‘ਚਸ਼ਮੇ ਬਦਦੂਰ’ ਵਰਗੀ ਡੇਵਿਡ ਧਵਨ ਦੀ ਕਾਮੇਡੀ ਫ਼ਿਲਮ ਤੋਂ ਬੌਲੀਵੁੱਡ ਵਿੱਚ ਸ਼ੁਰੂਆਤ ਕਰਨ ਵਾਲੀ ਤਾਪਸੀ ਪੰਨੂੰ ਨੂੰ ‘ਬੇਬੀ’ ਵਿੱਚ ਆਪਣੀ ਐਕਸ਼ਨ ਪ੍ਰਧਾਨ ਭੂਮਿਕਾ ਲਈ ਬਹੁਤ ਤਾਰੀਫ਼ ਮਿਲੀ ਤਾਂ ਉੱਥੇ ਹੀ ਅਮਿਤਾਬ ਬੱਚਨ ਨਾਲ ‘ਪਿੰਕ’ ਵਿੱਚ ਛੇੜਖਾਨੀ ਦਾ ਸ਼ਿਕਾਰ ਲੜਕੀ ਦੇ ਕਿਰਦਾਰ ਵਿੱਚ ਉਹ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਛਾ ਗਈ। ਹਾਲਾਂਕਿ ਤਾਪਸੀ ਦੇ ਹਿੱਸੇ ਵਿੱਚ ‘ਰਨਿੰਗ ਸ਼ਾਦੀ ਡੌਟ ਕੌਮ’ ਅਤੇ ‘ਨਾਮ ਸ਼ਬਾਨਾ’ ਵਰਗੀਆਂ ਫ਼ਿਲਮਾਂ ਵੀ ਹਨ, ਜਦੋਂਕਿ ਬਹੁਤ ਜਲਦੀ ਉਹ ਇੱਕ ਹੋਰ ਕਾਮਡੀ ਫ਼ਿਲਮ ‘ਜੁੜਵਾ 2’ ਵਿੱਚ ਨਜ਼ਰ ਆਉਣ ਵਾਲੀ ਹੈ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼।
-‘ਚਸ਼ਮੇ ਬਦਦੂਰ’ ਵਰਗੀ ਫ਼ਿਲਮ ਤੋਂ ਕਰੀਅਰ ਦੀ ਸ਼ੁਰੂਆਤ ਕਰਨਾ ਕਿੰਨਾ ਫ਼ਾਇਦੇਮੰਦ ਰਿਹਾ?
-ਬਹੁਤ ਹੀ ਫ਼ਾਇਦੇਮੰਦ ਰਿਹਾ ਕਿਉਂਕਿ ਜੇਕਰ ਤੁਸੀਂ ਮੇਰਾ ਕਰੀਅਰ ਗਰਾਫ਼ ਦੇਖੋ ਤਾਂ ਇਹ ਤੁਹਾਨੂੰ ਬੇਹੱਦ ਦਿਲਚਸਪ ਨਜ਼ਰ ਆਏਗਾ। ਹਾਲਾਂਕਿ ‘ਚਸ਼ਮੇ ਬਦਦੂਰ’ ਵਰਗੀ ਡੇਵਿਡ ਧਵਨ ਦੀ ਫ਼ਿਲਮ ਤੋਂ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਦੱਖਣ ਦੀਆਂ ਕਈ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਸੀ, ਪਰ ਬੌਲੀਵੁੱਡ ਵਿੱਚ ‘ਚਸ਼ਮੇ ਬਦਦੂਰ’ ਨੇ ਮੈਨੂੰ ਕਮਰਸ਼ਲ ਫ਼ਿਲਮਾਂ ਦੀ ਅਭਿਨੇਤਰੀ ਦੇ ਤੌਰ ‘ਤੇ ਸਥਾਪਿਤ ਕੀਤਾ। ਕਮਰਸ਼ਲ ਫ਼ਿਲਮਾਂ ਦੀ ਅਭਿਨੇਤਰੀ ਕਹਿਣ ਦਾ ਮਤਲਬ ਇਹ ਹੈ ਕਿ ਮੇਰੇ ਕਰੀਅਰ ਦੀਆਂ ਹੁਣ ਤਕ ਦੀਆਂ ਜ਼ਿਆਦਾਤਰ ਫ਼ਿਲਮਾਂ ਕਿਸੇ ਨਾ ਕਿਸੇ ਖ਼ਾਸ ਮੁੱਦੇ ‘ਤੇ ਆਧਾਰਿਤ ਰਹੀਆਂ ਹਨ ਜਿਨ੍ਹਾਂ ਨੂੰ ਬੌਲੀਵੁੱਡ ਵਿੱਚ ‘ਸੈਮੀ ਆਰਟ’ ਫ਼ਿਲਮਾਂ ਕਿਹਾ ਜਾਂਦਾ ਹੈ। ਅਜਿਹੇ ਵਿੱਚ ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ‘ਚਸ਼ਮੇ ਬਦਦੂਰ’ ਦੇ ਬਦਲੇ ‘ਬੇਬੀ’ ਜਾਂ ‘ਪਿੰਕ’ ਤੋਂ ਬੌਲੀਵੁੱਡ ਵਿੱਚ ਸ਼ੁਰੂਆਤ ਕੀਤੀ ਹੁੰਦੀ ਤਾਂ ਸ਼ਾਇਦ ਮੈਨੂੰ ਵੀ ਇੱਕ ਖ਼ਾਸ ਖਾਕੇ ਵਾਲੀਆਂ ਫ਼ਿਲਮਾਂ ਦੀ ਅਭਿਨੇਤਰੀ ਦੇ ਤੌਰ ‘ਤੇ ‘ਕੈਦ’ ਕਰ ਦਿੱਤਾ ਗਿਆ ਹੁੰਦਾ। ਅਜਿਹੇ ਵਿੱਚ ਕਹਿ ਸਕਦੀ ਹਾਂ ਕਿ ਮੇਰੀ ‘ਲਕ ਲਾਈਨ’ ਮੇਰੀ ‘ਲਾਈਫ਼ ਲਾਈਨ’ ਤੋਂ ਕਿਧਰੇ ਜ਼ਿਆਦਾ ਮਜ਼ਬੂਤ ਹੈ। ‘ਚਸ਼ਮੇ ਬਦਦੂਰ’ ਤੋਂ ਸ਼ੁਰੂਆਤ ਕਰਨਾ ਮੇਰੇ ਲਈ ਸੁਨਹਿਰੀ ਮੌਕਾ ਰਿਹਾ ਕਿਉਂਕਿ ਉਦੋਂ ਮੈਂ ਕਮਰਸ਼ਲ ਫ਼ਿਲਮ ਦੀ ਹੀਰੋਇਨ ਕਹਾਇਆ। ਇਹੀ ਵਜ੍ਹਾ ਹੈ ਕਿ ਹੁਣ ਲੋਕ ਮੰਨਣ ਲੱਗੇ ਹਨ ਕਿ ਤਾਪਸੀ ਕਮਰਸ਼ਲ ਫ਼ਿਲਮਾਂ ਦੀ ਅਜਿਹੀ ਹੀਰੋਇਨ ਹੈ ਜੋ ਹਰ ਤਰ੍ਹਾਂ ਦੀ ਅਦਾਕਾਰੀ ਕਰ ਸਕਦੀ ਹੈ।
-ਕਿਰਦਾਰਾਂ ਦੀ ਚੋਣ ਵਿੱਚ ਕੀ ਸਾਵਧਾਨੀ ਵਰਤਦੇ ਹੋ?
