ਜਲੰਧਰ — ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾ ‘ਤੇ ਚਲ ਰਹੇ ਇਕ ਕੇਸ ਦਾ ਫੈਸਲਾ ਸੀ. ਬੀ. ਆਈ. ਕੋਰਟ ਵਲੋਂ ਅੱਜ ਸੁਣਾਇਆ ਜਾਵੇਗਾ। ਇਸ ਨੂੰ ਲੈ ਕੇ ਹਰਿਆਣਾ ਤੇ ਪੰਜਾਬ ‘ਚ ਹਾਲਾਤ ਬੇਹਦ ਸੰਵੇਦਨਸ਼ੀਲ ਬਣੇ ਹੋਏ ਹਨ। ਮਾਮਲੇ ਬਾਰੇ ਆਮ ਆਦਮੀ ਪਾਰਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਬੱਬੂ ਨੀਲਕੰਠ ਤੇ ਸੀਨੀਅਰ ਆਗੂ ਐੱਚ. ਐੱਸ. ਵਾਲੀਆ ਨੇ ਕਿਹਾ ਕਿ ਡੇਰਾ ਮੁਖੀ ਨੇ ਲੋਕਸਭਾ ਚੋਣ ‘ਚ ਭਾਜਪਾ ਦਾ ਸਾਥ ਦਿੱਤਾ ਸੀ ਤੇ ਜੇਕਰ ਇਸ ਕੇਸ ‘ਚ ਡੇਰਾ ਮੁਖੀ ਨੂੰ ਸਜ਼ਾ ਸੁਣਾਈ ਜਾਂਦੀ ਹੈ ਤਾਂ ਇਸ ਤੋਂ ਬਾਅਦ ਹਾਲਾਤ ਬਿਗੜਦੇ ਹਨ ਤਾਂ ਉਸ ਦੀ ਜ਼ਿੰਮੇਵਾਰੀ ਸਿੱਧੇ ਤੌਰ ‘ਤੇ ਮੋਦੀ ਸਰਕਾਰ ਦੀ ਹੋਵੇਗੀ। ਨੀਲਕੰਠ ਤੇ ਵਾਲੀਆ ਨੇ ਕਿਹਾ ਕਿ ਜੇਕਰ ਡੇਰਾ ਮੁਖੀ ‘ਤੇ ਲਗੇ ਦੋਸ਼ ਸਹੀ ਸਾਬਿਤ ਹੁੰਦੇ ਹਨ ਤਾਂ ਉਸ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਪ੍ਰੀਖਿਆ ਦੀ ਘੜੀ ਹੈ ਕਿ ਉਹ ਦੇਸ਼ ‘ਚ ਲਾਅ-ਐਂਡ-ਆਰਡਰ ਨੂੰ ਬਣਾਏ ਰੱਖਦੇ ਹਨ ਜਾਂ ਮਾਮਲੇ ‘ਚ ਸਿਆਸਤ ਕਰ ਕੇ ਲੋਕਾਂ ਨੂੰ ਮਰਵਾਉਂਦੇ ਹਨ। ‘ਆਪ’ ਦੇ ਜ਼ਿਲਾ ਪ੍ਰਧਾਨ ਬੱਬੂ ਨੀਲਕੰਠ ਨੇ ਕਿਹਾ ਕਿ ਜਿਸ ਤਰ੍ਹਾਂ ਪੰਚਕੂਲਾ ‘ਚ ਡੇਰਾ ਸਮਰਥਕਾਂ ਨੇ ਮਾਹੌਲ ਖਰਾਬ ਕੀਤਾ ਹੋਇਆ ਹੈ। ਉਸ ਤੋਂ ਸਪਸ਼ੱਟ ਹੈ ਕਿ ਪੁਲਸ ਨੂੰ ਇਸ ਮਾਮਲੇ ‘ਚ ਕੋਈ ਐਕਸ਼ਨ ਨਾ ਲੈਣ ਦੇ ਹੁਕਮ ਦਿੱਤੇ ਹਨ।
ਜੇਕਰ ਇਸ ਤਰ੍ਹਾਂ ਹਰ ਕੋਈ ਡੇਰੇ ਵਾਲਾ ਅਪਰਾਧ ਕਰ ਕੇ ਆਪਣੇ ਸਮਰਥਕਾਂ ਦੀ ਆੜ ‘ਚ ਬਚਣ ‘ਚ ਲੱਗਾ ਤਾਂ ਫਿਰ ਦੇਸ਼ ‘ਚ ਕਾਨੂੰਨ ਤਾਂ ਮਜ਼ਾਕ ਬਣ ਕੇ ਹੀ ਰਹਿ ਜਾਵੇਗਾ। ਉਨ੍ਹਾਂ ਨੇ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਅਪੀਲ ਕੀਤੀ ਕਿ ਕਾਨੂੰਨ ਦੀ ਪਾਲਨਾ ਸਖਤੀ ਨਾਲ ਕੀਤੀ ਜਾਵੇ ਤੇ ਜੇਕਰ ਕੋਈ ਪੰਜਾਬ ਜਾਂ ਹਰਿਆਣਾ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।