ਨਵਾਜ਼ੂਦੀਨ ਸਿੱਦੀਕੀ ਦਾ 18 ਸਾਲ ਦਾ ਸੰਘਰਸ਼ ਖ਼ਤਮ ਹੋ ਚੁੱਕਿਆ ਹੈ। ਉਸ ਦੀ ਅਦਾਕਾਰੀ ਨਾਲ ਸਜੀਆਂ ਕਈ ਫ਼ਿਲਮਾਂ ਕੌਮਾਂਤਰੀ ਫ਼ਿਲਮ ਮੇਲਿਆਂ ਵਿੱਚ ਧੁੰਮਾਂ ਪਾ ਚੁੱਕੀਆਂ ਹਨ। ਕੁਝ ਸਮਾਂ ਪਹਿਲਾਂ ਪ੍ਰਦਰਸ਼ਿਤ ਹੋਈ ਫ਼ਿਲਮ ‘ਮੌਮ’ ਵਿੱਚ ਉਸ ਦੀ ਅਦਾਕਾਰੀ ਦੀ ਕਾਫ਼ੀ ਸ਼ਲਾਘਾ ਹੋਈ। ਫ਼ਿਲਹਾਲ ਉਹ ਕੁਸ਼ਾਨ ਨੰਦੀ ਨਿਰਦੇਸ਼ਿਤ ਫ਼ਿਲਮ ‘ਬਾਬੂਮੋਸ਼ਾਏ ਬੰਦੂਕਬਾਜ਼’ ਲੈ ਕੇ ਚਰਚਾ ਵਿੱਚ ਹੈ। ਫ਼ਿਲਮ ‘ਬਾਬੂਮੋਸ਼ਾਏ ਬੰਦੂਕਬਾਜ਼’ ਦੇ ਨਾਂ ਤੋਂ ਜਾਪਦਾ ਹੈ ਕਿ ਨਵਾਜ਼ੂਦੀਨ ਸਿੱਦੀਕੀ ਨੇ ਇਸ ਵਿੱਚ ਬੰਗਾਲੀ ਕਿਰਦਾਰ ਨਿਭਾਇਆ ਹੈ, ਪਰ ਅਸਲ ਵਿੱਚ ਇਹ ਬੰਗਾਲੀ ਕਿਰਦਾਰ ਨਹੀਂ ਹੈ। ਬੰਗਲਾ ਵਿੱਚ ਅਜਿਹਾ ਕੋਈ ਸ਼ਬਦ ਨਹੀਂ ਹੈ। ਇਹ ਸ਼ਬਦ ਫ਼ਿਲਮ ‘ਆਨੰਦ’ ਵਿੱਚ ਈਜਾਦ ਕੀਤਾ ਗਿਆ ਸੀ। ਫ਼ਿਲਮ ‘ਆਨੰਦ’ ਵਿੱਚ ਰਾਜੇਸ਼ ਖੰਨਾ ਦਾ ਕਿਰਦਾਰ ਇਹ ਸ਼ਬਦ ਬੋਲਦਾ ਦਿਖਾਇਆ ਗਿਆ ਸੀ। ਉਂਜ, ਮੋਸ਼ਾਏ ਦਾ ਮਤਲਬ ਮਹਾਸ਼ਯ ਹੈ।
ਫ਼ਿਲਮ ‘ਬਾਬੂਮੋਸ਼ਾਏ ਬੰਦੂਕਬਾਜ਼’ ਕੰਟਰੈਕਟ ਕਿਲਿੰਗ ਦੁਆਲੇ ਘੁੰਮਦੀ ਹੈ। ਲੋਕ ਕਿਵੇਂ ਸਿਰਫ਼ ਕੁਝ ਪੈਸਿਆਂ ਲਈ ਕਿਸੇ ਇਨਸਾਨ ਦੀ ਜਾਨ ਲੈ ਲੈਂਦੇ ਹਨ, ਇਹ ਉਸ ਦੀ ਕਹਾਣੀ ਹੈ। ਇਸ ਵਿੱਚ ਨਵਾਜ਼ੂਦੀਨ ਨੇ ਫ਼ਿਲਮ ਦਾ ਟਾਈਟਲ ਕਿਰਦਾਰ ਨਿਭਾਇਆ ਹੈ ਜਿਸ ਦੇ ਆਪਣੇ ਕੋਈ ਸਿਧਾਂਤ ਨਹੀਂ ਹਨ। ਉਹ ਪੂਰੀ ਤਰ੍ਹਾਂ ਪੇਸ਼ੇਵਰ ਹੈ। ਉਸ ਦਾ ਕਹਿਣਾ ਹੈ ਕਿ ਦਰਅਸਲ, ਸਾਡੀਆਂ ਫ਼ਿਲਮਾਂ ਵਿੱਚ ਹੁਣ ਤਕ ਹੀਰੋ ਦਾ ਮਤਲਬ ਸਿਰਫ਼ ਚੰਗੇ ਕੰਮ ਕਰਨ ਵਾਲਾ ਹੀ ਸਮਝਿਆ ਜਾਂਦਾ ਹੈ ਜਿਸ ਵਿੱਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ। ਹੀਰੋ ਸਰਬਗੁਣ ਸੰਪੰਨ ਹੁੰਦਾ ਹੈ। ਨਵਾਜ਼ੂਦੀਨ ਦਾ ਕਿਰਦਾਰ ਇਨ੍ਹਾਂ ਸਾਰੀਆਂ ਗੱਲਾਂ ਦੇ ਉਲਟ ਹੈ। ਉਸ ਦੇ ਕਿਰਦਾਰ ਵਿੱਚ ਹਰ ਤਰ੍ਹਾਂ ਦੀਆਂ ਬੁਰਾਈਆਂ ਹਨ। ਉਸ ਦਾ ਪਿਆਰ ਸਰੀਰਕ ਹੈ।
ਇਸ ਭੂਮਿਕਾ ਲਈ ਉਸ ਦਾ ਨਿੱਜੀ ਅਨੁਭਵ ਬਹੁਤ ਕੰਮ ਆਇਆ ਹੈ। ਉਹ ਦੱਸਦਾ ਹੈ ਕਿ ਮੇਰੀ ਯਾਤਰਾ ਬਹੁਤ ਲੰਬੀ ਹੈ। ਮੈਂ ਆਪਣੇ ਦੂਰਦਰਾਜ ਪਿੰਡ ਤੋਂ ਨਿਕਲਕੇ ਦਿੱਲੀ, ਮੁੰਬਈ ਸਹਿਤ ਕਈ ਸ਼ਹਿਰਾਂ ਵਿੱਚ ਆਇਆ ਗਿਆ ਹਾਂ। ਇਸ ਵਿੱਚ ਹਜ਼ਾਰਾਂ ਲੋਕਾਂ ਨਾਲ ਮੁਲਾਕਾਤ ਹੋਈ ਅਤੇ ਹਰ ਤਰ੍ਹਾਂ ਦੇ ਲੋਕ ਮਿਲੇ। ਮੈਂ ਉਨ੍ਹਾਂ ਦੀਆਂ ਚਰਿੱਤਰ ਵਿਸ਼ੇਸ਼ਤਾਵਾਂ ਨੂੰ ਅਨੁਭਵ ਕੀਤਾ। ਉਨ੍ਹਾਂ ਦੀ ਚਾਲ ਢਾਲ ਨੂੰ ਸਮਝਦਾ ਰਿਹਾ। ਉਹੀ ਉਸ ਦੇ ਅਭਿਨੈ ਵਿੱਚ ਕੰਮ ਆਉਂਦਾ ਹੈ। ਉਹ ਦੱਸਦਾ ਹੈ ਕਿ ‘ਬਾਬੂਮੋਸ਼ਾਏ ਬੰਦੂਕਬਾਜ਼’ ਦਾ ਇਹ ਪਹਿਲਾ ਕਿਰਦਾਰ ਹੈ ਜਿਸਦੇ ਲਈ ਉਸ ਨੂੰ ਆਪਣੇ ਵੱਲੋਂ ਬਹੁਤ ਘੱਟ ਤਿਆਰੀ ਕਰਨੀ ਪਈ ਕਿਉਂਕਿ ਕਿਰਦਾਰ ਦੀ ਦਿੱਖ ਸਾਧਾਰਨ ਜਿਹੀ ਹੈ।
