ਨਵੀਂ ਦਿੱਲੀ : ਮੋਦੀ ਮੰਤਰੀ ਮੰਡਲ ਦਾ ਵਿਸਥਾਰ ਭਲਕੇ ਐਤਵਾਰ ਨੂੰ ਹੋਣ ਜਾ ਰਿਹਾ ਹੈ| ਇਸ ਤੋਂ ਪਹਿਲਾਂ 8 ਮੰਤਰੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ, ਜਿਸ ਤੋਂ ਬਾਅਦ ਮੋਦੀ ਕੈਬਨਿਟ ਵਿਚ ਫੇਰਬਦਲ ਨੂੰ ਲੈ ਕੇ ਚਰਚਾ ਗਰਮ ਹੋ ਚੁੱਕੀ ਹੈ|
ਇਸ ਦੌਰਾਨ ਸਭ ਦੀਆਂ ਨਜ਼ਰਾਂ ਰੇਲ ਮੰਤਰਾਲੇ ਉਤੇ ਹੋਣਗੀਆਂ| ਮੰਨਿਆ ਜਾ ਰਿਹਾ ਹੈ ਕਿ ਸੁਰੇਸ਼ ਪ੍ਰਭੂ ਦੀ ਥਾਂ ਨਿਤਿਨ ਗਡਕਰੀ ਨੁੰ ਇਹ ਜਿੰਮੇਵਾਰੀ ਸੌਂਪੀ ਜਾ ਸਕਦੀ ਹੈ| ਬੀਤੇ ਦਿਨੀਂ ਸੁਰੇਸ਼ ਪ੍ਰਭੂ ਨੇ ਯੂ.ਪੀ ਵਿਚ ਰੇਲ ਹਾਦਸਿਆਂ ਉਤੇ ਦੁਖ ਪ੍ਰਗਟ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਆਖੀ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਨ੍ਹਾਂ ਆਪਣੇ ਅਹੁਦੇ ਤੇ ਥੋੜਾ ਹੋਰ ਰੁਕਣ ਦੀ ਸਲਾਹ ਦਿੱਤੀ ਸੀ|
ਮੋਦੀ ਕੈਬਨਿਟ ਵਿਚ ਇਹ ਫੇਰਬਦਲ ਅਗਲੇ ਡੇਢ ਸਾਲਾਂ ਦੌਰਾਨ 6 ਸੂਬਿਆਂ ਵਿਚ ਚੋਣਾਂ ਹੋਣੀਆਂ ਹਨ, ਜਦੋਂ ਕਿ 2019 ਵਿਚ ਲੋਕ ਸਭਾ ਚੋਣਾਂ ਵੀ ਹੋਣੀਆਂ ਹਨ| ਲਿਹਾਜ਼ਾ ਹੁਣ ਹੀ ਫੇਰਬਦਲ ਕੀਤਾ ਜਾ ਰਿਹਾ ਹੈ|
ਦੱਸਣਯੋਗ ਹੈ ਕਿ ਨਰਿੰਦਰ ਮੋਦੀ ਸਮੇਤ ਕੇਂਦਰ ਵਿਚ ਕੁਲ 73 ਮੰਤਰੀ ਹਨ ਅਤੇ ਸੰਭਾਵਨਾ ਹੈ ਕਿ ਮੋਦੀ ਹੁਣ 8 ਨਵੇਂ ਮੰਤਰੀਆਂ ਨੂੰ ਆਪਣੇ ਕੈਬਨਿਟ ਵਿਚ ਜਗ੍ਹਾ ਦੇ ਸਕਦੇ ਹਨ| ਕੁੱਲ 11 ਰਾਜਾਂ ਤੋਂ 14 ਨੇਤਾਵਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ| ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਜੇ.ਡੀ.ਯੂ ਤੋਂ ਵੀ 2 ਨੇਤਾਵਾਂ ਨੂੰ ਕੈਬਨਿਟ ਵਿਚ ਜਗ੍ਹਾ ਮਿਲ ਸਕਦੀ ਹੈ|