ਵਾਸ਼ਿੰਗਟਨ – ਅਮਰੀਕਾ ‘ਚ ਜਲੰਧਰ ਦੇ ਰਹਿਣ ਵਾਲੇ ਸਿੱਖ ਵਿਦਿਆਰਥੀ ਗਗਨਦੀਪ ਸਿੰਘ ਦੀ ਉਸ ਦੀ ਹੀ ਟੈਕਸੀ ‘ਚ 19 ਸਾਲ ਦੇ ਇਕ ਗੋਰੇ ਵਿਦਿਆਰਥੀ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੇ ਇਸ ਵਾਰਦਾਤ ਨੂੰ ਮਨਪਸੰਦ ਯੂਨੀਵਰਸਿਟੀ ‘ਚ ਦਾਖਲਾ ਨਾ ਮਿਲਣ ਦੀ ਨਿਰਾਸ਼ਾ ‘ਚ ਅੰਜ਼ਾਮ ਦਿੱਤਾ। ਜਾਣਕਾਰੀ ਅਨੁਸਾਰ ਇਹ ਘਟਨਾ ਇਸ ਹਫਤੇ ਇਡਾਹੋ ਦੇ ਬੋਨਰ ਕਾਉਂਟੀ ‘ਚ ਹੋਈ। 22 ਸਾਲ ਦਾ ਗਗਨਦੀਪ ਸਾਫਟਵੇਅਰ ਇੰਜੀਨੀਅਰਿੰਗ ਵਿਦਿਆਰਥੀ ਸੀ ਅਤੇ ਪਾਰਟ ਟਾਈਮ ਟੈਕਸੀ ਚਲਾਉਂਦਾ ਸੀ। ਉਸ ਉੱਤੇ 19 ਸਾਲ ਦੇ ਜੈਕਬ ਕੋਲਮੈਨ ਨੇ ਹਮਲਾ ਕੀਤਾ ਸੀ। ਜੈਕਬ ਗੋਂਜਾਗਾ ਯੂਨੀਵਰਸਿਟੀ ‘ਚ ਦਾਖਲਾ ਲੈਣ ਲਈ ਸਿਏਟਲ ਤੋਂ ਸਪੋਕੇਨ ਆਇਆ ਸੀ ਪਰ ਉਸ ਨੂੰ ਦਾਖਲਾ ਨਾ ਮਿਲਿਆ। ਇਸ ਤੋਂ ਬਾਅਦ ਉਹ ਗਗਨਦੀਪ ਦੀ ਟੈਕਸੀ ‘ਚ ਸਵਾਰ ਹੋਇਆ ਅਤੇ ਆਪਣੇ ਕਿਸੇ ਦੋਸਤ ਦੇ ਘਰ ਚਲਣ ਨੂੰ ਕਿਹਾ। ਰਸਤੇ ‘ਚ ਉਸ ਨੇ ਇਕ ਚਾਕੂ ਖਰੀਦਿਆ ਅਤੇ ਗਗਨਦੀਪ ‘ਤੇ ਹਮਲਾ ਕਰ ਦਿੱਤਾ। ਜੈਕਬ ਨੇ ਬਾਅਦ ‘ਚ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੂੰ ਉਸ ਨੇ ਦੱਸਿਆ ਕਿ ਉਹ ਸਪੋਕੇਨ ਦੀ ਗੋਂਜਾਗਾ ਯੂਨੀਵਰਸਿਟੀ ‘ਚ ਪਡ਼੍ਹਣਾ ਚਾਹੁੰਦਾ ਸੀ ਪਰ ਦਾਖਲਾ ਨਾ ਮਿਲਣ ਤੋਂ ਉਦਾਸ ਸੀ।