ਨਵਾਜ਼ੂਦੀਨ ਸਿੱਦੀਕੀ ਦਾ ਕਹਿਣਾ ਹੈ ਕਿ ਹਕੀਕਤ ਵਿੱਚ ਪੂਰੇ ਵਿਸ਼ਵ ਵਿੱਚ ਯਥਾਰਥ ਦੇ ਧਰਾਤਲ ਉੱਤੇ ਜਿੰਨੀਆਂ ਖ਼ਤਰਨਾਕ ਅਤੇ ਦਰਦਨਾਕ ਘਟਨਾਵਾਂ ਹੁੰਦੀਆਂ ਹਨ, ਉਨ੍ਹਾਂ ਨੂੰ ਤਾਂ ਫ਼ਿਲਮਾਂ ਵਿੱਚ ਕਦੇ ਵਿਖਾਇਆ ਹੀ ਨਹੀਂ ਜਾਂਦਾ। ਫ਼ਿਲਮਾਂ ਤਾਂ ਬਹੁਤ ਸਾਫ਼ ਸੁਥਰੀਆਂ ਬਣ ਰਹੀਆਂ ਹਨ। ਉਸਦੀ ਰਾਇ ਵਿੱਚ ਸਾਡੇ ਸਮਾਜ ਵਿੱਚ ਜਾਂ ਪੂਰੇ ਵਿਸ਼ਵ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਸਭ ਸਿਨਮਾ ਵਿੱਚ ਆਉਣਾ ਚਾਹੀਦਾ ਹੈ। ਜੇਕਰ ਇਹ ਸਭ ਫ਼ਿਲਮਾਂ ਵਿੱਚ ਦਿਖਾਇਆ ਜਾਵੇ ਤਾਂ ਸ਼ਾਇਦ ਲੋਕਾਂ ਦੀ ਚੇਤਨਾ ਜਾਗੇ। ਸਮਾਜ ਵਿੱਚ ਜੋ ਕੁਝ ਹੋ ਰਿਹਾ ਹੈ, ਉਸਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।
ਕੁਝ ਲੋਕ ਕਹਿੰਦੇ ਹਨ ਕਿ ਨਵਾਜ਼ੂਦੀਨ ਨੂੰ ਆਪਣੀ ਆਲੋਚਨਾ ਸੁਣਨਾ ਪਸੰਦ ਨਹੀਂ ਹੈ। ਜਦੋਂਕਿ ਉਹ ਇਸ ਨੂੰ ਗ਼ਲਤ ਦੱਸਦਾ ਹੋਇਆ ਕਹਿੰਦਾ ਹੈ ਕਿ ਉਹ ਆਪਣੀ ਆਲੋਚਨਾ ਸੁਣਨਾ ਪਸੰਦ ਕਰਦਾ ਹੈ, ਬਸ਼ਰਤੇ ਉਸ ਦੀ ਆਲੋਚਨਾ ਕਰਨ ਵਾਲਾ ਇਨਸਾਨ ਉਸ ਕਾਬਿਲ ਹੋਵੇ। ਜੋ ਇਨਸਾਨ ਕਿਸੇ ਕਾਬਿਲ ਨਹੀਂ, ਉਹ ਕਿਸੇ ਨੂੰ ਵੀ ਗਾਲ ਦੇ ਦਿੰਦਾ ਹੈ। ਜਦੋਂ ਕੋਈ ਉਸ ਦੀ ਆਲੋਚਨਾ ਕਰਦਾ ਹੈ ਤਾਂ ਉਹ ਉਸਦੀ ਸਿੱਖਿਆ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਦਾ ਹੈ। ਉਹ ਉਸ ਜਿੰਨਾ ਸਿੱਖਿਅਤ ਅਤੇ ਉਸ ਜਿੰਨਾ ਅਨੁਭਵ ਰੱਖਦਾ ਹੈ ਜਾਂ ਨਹੀਂ। ਜੇਕਰ ਉਹ ਇਨਸਾਨ ਸਮਝਦਾਰ, ਜਾਣਕਾਰੀ ਰੱਖਣ ਵਾਲਾ ਹੈ ਤਾਂ ਉਹ ਉਸ ਦੀ ਆਲੋਚਨਾ ਕਰ ਸਕਦਾ ਹੈ। ਉਸ ਨੂੰ ਗਾਲਾਂ ਕੱਢ ਸਕਦਾ ਹੈ।
ਆਪਣੀ ਆਉਣ ਵਾਲੀ ਫ਼ਿਲਮ ‘ਮੰਟੋ’ ਨੂੰ ਲੈ ਕੇ ਨਵਾਜ਼ੂਦੀਨ ਕਹਿੰਦਾ ਹੈ ਕਿ ਇੱਕ ਕਲਾਕਾਰ ਦੇ ਤੌਰ ਉੱਤੇ ਇਹ ਬਹੁਤ ਹੀ ਜ਼ਿਆਦਾ ਰਚਨਾਤਮਕ ਤਸੱਲੀ ਵਾਲੀ ਫ਼ਿਲਮ ਹੈ ਕਿਉਂਕਿ ਉਸ ਨੇ ਇਹ ਫ਼ਿਲਮ ਆਪਣੀ ਰਚਨਾਤਮਕ ਤਸੱਲੀ ਲਈ ਹੀ ਕੀਤੀ ਹੈ। ਹਰ ਫ਼ਿਲਮ ਨੂੰ ਕਰਨ ਦੀ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ, ਪਰ ਫ਼ਿਲਮ ‘ਮੰਟੋ’ ਉਸ ਦੇ ਕਲਾਕਾਰ ਮਨ ਦੀ ਤਸੱਲੀ ਹੈ। ਇਹ ਫ਼ਿਲਮ ਸਆਦਤ ਹਸਨ ਮੰਟੋ ਉੱਤੇ ਹੈ। ਉਸ ਨੇ ਸਆਦਤ ਹਸਨ ਮੰਟੋ ਨੂੰ ਕਾਫ਼ੀ ਪੜ੍ਹਿਆ ਹੈ। ਉਨ੍ਹਾਂ ਦੀਆਂ ਕਈ ਕਹਾਣੀਆਂ ਉੱਤੇ ਉਸ ਨੇ ਨਾਟਕ ਕੀਤੇ ਹਨ। ਫ਼ਿਰ ਚਾਹੇ ਉਹ ‘ਖੋਲ੍ਹ ਦੋ’, ‘ਕਾਲੀ ਸਲਵਾਰ’ ਹੋਵੇ, ਪਰ ਉਨ੍ਹਾਂ ਨੂੰ ਲੈ ਕੇ ਉਸ ਦੀ ਸਮਝ ਬਹੁਤ ਘੱਟ ਸੀ। ਜਦੋਂ ਉਸ ਨੇ ਇਹ ਫ਼ਿਲਮ ਕਰਨੀ ਸ਼ੁਰੂ ਕੀਤੀ ਤਾਂ ਹੌਲੀ ਹੌਲੀ ਮੰਟੋ ਨੂੰ ਜਾਣਿਆ।