ਪੰਚਕੂਲਾ : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਖਿਲਾਫ ਪੰਚਕੂਲਾ ਪੁਲਿਸ ਵੱਲੋਂ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ| ਹਨੀਪ੍ਰੀਤ ਉਤੇ ਦੋਸ਼ ਹੈ ਕਿ ਉਹ 25 ਅਗਸਤ ਨੂੰ ਡੇਰਾ ਮੁਖੀ ਨੂੰ ਭਜਾਉਣ ਦੀ ਸਾਜ਼ਿਸ਼ ਰਚੀ ਸੀ, ਜਿਸ ਦੇ ਆਧਾਰ ‘ਤੇ ਉਸ ਉਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ| ਇਸ ਤੋਂ ਇਲਾਵਾ ਪੁਲਿਸ ਨੇ ਆਦਿਤਿਆ ਇੰਸਾ ਖਿਲਾਫ ਵੀ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ| ਪੁਲਿਸ ਨੂੰ ਇਹ ਖਦਸ਼ਾ ਹੈ ਕਿ ਇਹ ਦੋਵੇਂ ਵਿਦੇਸ਼ ਭੱਜ ਸਕਦੇ ਹਨ|
ਦੱਸਣਯੋਗ ਹੈ ਕਿ ਸਾਧਵੀ ਬਲਾਤਕਾਰ ਕੇਸ ਵਿਚ 25 ਅਗਸਤ ਨੂੰ ਰਾਮ ਰਹੀਮ ਨੂੰ ਜਦੋਂ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ ਤਾਂ ਉਸ ਸਮੇਂ ਹਨੀਪ੍ਰੀਤ ਵੀ ਡੇਰਾ ਮੁਖੀ ਦੇ ਨਾਲ ਸੀ| ਇਸ ਮੌਕੇ ਬਾਬੇ ਦੇ ਸੁਰੱਖਿਆ ਕਰਮੀਆਂ ਨੇ ਉਸ ਨੂੰ ਕਸਟਡੀ ਵਿਚੋਂ ਭਜਾਉਣ ਦੀ ਕੋਸ਼ਿਸ਼ ਕੀਤੀ ਸੀ| ਇਹੀ ਨਹੀਂ ਬਾਬੇ ਦੇ ਇਕ ਸੁਰੱਖਿਆ ਕਰਮੀ ਨੇ ਤਾਂ ਹਨੀਪ੍ਰੀਤ ਨੂੰ ਇਹ ਵੀ ਪੁੱਛ ਲਿਆ ਸੀ ਕਿ ਪੁਲਿਸ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ ਜਾਵੇ ਤੇ ਬਾਬੇ ਨੂੰ ਇਥੋਂ ਭਜਾ ਕੇ ਲੈ ਜਾਇਆ ਜਾਵੇ| ਪਰ ਇਸ ਦੇ ਤੁਰੰਤ ਬਾਅਦ ਹੀ ਹਰਿਆਣਾ ਪੁਲਿਸ ਤੇ ਪੈਰਾਮਿਲਟਰੀ ਫੋਰਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕਾ ਸੰਭਾਲ ਲਿਆ ਸੀ|