ਭਜਨੇ ਰਾਠ ਕਾ ਕੌਡੂ ਸੱਥ ‘ਚ ਆਉਂਦਾ ਹੀ ਬਾਬੇ ਗੰਡਾ ਸਿਉਂ ਨੂੰ ਕਹਿੰਦਾ, ”ਕਿਉਂ ਬਾਬਾ! ਕਹਿੰਦੇ ਬਾਬੇ ਸ਼ੇਰ ਸਿਉਂ ਦੇ ਪੋਤੇ ਨੂੰ ਦਾਣਾ ਮੰਡੀ ‘ਚ ਜਿਨਸ ਖ਼ਰੀਦਣ ਆਲਿਆਂ ‘ਚ ਨੋਕਰੀ ਮਿਲਗੀ, ਛੋਟੂ ਦੇ ਵੱਡੇ ਮੁੰਡੇ ਘੋਗੜੀ ਨੂੰ। ਪੜ੍ਹਿਆ ਤਾਂ ਯਾਰ ਅੱਠ ਕੀ ਐ ਓਹੋ, ਨੋਕਰੀ ਪਤਾ ਨ੍ਹੀ ਕੀਹਨੇ ਦੇ ‘ਤੀ?”
ਮਾਹਲੇ ਨੰਬਰਦਾਰ ਨੇ ਕੌਡੂ ਦੀ ਗੱਲ ਸੁਣ ਕੇ ਕੌਡੂ ਨੂੰ ਪੁੱਛਿਆ, ”ਕਦੋਂ ਬਈ?”
ਸੀਤਾ ਮਰਾਸੀ ਕਹਿੰਦਾ, ”ਚੜਪਾਸੀ ਚੜਪੂਸੀ ਲੱਗਿਆ ਹੋਣੈ ਹੋਰ ਕਿਤੇ ਜ਼ਿਲੇਦਾਰ ਤਾਂ ਨ੍ਹੀ ਲਾ ‘ਤਾ।”
ਬਾਬਾ ਗੰਡਾ ਸਿਉਂ ਕਹਿੰਦਾ, ”ਚੜਪਾਸੀ ਵੀ ਤਾਂ ਸਰਕਾਰ ਦਾ ਈ ਨੋਕਰ ਹੁੰਦੈ। ਉਹ ਵੀ ਤਾਂ ਨੋਕਰੀਓ ਈ ਐ। ਤੇਰੇ ਭਾਅ ਦਾ ਬਈ ਸਤੀਲਦਾਰ ਦੀਓ ਈ ਨੋਕਰੀ ਹੁੰਦੀ ਐ। ਇਹ ਨ੍ਹੀ ਪਤਾ ਬਈ ਕਦੋਂ ਮਿਲੀ ਐ ਨੋਕਰੀ ਹੈਂਅ?”
ਕੌਡੂ ਕਹਿੰਦਾ, ”ਇਉਂ ਤਾਂ ਪਤਾ ਨ੍ਹੀ। ਮੈਨੂੰ ਤਾਂ ਨੰਦੋ ਮਹਿਰੀ ਨੇ ਦੱਸਿਆ। ਉਹ ਜੰਗੇ ਬਾਵੇ ਕੇ ਘਰੋਂ ਨਿਕਲੀ ਸੀ ਜਿਮੇਂ ਕੁਸ ਵੰਡਦੀ ਫ਼ਿਰਦੀ ਹੁੰਦੀ ਐ। ਮੈਂ ਕਿਤੇ ਨੰਦੋ ਨੂੰ ਪੁੱਛ ਲਿਆ ਬਈ ‘ਨੰਦੋ ਕੀਹਦਾ ਕੁਸ ਵੰਡਦੀ ਫ਼ਿਰਦੀ ਐਂ’? ਉਹ ਕਹਿੰਦੀ ‘ਬਾਬੇ ਸ਼ੇਰ ਸਿਉਂ ਦੇ ਪੋਤੇ ਨੂੰ ਨੋਕਰੀ ਮਿਲੀ ਐ। ਉਹਦੇ ਪਤਾਸੇ ਵੰਡਦੀ ਆਂ’। ਲੈ ਦੱਸ ਬਾਬਾ! ਐਡੀ ਛੇਤੀ ਕਿਮੇਂ ਨੋਕਰੀ ਮਿਲ ਗੀ ਉਹਨੂੰ ਬਈ। ਹਜੇ ਤਾਂ ਸਰਕਾਰ ਤੋਂ ਆਵਦਾ ਆਪ ਈ ਨ੍ਹੀ ਸੂਤ ਆਇਆ, ਉਹਨੂੰ ਕੀਹਨੇ ਸਤੀਲਦਾਰ ਲਾ ‘ਤਾ। ਸੱਚ ਜਾ ਤਾਂ ਆਉਂਦਾ ਨ੍ਹੀ, ਬਾਕੀ ਫ਼ੇਰ ਭਾਈ ਪਤਾ ਮਨ੍ਹੀ। ਕੁਸ ਕਹਿ ਮਨ੍ਹੀ ਸਕਦੇ। ਇੱਕ ਗੱਲ ਬਾਬਾ ਇਹ ਵੀ ਐ, ਕੋਈ ਕੋਰਸ ਕਾਰਸ ਕਰਦਾ ਮਨ੍ਹੀ ਸੁਣਿਆਂ ਕਦੇ ਓਹੋ। ਜਿਨਸ ਤਾਂ ਇਨਸਪਿਟਰ ਖਰੀਦ ਦਾ ਹੁੰਦੈ। ਨਾਲੇ ਉਹ ਤਾਂ ਖਾਸਾ ਵੱਡਾ ਅਸਫ਼ਰ ਹੁੰਦੈ। ਗੱਲ ਸਮਝੋ ਬਾਹਰ ਐ ਯਾਰ।”
ਬਿਸ਼ਨਾ ਬੁੜ੍ਹਾ ਅੱਖਾਂ ਤੋਂ ਐਨਕ ਲਾਹ ਕੇ ਸਾਫ਼ੇ ਨਾਲ ਅੱਖਾਂ ਦਾ ਪਾਣੀ ਪੂੰਝਦਾ ਕਹਿੰਦਾ, ”ਕੱਚਿਆਂ ਕੁੱਚਿਆਂ ‘ਚ ਦਿਹਾੜੀ ਦੂਹੜੀ ‘ਤੇ ਰੱਖਿਆ ਹੋਣੈ। ਦਾਣੇ ਖਰੀਦਣ ਆਲਿਆਂ ਦੇ ਨਾਲ ਭਾਅ ਭੂਅ ਲਿਖਣ ਆਲੇ ਵੀ ਫ਼ਿਰਦੇ ਹੁੰਦੇ ਐ ਪੰਜ ਸੱਤ ਜਾਣੇ। ਉਨ੍ਹਾਂ ‘ਚ ਨਾ ਰੱਖਿਆ ਹੋਵੇ ਕਿਤੇ।”
ਸੀਤਾ ਮਰਾਸੀ ਕਹਿੰਦਾ, ”ਹੁਣ ਤਾਂ ਫ਼ਿਰ ਦਾਣੇ ਫ਼ੱਕੇ ਦੀ ਵੀ ਰੁੱਤ ਨ੍ਹੀ। ਮੰਡੀ ‘ਚ ਤਾਂ ਚਿੰਗੜ ਮਾਰ ਜੇ ਬੈਠੇ ਐ। ਫ਼ਸਲ ਆਉਣ ‘ਚ ਵੀ ਹਜੇ ਚਾਰ ਮਹੀਨੇ ਪਏ ਐ। ਨਾਲੇ ਐਨਾ ਪਹਿਲਾਂ ਨ੍ਹੀ ਰੱਖਦੀ ਹੁੰਦੀ ਸਰਕਾਰ। ਇਹ ਤਾਂ ਕੋਈ ਹੋਰ ਈ ਈਂਘੜ ਬੀਂਘੜ ਨਿੱਕਲੂ। ਵੇਖ ਲਿਉ ਭਾਮੇਂ।”
ਏਨੇ ਚਿਰ ਨੂੰ ਬੁੱਘਰ ਦਖਾਣ ਨੂੰ ਨਾਥਾ ਅਮਲੀ ਸੱਥ ਵੱਲ ਆਉਂਦਾ ਦਿਸ ਗਿਆ। ਬੁੱਘਰ ਦਖਾਣ ਕਹਿੰਦਾ, ”ਹੋਅ ਆਉਂਦਾ ਆਪਣਾ ਬੀ.ਬੀ.ਸੀ. ਲੰਦਨ। ਉਹਨੂੰ ਸਾਰਾ ਈ ਪਤਾ ਹੋਊ। ਤੁਸੀਂ ਦੋ ਮਿੰਟ ਠਹਿਰੋ ਹੁਣ ਦੱਸ ਦਿੰਦਾ ਕਿਹੜਾ ਸਤੀਲਦਾਰ ਬਣਿਐਂ ਤੇ ਕਿਹੜਾ ਮੋਹਤਮ ਲੱਗਿਆ ਆਪਣੇ ਪਿੰਡ ‘ਚੋਂ?”
ਜਿਉਂ ਹੀ ਨਾਥਾ ਅਮਲੀ ਸੱਥ ‘ਚ ਆ ਗਿਆ ਤਾਂ ਬਾਬਾ ਗੰਡਾ ਸਿਉਂ ਵਲ ਫ਼ੇਰ ਜਾ ਪਾ ਕੇ ਨਾਥੇ ਅਮਲੀ ਨੂੰ ਕਹਿੰਦਾ, ”ਕਿਉਂ ਬਈ ਨਾਥਾ ਸਿਆਂ! ਆਪਣੇ ਪਿੰਡ ‘ਚ ਭਲਾ ਕਿੰਨੇ ਨੋਕਰੀਦਾਰ ਬੰਦੇ ਹੋਣਗੇ ਬਈ।”
ਅਮਲੀ ਕਹਿੰਦਾ, ”ਹੋਣਗੇ ਬਾਬਾ ਪੰਦਰਾਂ ਠਾਰਾਂ। ਤੈਨੂੰ ਕੀ ਖ਼ਤਰਾ ਪੈ ਗਿਆ ਨੋਕਰੀਦਾਰਾਂ ਤੋਂ?”
ਬਾਬਾ ਕਹਿੰਦਾ, ”ਮੈਂ ਤਾਂ ਵੈਸੇ ਈ ਪੁੱਛਿਐ। ਹੋਰ ਮੈਂ ਕਿਹੜਾ ਤਨਖਾਹ ਖੋਹਣੀ ਐ ਉਨ੍ਹਾਂ ਦੀ।”
ਪ੍ਰਤਾਪੇ ਭਾਊ ਨੇ ਪੁੱਛਿਆ, ”ਕਿਸੇ ਨੂੰ ਅੱਜ ਕੱਲ੍ਹ ‘ਚ ਵੀ ਆਪਣੇ ਪਿੰਡ ਦੇ ਨੂੰ ਕੋਈ ਨੋਕਰੀ ਮਿਲੀ ਐ ਅਮਲੀਆ?”
ਨਾਥਾ ਅਮਲੀ ਪ੍ਰਤਾਪੇ ਭਾਊ ਦੀ ਗੱਲ ਸੁਣ ਕੇ ਹੱਸ ਕੇ ਟਿੱਚਰ ‘ਚ ਕਹਿੰਦਾ, ”ਹਾਂ ਮਿਲੀ ਐ। ਤੂੰ ਹਠਾਉਣੈਂ ਓਹਨੂੰ?”
ਬਾਬੇ ਗੰਡਾ ਸਿਉਂ ਨੇ ਨਾਥੇ ਅਮਲੀ ਨੂੰ ਪੁੱਛਿਆ, ”ਤੈਨੂੰ ਤਾਂ ਨਾਥਾ ਸਿਆਂ ਪਤਾ ਹੋਣੈ, ਇਹ ਨੋਕਰੀ ਨਾਕਰੀ ਆਪਣੇ ਪਿੰਡ ਦੇ ਕਿਸੇ ਨੂੰ ਮਿਲੀ ਵੀ ਐ ਕੁ ਗਪੌੜ ਸਿਉਂ ਈਂ ਛੱਡੀ ਜਾਂਦੇ ਐ?”
