਾਲ ਮੇਰੀ ਫ਼ਿਲਮ ਵਿੱਚ ਇੱਕ ਚੰਗੀ ਪ੍ਰੇਮ ਕਹਾਣੀ ਅਤੇ ਮਨੋਰੰਜਨ ਹੈ।
-ਫ਼ਿਲਮ ਦੇ ਨਿਰਦੇਸ਼ਕ ਸ਼੍ਰੀਨਾਰਾਇਣ ਸਿੰਘ ਦੀ ਇਹ ਪਹਿਲੀ ਫ਼ਿਲਮ ਹੈ ?
ਮੇਰੇ ਲਈ ਇਹ ਨਵੀਂ ਗੱਲ ਨਹੀਂ ਹੈ। ਮੈਂ ਆਪਣੇ ਹੁਣ ਤਕ ਦੇ ਕਰੀਅਰ ਵਿੱਚ ਘੱਟ ਤੋਂ ਘੱਟ ਵੀਹ ਤੋਂ ਜ਼ਿਆਦਾ ਫ਼ਿਲਮਾਂ ਅਜਿਹੀਆਂ ਕੀਤੀਆਂ ਹਨ ਜੋ ਨਿਰਦੇਸ਼ਕਾਂ ਦੀਆਂ ਪਹਿਲੀਆਂ ਫ਼ਿਲਮਾਂ ਸਨ। ਨਵੇਂ ਨਿਰਦੇਸ਼ਕਾਂ ਅੰਦਰ ਕੁਝ ਬਿਹਤਰ ਕਰਕੇ ਵਿਖਾਉਣ ਦੀ ਇੱਛਾ ਸ਼ਕਤੀ ਹੁੰਦੀ ਹੈ। ਮੈਂ ਅਜਿਹੇ ਨਿਰਦੇਸ਼ਕਾਂ ਦੇ ਨਜ਼ਰੀਏ ਦੀ ਕਦਰ ਕਰਦਾ ਹਾਂ।
-ਕੀ ਹੁਣ ਬੌਲੀਵੁੱਡ ਵਿੱਚ ਇੱਕੱਲੇ ਨਿਰਮਾਤਾ ਨਹੀਂ ਰਹੇ ?
ਜੀ ਹਾਂ ! ਇੱਕ ਦਿਨ ਦੇ ਅੰਦਰ ਖ਼ਤਮ ਹੋ ਗਿਆ ਸਭ ਕੁਝ। ਪਤਾ ਹੀ ਨਹੀਂ ਚੱਲਿਆ। ਹੁਣ ਬਹੁਤ ਘੱਟ ਵਿਅਕਤੀ ਰਹਿ ਗਏ ਹਨ। ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦਾ ਹਾਂ। ਜਦੋਂ ਫ਼ਿਲਮ ਦਾ ਸਿਰਫ਼ ਇੱਕ ਹੀ ਨਿਰਮਾਤਾ ਹੁੰਦਾ ਸੀ ਤਾਂ ਸੈੱਟ ਉੱਤੇ ਘਰ ਦਾ ਖਾਣਾ ਮਿਲਦਾ ਸੀ। ਹੁਣ ਸਟੂਡਿਓ ਸਿਸਟਮ ਹੈ। ਨੌਂ ਤੋਂ ਸ਼ਾਮ ਤਕ ਕੰਮ ਹੁੰਦਾ ਹੈ।
-ਸੋਸ਼ਲ ਮੀਡੀਆ ਤੁਹਾਡੇ ਲਈ ਕਿੰਨੀ ਅਹਮਿਅਤ ਰੱਖਦਾ ਹੈ ?
ਸੋਸ਼ਲ ਮੀਡੀਆ ਦਾ ਅਸਰ ਤਾਂ ਪੈਂਦਾ ਹੈ। ਫ਼ਿਲਮ ਦੇਖਣ ਦੇ ਇੱਛੁਕ ਦਰਸ਼ਕ ਵੀ ਸੋਸ਼ਲ ਮੀਡੀਆ ਉੱਤੇ ਨਜ਼ਰ ਦੌੜਾਉਂਦੇ ਹਨ ਕਿ ਫ਼ਿਲਮ ਨੂੰ ਲੈ ਕੇ ਕੀ ਚਰਚਾਵਾਂ ਹਨ। ਇਸ ਦਾ 15 ਫ਼ੀਸਦੀ ਅਸਰ ਪੈਂਦਾ ਹੈ।
– ਤੁਹਾਡੀ ਹਰ ਫ਼ਿਲਮ ਵਿੱਚ ਵੱਖ ਵੱਖ ਕਿਰਦਾਰ ਨਿਭਾਉਣ ਦੀ ਕੋਸ਼ਿਸ਼ ਦੇ ਪਿੱਛੇ ਦੀ ਸੋਚ ਕੀ ਹੈ ?
