ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਡੇਰਾ ਵਿਵਾਦ ‘ਤੇ ਬੋਲਦੇ ਹੋਏ ਵੱਡਾ ਬਿਆਨ ਦਿੱਤਾ ਹੈ। ਸੰਗਰੂਰ ‘ਚ ਪੱਤਰਾਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਧਰਮ ਅਤੇ ਸਿਆਸਤ ਦਾ ਕੋਈ ਮੇਲ ਨਹੀਂ ਹੈ, ਅਸੀਂ ਧਰਮ ਦੀ ਸਿਆਸਤ ਨਹੀਂ ਕਰਦੇ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਜਿਸ ਤਰ੍ਹਾਂ ਦਾ ਫਿਰਕੂ ਮਾਹੌਲ ਦੇਸ਼ ਭਰ ਵਿਚ ਪੈਦਾ ਕੀਤਾ ਗਿਆ ਹੈ, ਉਹ ਫੈਡਰਲ ਸਟਰੱਕਚਰ ਅਤੇ ਦੇਸ਼ ਲਈ ਵੱਡਾ ਖਤਰਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਕਾਨੂੰਨ ਤੋਂ ਉਪਰ ਕੋਈ ਨਹੀਂ ਹੈ ਜੇ ਕਾਨੂੰਨ ਦੀਆਂ ਨਜ਼ਰਾਂ ਵਿਚ ਕੋਈ ਗਲਤ ਹੈ ਤਾਂ ਉਸ ਨੂੰ ਸਜ਼ਾ ਮਿਲੀ ਹੈ। ਮਾਨ ਨੇ ਲੋਕਾਂ ਨੂੰ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਅਪੀਲ ਕੀਤੀ ਹੈ।
ਡੇਰਾ ਮੁਖੀ ਦੀ ਪੇਸ਼ੀ ਦੌਰਾਨ ਪੰਚਕੂਲਾ ‘ਚ ਹੋਈ ਹਿੰਸਾ ‘ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਅਤੇ ਧਾਰਾ 144 ਦੇ ਬਾਵਜੂਦ ਸੀ. ਬੀ. ਆਈ. ਅਦਾਲਤ ਕੋਲ ਵੱਡੀ ਗਿਣਤੀ ਵਿਚ ਲੋਕ ਕਿਵੇਂ ਪਹੁੰਚ ਗਏ। ਜਿਸ ਤਰ੍ਹਾਂ ਦੀ ਮੁਸਤੈਦੀ ਪੁਲਸ ਨੇ 28 ਅਗਸਤ ਨੂੰ ਵਿਖਾਈ ਜੇ ਉਹ 25 ਅਗਸਤ ਨੂੰ ਵਿਖਾਈ ਹੁੰਦੀ ਤਾਂ ਕਈ ਲੋਕਾਂ ਦੀ ਜਾਨ ਨਾ ਜਾਂਦੀ।