ਅਮਲੀ ਕਹਿੰਦਾ, ”ਕਿਹੜੀ ਨੋਕਰੀ ਬਾਬਾ! ਇਹ ਤਾਂ ਐਮੇਂ ਟਿੱਚਰਾਂ ਕਰਦੇ ਐ। ਕਦੇ ਰੌੜਾਂ ‘ਚ ਵੀ ਮੀਂਹ ਪਿਐ। ਜਦੋਂ ਪਊ ਕਰੰਡ ਆਲੇ ਥਾਂ ਈ ਪਊ। ਉਹ ਗੱਲ ਨੋਕਰੀਆਂ ਦੀ ਐ। ਤਨਖਾਹ ਤਾਂ ਪਹਿਲਿਆਂ ਨੂੰ ਦੇਣ ਨੂੰ ਹੈਨ੍ਹੀ, ਨਮੀਆਂ ਨੋਕਰੀਆਂ ਭਾਲਦੇ ਐ।”
ਬਾਬੇ ਨੇ ਪੁੱਛਿਆ, ”ਟਿੱਚਰਾਂ ਕਿਮੇਂ ਬਈ?”
ਅਮਲੀ ਹੱਸ ਕੇ ਬਾਬੇ ਨੂੰ ਕਹਿੰਦਾ, ”ਲੈ ਸੁਣ ਲਾ ਫ਼ਿਰ। ਉਰ੍ਹੇ ਨੂੰ ਹੋ ਜਾ ਹੁਣ ਫਿਲਰ। ਐਡੀ ਦੂਰ ਤੋਂ ਨ੍ਹੀ ਤੈਨੂੰ ਗੱਲ ਸੁਣਨੀ। ਤੈਨੂੰ ਉੱਚੀ ਸੁਣਦੈ ਤੇ ਮੇਰੇ ਗਲ ‘ਚ ਕਨੇਡੂ ਨਿੱਕਲਿਆ ਵਿਆ। ਇਉਂ ਕਰ ਕੇ ਆਪਣੀਆਂ ਗਲਿਆਰੀਆਂ ਦੇ ਦੰਦੇ ਨ੍ਹੀ ਫ਼ਸਣੇ ਆਪਸ ਵਿੱਚ। ਉਰ੍ਹੇ ਐਥੇ ਜੇ ਆ ਜਾ ਜੇ ਪੰਤੜੇ ਦੀ ਗੱਲ ਸੁਣਨੀ ਐ ਤਾਂ। ਜਿਹੜੀ ਨੌਕਰੀ ਦੀ ਤੁਸੀਂ ਗੱਲ ਕਰਦੇ ਐਂ, ਬਾਬੇ ਸ਼ੇਰ ਸਿਉਂ ਦੇ ਮੁੰਡੇ ਨੂੰ ਨੋਕਰੀ ਕਾਹਨੂੰ ਮਿਲੀ ਐ।”
ਬਾਬਾ ਗੰਡਾ ਸਿਉਂ ਅਮਲੀ ਦੀ ਗੱਲ ਵਿੱਚੋਂ ਟੋਕ ਕੇ ਕਹਿੰਦਾ, ”ਤੇਨੰ ਦੋ ਮਹਿਰੀ ਪਤਾਸੇ ਕਾਹਦੇ ਵੰਡਦੀ ਫ਼ਿਰਦੀ ਸੀ ਫ਼ਿਰ?”
ਨਾਥਾ ਅਮਲੀ ਬਾਬੇ ਨੂੰ ਖਿਝ ਕੇ ਬੋਲਿਆ, ”ਗੱਲ ਤਾਂ ਯਾਰ ਬਾਬਾ ਸੁਣ ਲਿਆ ਕਰੋ ਪਹਿਲਾਂ। ਉਹ ਤਾਂ ਬਾਬੇ ਸ਼ੇਰ ਦੇ ਪੋਤੇ ਘੋਗੜੀ ਦੇ ਮੁੰਡਾ ਹੋਇਆ। ਉਹਦੇ ਪਤਾਸੇ ਵੰਡਦੀ ਸੀ। ਉਹ ਤਾਂ ਕਿਤੇ ਕੌਡੂ ਨੂੰ ਟਿੱਚਰ ‘ਚ ਕਹਿ ਗੀ ਬਈ ਸ਼ੇਰ ਸਿਉਂ ਦੇ ਪੋਤੇ ਨੂੰ ਨੋਕਰੀ ਮਿਲੀ ਐ। ਗੱਪਣ ਤਾਂ ਹੈ ਮਹਿਰੀ, ਹੋਰ ਕੀਅ੍ਹੈ। ਨੋਕਰੀ ਭਾਲਦੇ ਨੂੰ ਦੋ ਸਾਲ ਜ਼ਰੂਰ ਹੋ ਗੇ, ਪਰ ਨੋਕਰੀ ਨਾ ਮਿਲੀ ਤਾਂ ਘਰਦਿਆਂ ਨੇ ਵਿਆਹ ਕਰ ‘ਤਾ। ਹੁਣ ਮੁੰਡਾ ਹੋ ਗਿਆ। ਉਹਦੇ ਵੰਡਦੀ ਸੀ ਪਤਾਸੇ। ਐਮੇਂ ਤੁਰੀ ਜਾਂਦੀ ਕੌਡੂ ਨੂੰ ਟਰਫ਼ੱਲ ਮਾਰ ਗੀ।”
ਮਾਹਲਾ ਨੰਬਰਦਾਰ ਅਮਲੀ ਦੀ ਬਾਂਹ ਝੰਜੋੜ ਕੇ ਕਹਿੰਦਾ, ”ਤੂੰ ਅਸਲੀ ਗੱਲ ਸਣਾ ਯਾਰ, ਹੋਰ ਈ ਅੱਕਾਂ ‘ਚ ਡਾਂਗਾਂ ਮਾਰੀ ਜਾਂਨੈ।”
ਨਾਥਾ ਅਮਲੀ ਕਹਿੰਦਾ, ”ਸ਼ੇਰ ਦਾ ਪੋਤਾ ਘੋਗੜੀ ਨੋਕਰੀ ਭਾਲਦਾ ਭਾਲਦਾ ਆਵਦੇ ਸਹੁਰੀਂ ਚਲਾ ਗਿਆ। ਜਿੱਦੇਂ ਘੋਗੜੀ ਸਹੁਰੀਂ ਸੀ ਓਦਣ ਈ ਕਿਤੇ ਮੁੰਡਾ ਹੋ ਗਿਆ। ਘੋਗੜੀ ਨੇ ਘਰੇ ਟੈਲੀਫ਼ੂਨ ਕਰ ਕੇ ਘਰੇ ਸਨੇਹਾ ਲਾ ‘ਤਾ ਬਈ ਨੋਕਰੀ ਦਾ ਤਾਂ ਹਜੇ ਕੁਸ ਬਣਿਆਂ ਨ੍ਹੀ ਪਰ ਰੱਬ ਨੇ ਮੁੰਡਾ ਜ਼ਰੂਰ ਦੇ ‘ਤਾ। ਰਾਤ ਈ ਹੋਇਆ। ਘੋਗੜੀ ਦਾ ਤਾਇਆ ਮਕੰਦਾ ਕਹਿੰਦਾ ‘ਆਉਂਦਾ ਹੋਇਆ ਬੋਤਲ ਫ਼ੜੀ ਆਈਂ ਫ਼ਿਰ ਹੁਣ’। ਘੋਗੜੀ ਨੂੰ ਪਿੰਡ ਆਉਂਦੇ ਨੂੰ ਕਵੇਲਾ ਹੋ ਗਿਆ। ਇਉਂ ਸਮਝ ਲੋ ਬਈ ਜਿਹੜੀ ਨੋਕਰੀ ਸਰਕਾਰ ਨੇ ਦਿੱਤੀ ਐ, ਘੋਗੜੀ ਓੱਥੋਂ ਆਇਆ ਸੀ। ਜਦੋਂ ਯਾਦ ਆਇਆ ਬਈ ਤਾਏ ਨੇ ਤਾਂ ਸ਼ਰਾਬ ਦੀ ਬੋਤਲ ਮੰਗਾਈ ਸੀ, ਉਹ ਘਰ ਕੋਲੋਂ ਤਾਏ ਵਾਸਤੇ ਸ਼ਰਾਬ ਲੈਣ ਮੁੜ ਗਿਆ। ਸਾਰਾ ਸ਼ਹਿਰ ਗਾਹ ਮਾਰਿਆ, ਕਿਤੋਂ ਵੀ ਸ਼ਰਾਬ ਨਾ ਮਿਲੀ। ਫ਼ੇਰ ਯਾਰ ਆਇਆ ਬਈ ਸਰਕਾਰ ਨੇ ਤਾਂ ਨਸ਼ਾ ਈ ਬੰਦ ਕਰ ‘ਤਾ। ਘੋਗੜੀ ਭਿੱਜੀ ਬਿੱਲੀ ਬਣ ਕੇ ਘਰੇ ਆ ਗਿਆ ਨਿਮੋਝੂਣਾ ਜਾ ਹੋ ਕੇ। ਏਨੇ ਨੂੰ ਸਰਕਾਰ ਵਲੋਂ ਵੰਡੇ ਗਏ ਆਹ ਕੰਨ ਨੂੰ ਲਾਉਣ ਆਲੇ ਟੈਲੀਫ਼ੂਨ ਦੀ ਟੱਲੀ ਵੱਜ ਗੀ।”
ਅਮਲੀ ਦੀ ਗੱਲ ਟੋਕ ਕੇ ਸੀਤਾ ਮਰਾਸੀ ਕਹਿੰਦਾ, ”ਟੈਲੀਫ਼ੂਨ ਤਾਂ ਅਮਲੀਆ ਸਾਰੇ ਕੰਨ ਨੂੰ ਈਂ ਲੱਗਦੇ ਹੁੰਦੇ ਐ ਹੋਰ ਕਿਤੇ ਹੀਂ ਹੀਂ ਹੀਂ ੩। ਨਾਲੇ ਟੱਲੀ ਤਾਂ ਸ਼ੈਂਕਲ ਦੀ ਹੁੰਦੀ ਐ, ਟੈਲੀਫ਼ੂਨ ਦੀ ਤਾਂ ਘੰਟੀ ਹੁੰਦੀ ਐ।”
ਮਰਾਸੀ ਦੀ ਟਿੱਚਰ ਸੁਣ ਕੇ ਬਾਬਾ ਗੰਡਾ ਸਿਉਂ ਮਰਾਸੀ ਨੂੰ ਘੂਰਦਾ ਬੋਲਿਆ, ”ਚੁੱਪ ਨ੍ਹੀ ਕਰਦਾ ਓਏ ਮੀਰ। ਨਾਲੇ ਇਹੀ ਜੀ ਗੱਲ ਨ੍ਹੀ ਕਰੀਦੀ ਹੁੰਦੀ ਸੱਥ ‘ਚ ਜਿਹੀ ਜੀ ਤੂੰ ਕੀਤੀ ਐ। ਪਤੰਦਰੋ ਸੱਥ ‘ਚ ਤਾਂ ਚੱਜ ਦਾ ਬੋਲ ਲਿਆ ਕਰੋ। ਚੁੱਪ ਕਰ ਜਾ ਹੁਣ ਨਾ ਬੋਲੀਂ ਗੱਲ ਗਾਹਾਂ ਤੁਰਨ ਦੇ। ਹਾਂ ਬਈ ਨਾਥਾ ਸਿਆਂ ਅੱਗੇ ਵਧ।”
ਅਮਲੀ ਕਹਿੰਦਾ, ”ਅੱਗੇ ਫ਼ਿਰ ਕੀ ਸੀ ਬਾਬਾ। ਉਹ ਵੀ ਸੁਣ ਲਾ। ਮੈਂ ਚੂਹੇ ਫ਼ੂਨ ਦੀ ਗੱਲ ਕਰਦਾ ਸੀ ਬਾਬਾ ਜਿਹੜਾ ਬਿਨਾਂ ਤਾਰ ਤੋਂ ਹੁੰਦੈ। ਉਹਦੀ ਟੱਲੀ ਵੱਜਗੀ। ਜਦੋਂ ਸਰਕਾਰ ਦਾ ਦਿੱਤਾ ਟੈਲੀਫ਼ੂਨ ਕੰਮ ਨੂੰ ਲਾਇਆ ਤਾਂ ਅੱਗੋਂ ਬੰਦੇ ਨੇ ਬੋਲ ਕੇ ਪੁੱਛਿਆ ‘ਸੋਡੇ ਘਰੋਂ ਹੁਣ ਤਕ ਕਿੰਨੇ ਕਿਸਾਨਾਂ ਨੇ ਫ਼ਾਹਾ ਲਿਆ’। ਉਧਰੋਂ ਤਾਂ ਟੈਲੀਫ਼ੂਨ ‘ਚ ਚਵਲ-ਚਵਲ ਹੋਈ ਜਾਵੇ, ਓੱਧਰੋਂ ਬਾਬੇ ਸ਼ੇਰ ਸਿਉਂ ਦੇ ਘਰੋਂ ਅੰਬੋ ਮਖਤਿਆਰੋ ਹੋਕਰੇ ਮਾਰ ਮਾਰ ਪੁੱਛੇ ‘ਵੇ ਮੁੰਡਿਉ! ਸੋਡੇ ਬਾਪੂ ਦੀ ਪਿਲਸਨ ਆਲਾ ਕਾਤਕ ਨ੍ਹੀ ਥਿਆਉਂਦਾ, ਤੁਸੀਂ ਤਾਂ ਨ੍ਹੀ ਕਿਸੇ ਨੇ ਵੇਖਿਆ’। ਸ਼ੇਰ ਸਿਉਂ ਦਾ ਸਾਰਿਆਂ ਤੋਂ ਛੋਟਾ ਮੁੰਡਾ ਗੇਂਦੂ ਟਿੱਚਰ ‘ਚ ਅੰਬੋ ਨੂੰ ਕਹਿੰਦਾ ‘ਪਿਲਸਨ ਪੁਲਸਨ ਨ੍ਹੀ ਅੰਬੋ ਦੇਣੀ ਕਿਸੇ ਨੇ, ਜਿੰਨਾਂ ਜਿੰਨ੍ਹਾਂ ਦਾ ਕਰਜਾ ਮਾਫ਼ ਹੋਇਆ ਉਨ੍ਹਾਂ ਨੂੰ ਨ੍ਹੀ ਪਿਲਸਨ ਮਿਲਣੀ। ਐਮੇਂ ਨਾ ਰੌਲਾ ਪਾਈ ਜਾ’। ਏਨੇ ਚਿਰ ਨੂੰ ਪਿੰਡ ‘ਚ ਬਾਜਵਾ ਪੱਤੀ ‘ਚ ਰੌਲਾ ਪੈ ਗਿਆ ਅਕੇ ਠੇਕੇਦਾਰਾਂ ਦੇ ਸੁਰਜੂ ਬੁੜ੍ਹੇ ਦੀ ਵੱਡੀ ਨੂੰਹ ਦੀ ਰਾਤ ਨੂੰ ਕੋਈ ਗੁੱਤ ਵੱਢ ਕੇ ਲੈ ਗਿਆ। ਰੌਲਾ ਸੁਣ ਕੇ ਸਾਰਾ ਪਿੰਡ ਅੱਧੀ ਰਾਤ ਨੂੰ ਟਕੂਏ ਗੰਡਾਸੇ ਚੱਕੀ ਫ਼ਿਰੇ। ਜਦੋਂ ਨੂੰ ਲੋਕ ਸੁਰਜੂ ਬੁੜ੍ਹੇ ਕੇ ਘਰ ਗਏ ਉਦੋਂ ਨੂੰ ਪਿੰਡ ਦੇ ਦੂਜੇ ਪਾਸੇ ਲਾਲਾ ਲਾਲਾ ਹੋ ਗੀ ਅਕੇ ਸੱਜਣ ਸਿਉਂ ਨੰਬਰਦਾਰ ਦੇ ਘਰਆਲੀ ਪ੍ਰਸਿੰਨ ਕੁਰ ਨੂੰ ਨਾਲੇ ਤਾਂ ਕੋਈ ਧੱਕਾ ਦੇ ਕੇ ਮੰਜੇ ਤੋਂ ਹੇਠਾਂ ਸਿੱਟ ਗਿਆ, ਨਾਲੇ ਉਹਦੀ ਵੀ ਗੁੱਤ ਵੱਢੀ ਗਈ। ਅੱਧੇ ਕੁ ਲੋਕ ਸੱਜਣ ਨੰਬਰਦਾਰ ਕੇ ਘਰ ਵੱਲ ਨੂੰ ਭੱਜ ਲਏ। ਜਦੋਂ ਓੱਥੇ ਜਾ ਕੇ ਵੇਖਿਆ ਤਾਂ ਓੱਥੇ ਕੁਸ ਮਨ੍ਹਾ।”