-ਸੱਚ ਕਹਾਂ ਤਾਂ ਮੈਂ ਕਿਰਦਾਰਾਂ ਦੀ ਚੋਣ ਦੇ ਮਾਮਲੇ ਵਿੱਚ ਕਾਫ਼ੀ ਸਬਰ ਤੋਂ ਕੰਮ ਲੈਂਦੀ ਹਾਂ। ਅਸਲ ਵਿੱਚ ਮੈਂ ਕਿਰਦਾਰ ਦੀ ਲੰਬਾਈ ਨਹੀਂ, ਗਹਿਰਾਈ ਦੇਖਦੀ ਹਾਂ। ਤੁਹਾਨੂੰ ਦੱਸ ਦਿਆਂ ਕਿ ਜਿਸ ਸਮੇਂ ਮੈਂ ਸ਼ੁਜੀਤ ਸਰਕਾਰ ਦੀ ‘ਰਨਿੰਗ ਸ਼ਾਦੀ ਡੌਟ ਕੌਮ’ ਵਰਗੀ ਫ਼ਿਲਮ ਕੀਤੀ ਸੀ, ਉਸੀ ਦੌਰਾਨ ਮੈਨੂੰ ‘ਪਿੰਕ’ ਦੀ ਪੇਸ਼ਕਸ਼ ਮਿਲੀ ਸੀ। ਕਿਉਂਕਿ ਮੈਂ ਦਿੱਲੀ ਦੀ ਲੜਕੀ ਹਾਂ ਅਤੇ ‘ਪਿੰਕ’ ਦੀ ਕਹਾਣੀ ਵੀ ਦਿੱਲੀ ਦੀ ਸੀ ਤਾਂ ਮੈਂ ਆਪਣੇ ਇਸ ਕਿਰਦਾਰ ਲਈ ਹਾਮੀ ਭਰ ਦਿੱਤੀ। ਮੈਂ ਮੀਨਲ ਅਰੋੜਾ ਵਰਗੀ ਛੇੜਛਾੜ ਦਾ ਸ਼ਿਕਾਰ ਲੜਕੀ ਦੀ ਭੂਮਿਕਾ ਨਿਭਾਈ ਜੋ ਆਪਣੇ ਨਾਲ ਹੋਈ ਛੇੜਛਾੜ ਦੇ ਖ਼ਿਲਾਫ਼ ਆਵਾਜ਼ ਉਠਾਉਂਦੀ ਹੈ। ਮੇਰਾ ਇਹ ਫ਼ੈਸਲਾ ਕਿੰਨਾ ਸਹੀ ਰਿਹਾ, ਅੱਜ ਇਹ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ।
-ਕੀ ਤੁਹਾਨੂੰ ਅਜਿਹਾ ਨਹੀਂ ਲੱਗਦਾ ਕਿ ਇੰਨਾ ਸਭ ਕੁਝ ਪਹਿਲਾਂ ਕਰਨ ਦੇ ਬਾਵਜੂਦ ਦੱਖਣ ਦੀਆਂ ਫ਼ਿਲਮਾਂ ਦੀ ਤੁਲਨਾ ਵਿੱਚ ਤੁਹਾਨੂੰ ਹਿੰਦੀ ਫ਼ਿਲਮਾਂ ਵਿੱਚ ਰੁਮਾਂਚ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਹੈ?
-ਦਰਅਸਲ, ਮੈਨੂੰ ਹੁਣ ਤਕ ਰੁਮਾਂਟਿਕ ਫ਼ਿਲਮਾਂ ਦੀ ਪੇਸ਼ਕਸ਼ ਨਹੀਂ ਹੋਈ ਸੀ, ਪਰ ਬਹੁਤ ਜਲਦੀ ਆਉਣ ਵਾਲੀ ਫ਼ਿਲਮ ‘ਜੁੜਵਾ 2’ ਵਿੱਚ ਤੁਹਾਨੂੰ ਔਨਸਕਰੀਨ ਰੁਮਾਂਸ ਕਰਨ ਵਾਲੀ ਤਾਪਸੀ ਹੀ ਨਜ਼ਰ ਆਏਗੀ। ਇਸ ਤੋਂ ਇਲਾਵਾ ਵੀ ਅੱਗੇ ਮੈਂ ਰੁਮਾਂਟਿਕ ਫ਼ਿਲਮਾਂ ਕਰਨ ‘ਤੇ ਹੀ ਜ਼ੋਰ ਦੇ ਰਹੀ ਹਾਂ। ਵੈਸੇ ‘ਪਿੰਕ’ ਦੇ ਨਾਲ ਹੀ ਮੈਂ ਕੁਝ ਫ਼ਿਲਮਾਂ ਸਾਈਨ ਕੀਤੀਆਂ ਸਨ ਜਿਨ੍ਹਾਂ ਵਿੱਚ ਤੁਹਾਨੂੰ ਮੇਰੀਆਂ ਭੂਮਿਕਾਵਾਂ ਵਿੱਚ ਅਲੱਗ ਅਲੱਗ ਰੰਗ ਨਜ਼ਰ ਆਉਣਗੇ।
-ਬੌਲੀਵੁੱਡ ਵਿੱਚ ਤੁਹਾਡੀ ਸ਼ੁਰੂਆਤ ਡੇਵਿਡ ਧਵਨ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ‘ਚਸ਼ਮੇ ਬਦਦੂਰ’ ਨਾਲ ਹੋਈ ਸੀ, ਜਦੋਂਕਿ ਤੁਸੀਂ ਇੱਕ ਵਾਰ ਫ਼ਿਰ ਉਨ੍ਹਾਂ ਦੇ ਨਿਰਦੇਸ਼ਨ ਵਿੱਚ ਬਣ ਰਹੀ ਫ਼ਿਲਮ ‘ਜੁੜਵਾ 2’ ਵਿੱਚ ਨਜ਼ਰ ਆਓਗੀ। ਇਸ ਸਬੰਧੀ ਕੀ ਕਹੋਗੇ?
-ਇਹੀ ਕਹਿਣਾ ਚਾਹਾਂਗੀ ਕਿ ‘ਚਸ਼ਮੇ ਬਦਦੂਰ’ ਦੀ ਹੀ ਤਰ੍ਹਾਂ ‘ਜੁੜਵਾ 2’ ਵੀ ਮੇਰੇ ਕਰੀਅਰ ਵਿੱਚ ਬਹੁਤ ਖ਼ਾਸ ਫ਼ਿਲਮ ਸਾਬਤ ਹੋਏਗੀ। ਇਸ ਦੀ ਇੱਕ ਅਹਿਮ ਵਜ੍ਹਾ ਇਹ ਹੈ ਕਿ ਇਸ ਫ਼ਿਲਮ ਦੇ ਜ਼ਰੀਏ ਲੋਕ ਮੈਨੂੰ ਬਿਲਕੁਲ ਅਲੱਗ ਅਵਤਾਰ ਵਿੱਚ ਦੇਖਣਗੇ। ਇਸ ਨਾਲ ਲੋਕਾਂ ਨੂੰ ਪਤਾ ਚੱਲੇਗਾ ਕਿ ਮੇਰੇ ਵੱਲੋਂ ਹੁਣ ਤਕ ਨਿਭਾਏ ਗਏ ਕਿਰਦਾਰਾਂ ਤੋਂ ਹਟਕੇ ਵੀ ਮੈਂ ਕਿਰਦਾਰਾਂ ਨੂੰ ਨਿਭਾਉਣ ਵਿੱਚ ਸਮਰੱਥ ਹਾਂ। ਸੱਚ ਤਾਂ ਇਹ ਹੈ ਕਿ ਮੇਰੇ ਹਿੰਦੀ ਦਰਸ਼ਕਾਂ ਨੇ ਅਸਲ ਵਿੱਚ ਹੁਣ ਤਕ ਮੇਰੇ ਗਲੈਮਰਸ ਪੱਖ ਨੂੰ ਨਹੀਂ ਦੇਖਿਆ। ਅਜਿਹੇ ਵਿੱਚ ਮੇਰੇ ਲਈ ਵੀ ਇਸ ਫ਼ਿਲਮ ਦੇ ਬਾਅਦ ਦਰਸ਼ਕਾਂ ਦੀ ਪ੍ਰਤੀਕਿਰਿਆ ਜਾਣਨਾ ਰੁਮਾਂਚਕ ਹੋਏਗਾ।
-ਕਿਹਾ ਜਾ ਰਿਹਾ ਹੈ ਕਿ ‘ਜੁੜਵਾ 2’ ਵਿੱਚ ਤੁਸੀਂ ਐਕਸ਼ਨ ਵੀ ਬਹੁਤ ਕੀਤਾ ਹੈ?
-ਐਕਸ਼ਨ ਕਰਨਾ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ‘ਬੇਬੀ’ ਦੇ ਬਾਅਦ ਮੈਂ ਫ਼ਿਲਮ ‘ਨਾਮ ਸ਼ਬਾਨਾ’ ਵਿੱਚ ਵੀ ਖ਼ੂਬ ਮਾਰਧਾੜ ਵਾਲੇ ਦ੍ਰਿਸ਼ ਕੀਤੇ ਹਨ। ‘ਜੁੜਵਾ 2’ ਵਿੱਚ ਇੱਕ ਵਾਰ ਫ਼ਿਰ ਮੇਰੇ ਲਈ ‘ਲਾਈਟ, ਕੈਮਰਾ, ਐਕਸ਼ਨ’ ਦਾ ਸਮਾਂ ਸੀ। ਇਸ ਵਿੱਚ ਵੀ ਮੇਰੇ ਹਿੱਸੇ ਵਿੱਚ ਮਾਰਧਾੜ ਦੇ ਕਈ ਦ੍ਰਿਸ਼ ਆਏ ਹਨ, ਪਰ ਰੁਮਾਂਸ ਦਾ ਵੀ ਭਰਪੂਰ ਸਮਾਂ ਮਿਲਿਆ ਹੈ। ਵੈਸੇ ਵੀ ਡੇਵਿਡ ਸਰ ਨਾਲ ਦੁਬਾਰਾ ਕੰਮ ਕਰਨਾ ਬੇਹੱਦ ਆਨੰਦਮਈ ਰਿਹਾ। ਸਾਲ 1990 ਦੀਆਂ ਸਭ ਤੋਂ ਜ਼ਿਆਦਾ ਯਾਦਗਾਰ ਫ਼ਿਲਮਾਂ ਵਿੱਚੋਂ ਇੱਕ ਦੇ ਸੀਕੁਏਲ ਦਾ ਹਿੱਸਾ ਬਣਨਾ ਵੀ ਬੇਹੱਦ ਰੁਮਾਂਚਕ ਹੈ।
-‘ਜੁੜਵਾ 2’ ਵਰਗੀ ਫ਼ੁੱਲ ਕਾਮੇਡੀ ਫ਼ਿਲਮ ਕਰਨ ਦੇ ਪਿੱਛੇ ਕੀ ਮਕਸਦ ਰਿਹਾ?
-ਅਜਿਹਾ ਬਿਲਕੁਲ ਨਹੀਂ ਹੈ ਕਿ ਮੈਂ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਕਦਮ ਦੁਨੀਆਂ ਨੂੰ ਇਹ ਦਿਖਾਉਣ ਲਈ ਉਠਾਇਆ ਹੈ ਕਿ ਮੈਂ ਅਲੱਗ ਅਲੱਗ ਭੂਮਿਕਾਵਾਂ ਨਿਭਾਉਣ ਵਿੱਚ ਸਮਰੱਥ ਹਾਂ, ਬਲਕਿ ਇਹ ਖ਼ੁਦ ਦੇ ਹਿੱਤ ਵਿੱਚ ਚੁੱਕਿਆ ਗਿਆ ਕਦਮ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਇੱਕ ਕਲਾਕਾਰ ਦੇ ਤੌਰ ‘ਤੇ ਤੁਹਾਨੂੰ ਇੱਕ ਹੀ ਪ੍ਰਕਾਰ ਦੇ ਕਿਰਦਾਰਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ। ਮੈਂ ਅਸਲ ਵਿੱਚ ਅਲੱਗ ਅਲੱਗ ਸ਼ੈਲੀ ਅਤੇ ਭੂਮਿਕਾਵਾਂ ਨਿਭਾਉਣਾ ਚਾਹੁੰਦੀ ਹਾਂ ਤਾਂ ਕਿ ਇੱਕ ਕਲਾਕਾਰ ਦੇ ਤੌਰ ‘ਤੇ ਖ਼ੁਦ ਨੂੰ ਤਾਜ਼ਾ ਰੱਖ ਸਕਾਂ ਅਤੇ ਆਪਣੇ ਵਿਅਕਤੀਤਵ ਅਤੇ ਕਲਾਕਾਰ ਦੇ ਵਿਭਿੰਨ ਪੱਖਾਂ ਦੀ ਤਲਾਸ਼ ਵੀ ਕਰ ਸਕਾਂ।
-ਤੁਸੀਂ ਬੌਲੀਵੁੱਡ ਦੇ ਅਹਿਮ ਅਦਾਕਾਰਾਂ ਅਕਸ਼ੈ ਕੁਮਾਰ ਅਤੇ ਸਲਮਾਨ ਖ਼ਾਨ ਨਾਲ ਤਾਂ ਸਕਰੀਨ ਸਾਂਝੀ ਕਰ ਲਈ ਹੈ। ਹੋਰ ਖ਼ਾਨਾਂ ਨਾਲ ਕੰਮ ਕਰਨ ਬਾਰੇ ਤੁਹਾਡਾ ਕੀ ਵਿੱਚਾਰ ਹੈ?
-ਮੈਂ ਇਹੀ ਕਹਿਣਾ ਚਾਹਾਂਗੀ ਕਿ ਬੌਲੀਵੁੱਡ ਦੇ ਤਿੰਨੋਂ ਖ਼ਾਨਾਂ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਦਰਅਸਲ, ਮੇਰਾ ਮੰਨਣਾ ਹੈ ਕਿ ਅਜਿਹੇ ਅਦਾਕਾਰਾਂ ਅਤੇ ਅਭਿਨੇਤਰੀਆਂ ਨਾਲ ਕੰਮ ਕਰਨਾ ਜ਼ਰੂਰੀ ਹੁੰਦਾ ਹੈ ਜਿਨ੍ਹਾਂ ਦਾ ਰੁਤਬਾ ਵੱਡਾ ਹੁੰਦਾ ਹੈ। ਇਸ ਵਿੱਚ ਬੌਲੀਵੁੱਡ ਦੇ ਤਿੰਨੋਂ ਖ਼ਾਨ ਵੀ ਸ਼ਾਮਿਲ ਹਨ। ਇਨ੍ਹਾਂ ਨੂੰ ਬਹੁਤ ਲੋਕ ਪਸੰਦ ਕਰਦੇ ਹਨ, ਜਿਸ ਨਾਲ ਸਾਡੇ ਵਰਗੇ ਕਲਾਕਾਰ ਵੀ ਲੋਕਾਂ ਦੀਆਂ ਨਜ਼ਰਾਂ ਵਿੱਚ ਆ ਜਾਂਦੇ ਹਨ ਅਤੇ ਇਸ ਨਾਲ ਸਾਨੂੰ ਵੀ ਫ਼ਾਇਦਾ ਹੁੰਦਾ ਹੈ। ‘ਜੁੜਵਾ 2’ ਵਿੱਚ ਗੀਤ ਦੀ ਸ਼ੂਟਿੰਗ ਕਰਦੇ ਹੋਏ ਮੈਂ ਸਲਮਾਨ ਖ਼ਾਨ ਨਾਲ ਪਹਿਲੀ ਵਾਰ ਮਿਲੀ ਸੀ।
– ਤੁਹਾਡੀ ਕੋਈ ਖ਼ਾਸ ਤਰ੍ਹਾਂ ਦਾ ਕਿਰਦਾਰ ਨਿਭਾਉਣ ਦੀ ਇੱਛਾ ਹੈ?
-ਹਾਂ, ਮੈਂ ਸਿਲਵਰ ਸਕਰੀਨ ‘ਤੇ ਟੈਨਿਸ ਸਨਸਨੀ ਸਾਨੀਆ ਮਿਰਜ਼ਾ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ। ਦਰਅਸਲ, ਅੱਜਕੱਲ੍ਹ ਕਾਫ਼ੀ ਬਾਇਓਪਿਕ ਬਣ ਰਹੀਆਂ ਹਨ। ਅਜਿਹੇ ਵਿੱਚ ਮੇਰਾ ਵੀ ਬਹੁਤ ਮਨ ਹੈ ਕਿ ਸਾਨੀਆ ਮਿਰਜ਼ਾ ਦੀ ਬਾਇਓਪਿਕ ਕਰਾਂ। ਇਸ ਤੋਂ ਇਲਾਵਾ ਇੰਦਰਾ ਗਾਂਧੀ ਦੀ ਬਾਇਓਪਿਕ ਵੀ ਕਰਨਾ ਚਾਹੁੰਦੀ ਹਾਂ।