ਚੰਡੀਗੜ੍ਹ : ਡੇਰੇ ਨਾਲ ਸੰਬੰਧਿਤ ਇਕ ਸਮਾਚਾਰ ਪੱਤਰ ਦੇ ਪੱਤਰਕਾਰ ਸੁਰਿੰਦਰ ਧੀਮਾਨ ਦੀ ਗਿਰਫਤਾਰੀ ਬਾਅਦ ਪੰਚਕੂਲਾ ਸਮੇਤ ਸੂਬੇ ਭਰ ‘ਚ ਹਿੰਸਾ ਦੀ ਜਾਂਚ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ(ਐਸ.ਆਈ.ਟੀ.) ਕਰੇਗੀ। ਐਸ.ਆਈ.ਟੀ. ਦਾ ਹੈੱਡ ਹਰਿਆਣੇ ਤੋਂ ਇਲਾਵਾ ਪੁਲਸ ਦੇ ਡਾਇਰੈਕਟਰ ਜਨਰਲ ਕ੍ਰਾਈਮ ਪੀ.ਕੇ. ਅਗਰਵਾਲ ਨੂੰ ਬਣਾਇਆ ਹੈ। ਇਸ ਟੀਮ ‘ਚ ਸਾਰੀਆਂ ਰੇਂਜ ਦੇ ਆਈ.ਜੀ., ਪੁਲਸ ਕਮਿਸ਼ਨਰ ਅਤੇ ਪੁਲਸ ਡਾਇਰੈਕਟਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਾਂਚ ਟੀਮ ‘ਚ ਕਈ ਜ਼ਿਲਿਆਂ ਦੇ ਤੇਜ਼ਤਰਾਰ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਸਹਾਇਕ ਸਬ-ਇੰਸਪੈਕਟਰਾਂ ਨੂੰ ਰੱਖਿਆ ਗਿਆ ਹੈ। ਐਸ.ਆਈ.ਟੀ. ਨੇ ਤੁਰੰਤ ਆਪਣੀ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਐਸ.ਆਈ.ਟੀ. ਦੇ ਨਿਸ਼ਾਨੇ ‘ਤੇ ਸਭ ਤੋਂ ਪਹਿਲਾਂ 25 ਅਗਸਤ ਨੂੰ ਪੇਸ਼ੀ ਦੇ ਦਿਨ ਪੰਚਕੂਲਾ ‘ਚ ਹੋਈਆਂ ਅੱਗ ਦੀਆਂ ਘਟਨਾਵਾਂ ਤੋਂ ਇਲਾਵਾ ਅਦਾਲਤ ਦੇ ਕੰਪਲੈਕਸ ‘ਚੋਂ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼ ਘੜੀ ਸੀ। ਐਸ.ਆਈ.ਟੀ. ਦਾ ਮੁੱਖ ਨਿਸ਼ਾਨਾ ਹੁਣ ਡੇਰੇ ਦੇ ਬੁਲਾਰੇ ਅਦਿੱਤਯ ਇੰਸਾ ਦੇ ਨਾਲ-ਨਾਲ ਡੇਰਾ ਮੁਖੀ ਦੀ ਅਹਿਮ ਰਾਜਦਾਰ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨਾ ਹੈ। ਪੁਲਸ ਨੇ ਹਨੀਪ੍ਰੀਤ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ। ਸੂਬੇ ਦੇ ਕਈ ਜ਼ਿਲਿਆ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਹਨੀਪ੍ਰੀਤ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਨੂੰ ਉਮੀਦ ਹੈ ਹਨੀਪ੍ਰੀਤ ਅਤੇ ਅਦਿੱਤਯ ਇੰਸਾ ਦੀ ਗ੍ਰਿਫਤਾਰੀ ਤੋਂ ਬਾਅਦ ਅਸਲੀ ਸਾਜ਼ਿਸ਼ ਦਾ ਖੁਲਾਸਾ ਹੋ ਸਕਦਾ ਹੈ। ਐਸ.ਆਈ.ਟੀ. ਵਲੋਂ ਜੰਗੀ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।