ਮੈਂ ਸਿਰਫ਼ ਆਪਣੇ ਆਪ ਨੂੰ ਦੋਹਰਾਉਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੇਕਰ ਦੋ ਕਿਰਦਾਰ ਇੱਕੋ ਜਿਹੇ ਹੋਣਗੇ ਤਾਂ ਨੀਰਸਤਾ ਹੁੰਦੀ ਹੈ। ਸਵੇਰੇ ਉੱਠਕੇ ਮੈਂ ਚੰਗਾ ਮਹਿਸੂਸ ਕਰਨਾ ਚਾਹੁੰਦਾ ਹਾਂ ਕਿ ਮੈਂ ਕੁਝ ਵੱਖ ਕੰਮ ਕਰਨ ਜਾ ਰਿਹਾ ਹਾਂ। ਮੈਂ ਇੱਕੋ ਜਿਹਾ ਕੰਮ ਜਾਂ ਇੱਕੋ ਜਿਹੇ ਕਿਰਦਾਰ ਦੋ ਮਹੀਨੇ ਤੋਂ ਜ਼ਿਆਦਾ ਨਹੀਂ ਨਿਭਾ ਸਕਦਾ। ਇਸ ਲਈ ਮੈਂ ਆਪਣੀ ਹਰ ਫ਼ਿਲਮ ਦੀ ਸ਼ੂਟਿੰਗ ਦੋ ਮਹੀਨੇ ਵਿੱਚ ਖ਼ਤਮ ਕਰ ਦਿੰਦਾ ਹਾਂ। ਫ਼ਿਰ ਅੱਗੇ ਵੱਧ ਜਾਂਦਾ ਹਾਂ। ਹੁਣ ਮੈਂ ‘ਗੋਲਡ’ ਦੀ ਸ਼ੂਟਿੰਗ ਕਰ ਰਿਹਾ ਹਾਂ ਜਿਸਨੂੰ ਇੱਕ ਮਹੀਨੇ ਵਿੱਚ ਖ਼ਤਮ ਕਰ ਦੇਵਾਂਗਾ। ਮੈਨੂੰ ਹਰ ਫ਼ਿਲਮ ਵਿੱਚ ਆਪਣੀ ਪਛਾਣ ਬਦਲਣ ਵਿੱਚ ਮਜ਼ਾ ਆਉਂਦਾ ਹੈ। ਜਦੋਂ ਮੈਂ ਸਿਰਫ਼ ਐਕਸ਼ਨ ਜਾਂ ਕਾਮੇਡੀ ਫ਼ਿਲਮਾਂ ਕਰ ਰਿਹਾ ਸੀ ਤਾਂ ਨੀਰਸਤਾ ਆ ਜਾਂਦੀ ਸੀ।
-ਤੁਸੀਂ ਹੁਣ ਕਿਹੜੀਆਂ ਫ਼ਿਲਮਾਂ ਵਿੱਚ ਕੰਮ ਕਰ ਰਹੇ ਹੋ?
ਰਜਨੀਕਾਂਤ ਨਾਲ ਸਾਇੰਸ ਫ਼ਿਕਸ਼ਨ ਫ਼ਿਲਮ ‘ਰੋਬੋਟ 2.0’ ਕੀਤੀ ਹੈ। ਇਸ ਫ਼ਿਲਮ ਵਿੱਚ ਮੈਂ ਮੁੱਖ ਖਲਨਾਇੱਕ ਹਾਂ। ਸਵੱਛਤਾ ਅਤੇ ਔਰਤਾਂ ਦੀ ਸਿਹਤ ਦੀ ਗੱਲ ਕਰਨ ਵਾਲੀ ਫ਼ਿਲਮ ‘ਪੈਡਮੈਨ’ ਵੀ ਤਿਆਰ ਹੈ। ਫ਼ਿਲਹਾਲ ‘ਗੋਲਡ’ ਦੀ ਸ਼ੂਟਿੰਗ ਚੱਲ ਰਹੀ ਹੈ। ਇਸਤੋਂ ਬਾਅਦ ਟੀ ਸੀਰੀਜ਼ ਦੀ ਫ਼ਿਲਮ ‘ਮੋਗਲ’ ਦੀ ਸ਼ੂਟਿੰਗ ਕਰਨ ਵਾਲਾ ਹਾਂ। ਇਸਦੇ ਇਲਾਵਾ ਉਮੰਗ ਕੁਮਾਰ ਨਿਰਦੇਸ਼ਿਤ ‘ਫ਼ਾਇਵ’, ਨੀਰਜ ਪਾਂਡੇ ਨਿਰਦੇਸ਼ਿਤ ਮਨੋਵਿਗਿਆਨਕ ਥ੍ਰਿਲਰ ਫ਼ਿਲਮ ‘ਕਰੈਕ’ ਤੋਂ ਇਲਾਵਾ ਕੁਝ ਦੂਜੀਆਂ ਫ਼ਿਲਮਾਂ ਵੀ ਹਨ।.