ਅੰਮ੍ਰਿਤਸਰ -ਹਾਲ ਹੀ ਵਿਚ ਸਾਹਮਣੇ ਆਏ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਘੋਟਾਲੇ ਦੀਆਂ ਪਰਤਾਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਪਹਿਲਕਦਮੀ ਨਾਲ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਵਿਭਾਗੀ ਜਾਂਚ ਤੋਂ ਬਾਅਦ ਇਹ ਜਾਂਚ ਹੁਣ ਅੰਮ੍ਰਿਤਸਰ ਪੁਲਸ ਦੇ ਹਵਾਲੇ ਕਰ ਦਿੱਤੀ ਗਈ ਹੈ। ਅੱਜ ਇਸ ਬਾਬਤ ਖੁਲਾਸਾ ਕਰਦੇ ਸਿੱਧੂ ਨੇ ਦੱਸਿਆ ਕਿ ਮੁੱਢਲੀ ਜਾਂਚ ਤਿੰਨ ਬੈਂਕ ਖਾਤਿਆਂ ਤੋਂ ਤੁਰੀ ਸੀ, ਜਿਸ ਵਿਚ 2-3 ਕਰੋੜ ਰੁਪਏ ਦੇ ਘਪਲੇ ਦਾ ਅੰਦਾਜ਼ਾ ਸੀ, ਦੀ ਜਦ ਵਿਭਾਗੀ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਇਹ 70 ਬੈਂਕ ਖਾਤਿਆਂ ਤੱਕ ਪਹੁੰਚ ਗਈ ਹੈ ਅਤੇ ਹੁਣ ਤੱਕ ਲਗਭਗ 80 ਕਰੋੜ ਰੁਪਏ ਖੁਰਦ-ਬੁਰਦ ਹੋਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਇਸ ਘਪਲੇ ਵਿਚ ਸ਼ਾਮਿਲ ਕਥਿਤ ਵਿਭਾਗੀ ਅਧਿਕਾਰੀ ਸਰਕਾਰੀ ਖਾਤਿਆਂ ਵਿਚੋਂ ਪੈਸਾ ਆਪਣੇ ਰਿਸ਼ਤੇਦਾਰਾਂ ਦੇ ਨਾਮ ਟਰਾਂਸਫਰ ਕਰਦੇ ਰਹੇ ਹਨ ਅਤੇ ਵਿਭਾਗ ਦੀ ਕੋਈ ਆਡਿਟ ਨਾ ਹੋਣ ਕਾਰਨ ਘੁਟਾਲਾ ਛੁਪਿਆ ਰਿਹਾ।
ਨਵਜੋਤ ਸਿੰਘ ਸਿੱਧੂ, ਜਿਨ੍ਹਾ ਕੋਲ ਇਹ ਵਿਭਾਗ ਆਉਂਦਾ ਹੈ, ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਵਿਭਾਗ ਦੇ ਮੁੱਖ ਵਿਜੀਲੈਂਸ ਅਧਿਕਾਰੀ ਸੁਦੀਪ ਸਿੰਘ ਮਾਣਕ ਦੀ ਅਗਵਾਈ ਹੇਠ ਕੀਤੀ ਗਈ ਜਾਂਚ ਦੇ ਅਧਾਰ ‘ਤੇ ਈ. ਓ. ਅਰਵਿੰਦ ਸ਼ਰਮਾ, ਈ. ਓ. ਡੀ. ਸੀ. ਗਰਗ, ਈ. ਓ. ਪਰਮਜੀਤ ਸਿੰਘ, ਡੀ. ਸੀ. ਐਫ. ਏ. ਦਮਨ ਭੱਲਾ, ਸ੍ਰੀਮਤੀ ਟੀਨਾ ਵੋਹਰਾ, ਸੀ. ਏ. ਸੰਜੈ ਕਪੂਰ ਅਤੇ ਬਿਲ ਕਲਰਕ ਸਤਨਾਮ ਸਿੰਘ ਵਿਰੁੱਧ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਅਰਵਿੰਦਰ ਸ਼ਰਮਾ ਦੇ ਦਸਤਖਤਾਂ ਹੇਠ 49 ਚੈਕ, ਗਰਗ ਵੱਲੋਂ 2, ਪਰਮਜੀਤ ਸਿੰਘ ਵੱਲੋਂ 3 ਚੈਕ ਆਪਣੇ ਦਸਤਖਤਾਂ ਹੇਠ ਜਾਰੀ ਕਰਕੇ ਇਹ ਪੈਸਾ ਕਢਵਾਇਆ ਗਿਆ ਹੈ। ਉਨਾਂ ਦੱਸਿਆ ਕਿ ਸਾਰੇ ਕਥਿਤ ਦੋਸ਼ੀਆਂ ਨੂੰ ਮੁਅੱਤਲ ਕਰਕੇ ਦੋਸ਼ ਪੱਤਰ ਜਾਰੀ ਕੀਤਾ ਜਾਵੇਗਾ। ਉਨਾਂ ਸਪੱਸ਼ਟ ਕੀਤਾ ਕਿ ਘੁਟਾਲੇ ਵਿਚ ਦੋਸ਼ੀ ਸਾਬਿਤ ਹੋਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਨੇਤਾ ਹੋਵੇ ਜਾਂ ਅਧਿਕਾਰੀ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਸਿੱਧੂ ਨੇ ਕਿਹਾ ਕਿ ਜਾਂਚ ਵਿਚ ਪੁਲਸ ਨੂੰ ਖੁਦਮੁਖਤਿਆਰੀ ਦਿੱਤੀ ਗਈ ਹੈ ਕਿ ਉਹ ਚੋਰ ਨੂੰ ਫੜਨ ਦੇ ਨਾਲ-ਨਾਲ ‘ਚੋਰ ਦੀ ਮਾਂ’ ਤੱਕ ਪਹੁੰਚਣ, ਤਾਂ ਜੋ ਲੋਕਾਂ ਦੇ ਪੈਸਿਆਂ ਨੂੰ ਲੁੱਟਣ ਵਾਲੇ ਇਸ ਟੋਲੇ ਨੂੰ ਬੇਪਰਦ ਕਰਦੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇ।
ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਮਹਿਕਮੇ ਦੀ ਸੀ. ਏ. ਨੇ ਕਦੇ ਇਸ ਘੁਟਾਲੇ ਦੀ ਜਾਂਚ ਨਹੀਂ ਕੀਤੀ, ਜਦਕਿ ਸਰਕਾਰ ਦੇ ਆਡੀਟਰ ਨੇ ਇੰਨਾਂ ਵੱਲੋਂ ਕੀਤੇ ਗਏ ਕੰਮਾਂ ‘ਤੇ 631 ਇਤਰਾਜ਼ ਲਗਾਏ ਸਨ। ਉਨ੍ਹਾਂ ਦੱਸਿਆ ਕਿ ਇਹ ਨਗਰ ਸੁਧਾਰ ਟਰੱਸਟ ਦਾ ਹੁਣ ਤੱਕ ਦਾ ਵੱਡਾ ਘੁਟਾਲਾ ਹੋ ਸਕਦਾ ਹੈ, ਜਿਸ ਵਿਚ ਲੋਕਾਂ ਦੇ ਪੈਸੇ ਦੀ ਇੰਨੀ ਖੁੱਲੀ ਲੁੱਟ ਕੀਤੀ ਗਈ ਹੋਵੇ । ਸਿੱਧੂ ਨੇ ਭਵਿੱਖ ਵਿਚ ਅਜਿਹੇ ਘੁਟਾਲੇ ਰੋਕਣ ਦਾ ਐਲਾਨ ਕਰਦੇ ਕਿਹਾ ਕਿ ਸਾਰੇ ਟਰੱਸਟਾਂ ਦੀ ਥਰਡ ਪਾਰਟੀ ਆਡਿਟ ਲਾਜ਼ਮੀ ਕੀਤੀ ਜਾਵੇਗੀ ਅਤੇ ਸੱਚ ਸਾਹਮਣੇ ਲਿਆਂਦਾ ਜਾਵੇਗਾ। ਸਿੱਧੂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਪਿਛਲੇ ਸਮੇਂ ਵਿਚ ਜਿੰਨੇ ਵੀ ਕੰਮ ਕੀਤੇ ਹਨ, ਉਹ ਚੰਡੀਗੜ ਅਤੇ ਹਰਿਆਣਾ ਨਾਲੋਂ ਬਹੁਤ ਵੱਧ ਮੁੱਲ ‘ਤੇ ਕਰਕੇ ਵਿਭਾਗ ਨੂੰ
ਚੂਨਾ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਵਾਹਗਾ ਸਰਹੱਦ ‘ਤੇ ਲਗਾਏ ਗਏ ਦੇਸ਼ ਦੇ ਸਭ ਤੋਂ ਉਚੇ ਤਿਰੰਗੇ ਨੂੰ ਲਗਾਉਣ ਵਿਚ ਵੀ ਘਪਲਾ ਹੋਣ ਦਾ ਪਤਾ ਲੱਗਾ ਸੀ ਅਤੇ ਉਸਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨਾਂ ਸਪੱਸ਼ਟ ਕੀਤਾ ਕਿ ਉਹ ਪੰਜਾਬ ਨੂੰ ਲੁੱਟਣ ਵਾਲਿਆਂ ਤੋਂ ਡਰਦੇ ਨਹੀਂ ਅਤੇ ਇਹ ਲੜਾਈ ਲੋਕ ਮਨਾਂ ਤੱਕ ਲੈ ਕੇ ਜਾਣਗੇ।
ਇਸ ਮੌਕੇ ਸੰਬੋਧਨ ਕਰਦੇ ਵਿਭਾਗ ਦੇ ਮੁੱਖ ਵਿਜੀਲੈਂਸ ਅਧਿਕਾਰੀ ਸੁਦੀਪ ਸਿੰਘ ਮਾਣਕ ਨੇ ਦੱਸਿਆ ਕਿ ਇਸ ਘੋਟਾਲੇ ਲਈ ਕਥਿਤ ਦੋਸ਼ੀ ਨਗਰ ਸੁਧਾਰ ਟਰਸੱਟ ਦਾ ਪੈਸਾ ਵੱਖ-ਵੱਖ ਬੈਂਕ ਖਾਤੇ, ਜੋ ਕਿ ਟਰੱਸਟ ਦੇ ਨਾਮ ‘ਤੇ ਹੀ ਹੁੰਦੇ ਸਨ, ਵਿਚ ਜਮਾ ਕਰਵਾਉਂਦੇ ਸਨ ਅਤੇ ਉਥੋਂ ਵੱਖ-ਵੱਖ ਕੰਮਾਂ, ਜਿਸ ਵਿਚ ਤਨਖਾਹਾਂ ਦੇਣੀਆਂ ਅਤੇ ਹੋਰ ਕੰਮ ਸ਼ਾਮਿਲ ਹਨ, ਸਬੰਧੀ ਬੈਂਕ ਨੂੰ ਪੱਤਰ ਲਿਖਕੇ ਪੈਸੇ ਕਢਵਾ ਲੈਂਦੇ ਸਨ। ਇਸ ਤੋਂ ਇਲਾਵਾ ਇਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਮ ‘ਤੇ ਵੀ ਡਰਾਫਟ ਬਣਾਏ ਅਤੇ ਕੈਸ਼ ਕੀਤੇ ਹੋਣ ਦਾ ਪਤਾ ਮੁੱਢਲੀ ਜਾਂਚ ਵਿਚ ਲੱਗਾ ਹੈ। ਮਾਣਕ ਨੇ ਦੱਸਿਆ ਕਿ ਕਈ ਬੈਂਕ ਖਾਤੇ ਵਿਭਾਗ ਦੀ ਕੈਸ਼ ਬੁੱਕ ਵਿਚ ਦਰਜ ਹੀ ਨਹੀਂ ਹਨ। ਉਨਾਂ ਦੱਸਿਆ ਕਿ ਅਜੇ ਜਾਂਚ ਵਿਚ ਹੋਰ ਵੀ ਪਰਤਾਂ ਖੁੱਲਣਗੀਆਂ ਅਤੇ ਹੋਰ ਦੋਸ਼ੀ ਵੀ ਸਾਹਮਣੇ ਆ ਸਕਦੇ ਹਨ।