ਪ੍ਰਤਾਪਾ ਭਾਊ ਗੱਲ ਸੁਣ ਕੇ ਹੈਰਾਨੀ ਨਾਲ ਕਹਿੰਦਾ, ”ਅੱਛਿਆਂ! ਜਿੱਦੇਂ ਰਾਤ ਨੂੰ ਚੋਰ-ਚੋਰ ਦਾ ਰੌਲਾ ਪਿਆ, ਆਹ ਗੱਲ ਸੀ ਗੁੱਤ ਵੱਢਣ ਆਲੀ। ਮੈਂ ਵੀ ਕਿਹਾ ਹਜੇ ਤਾਂ ਖਾਉ ਪੀਓ ਵੇਲਾ ਈ ਹੋਇਆ, ਵੱਜੇ ਗਿਆਰਾਂ, ਹੁਣੇ ਈ ਕਿੱਥੋਂ ਆ ਗੇ ਚੋਰ।”
ਰਤਨ ਸਿਉਂ ਸੂਬੇਦਾਰ ਕਹਿੰਦਾ, ”ਇਹ ਗੁੱਤਾਂ ਗੱਤਾਂ ਤਾਂ ਆਪਣੇ ਪਿੰਡ ‘ਚ ਈ ਕਈਆਂ ਬੁੜ੍ਹੀਆਂ ਦੀਆਂ ਵੱਢੀਆਂ ਗਈਆਂ ਸੁਣਦੇ ਐਂ।”
ਸੀਤਾ ਮਰਾਸੀ ਟਿੱਚਰ ‘ਚ ਸੂਬੇਦਾਰ ਨੂੰ ਕਹਿੰਦਾ, ”ਕਿਉਂ ਫ਼ੌਜੀਆ! ਇਹ ਸਭ ਦੀਆਂ ਗੁੱਤਾਂ ‘ਤੇ ਈ ਕੈਂਚੀ ਚੱਲਦੀ ਐ ਕੁ ਕਿਸੇ ਬੁੜ੍ਹੀ ਕੁੜੀ ਦਾ ਜਲੇਬੀ ਜੂੜਾ ਵੀ ਵੱਢਿਆ ਗਿਆ?”
ਨਾਥਾ ਅਮਲੀ ਮਰਾਸੀ ਨੂੰ ਕਹਿੰਦਾ, ”ਜਲੇਬੀ ਜੂੜੇ ਨੂੰ ਗਾਹਾਂ ਦੋ-ਦੋ ਗਜ ਲੰਬੇ ਵਾਲ ਐ ਬਈ ਜਲੇਬੀ ਜੂੜਾ ਹੋ ਜੂ। ਵਾਲ ਤਾਂ ਕੁੜੀਆਂ ਬੁੜ੍ਹੀਆਂ ਪਹਿਲਾਂ ਈ ਵਢਾਈ ਫ਼ਿਰਦੀਐਂ, ਜਲੇਬੀ ਜੂੜਾ ਕਿੱਥੋਂ ਹੋ ਜੇ। ਏਨੀਆਂ ਕੁ ਬੂਦਾਂ ਜੀਆਂ ਨਾਲ ਤਾਂ ਪਕੌੜੀ ਮਖਾਣਾ ਮਨ੍ਹੀ ਹੋਣੈ ਜਲੇਬੀ ਜੂੜਾ ਕਿੱਥੋਂ ਹੋ ਜੂ।”
ਏਨੇ ਚਿਰ ਨੂੰ ਗੱਲਾਂ ਕਰੀ ਜਾਂਦਿਆਂ ਤੋਂ ਸੱਥ ਦੇ ਸਾਹਮਣੇ ਜੰਗੀਰੇ ਗੱਜਣ ਕੇ ਘਰੇ ਫ਼ੜ ਲਉ, ਫ਼ੜ ਲਉ ਦਾ ਰੌਲਾ ਪੈ ਗਿਆ। ਆਂਢ-ਗੁਆਂਢ ਦੇ ਲੋਕ ਵੀ ਕੋਠਿਆਂ ਦੀ ਛੱਤ ‘ਤੇ ਚੜ੍ਹ ਕੇ ਰੌਲਾ ਪਾਉਣ ਲੱਗ ਪਏ ਬਈ ਕੋਈ ਗੁੱਤ ਵੱਢ ਗਿਆ। ਰੌਲਾ ਸੁਣ ਕੇ ਸਾਰੀ ਸੱਥ ਉੱਠ ਕੇ ਜੰਗੀਰੇ ਗੱਜਣ ਕੇ ਘਰ ਨੂੰ ਭੱਜ ਤੁਰੀ ਤੇ ਸੱਥ ਵੇਂਹਦਿਆਂ ਵੇਂਹਦਿਆਂ ਖਾਲੀ ਹੋ ਗਈ।