ਜਲੰਧਰ -ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪਾਰਲੀਮੈਂਟ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਚੰਦੂਮਾਜਰਾ ਜਿਸ ਵੀ ਮੰਚ ‘ਤੇ ਚਾਹੇ ਉਨ੍ਹਾਂ ਨੂੰ ਪੰਥਕ ਮੁੱਦਿਆਂ ਬਾਰੇ ਉਨ੍ਹਾਂ ਨਾਲ ਬਹਿਸ ਕਰ ਸਕਦਾ ਹੈ ।
ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਤੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਇਹ ਕਹਿਣਾ ਕਿ ਉਹ ਹਾਲੇ ਚੁੱਪ ਹੈ ਤੇ ਸਰਨਿਆਂ ਦੇ ਭੇਤ ਖੋਲ੍ਹ ਦੇਵੇ ਤਾਂ ਸਰਨਿਆਂ ਨੂੰ ਭੱਜਦਿਆਂ ਰਾਹ ਨਹੀਂ ਲੱਭਣਾ ‘ਤੇ ਬੇਬਾਕ ਟਿੱਪਣੀ ਕਰਦਿਆਂ ਸਰਨਾ ਨੇ ਕਿਹਾ ਕਿ ਚੰਦੂਮਾਜਰਾ ਬਾਰੇ ਸਾਰੀ ਦੁਨੀਆ ਜਾਣਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਖਿਲਾਫ ਚੰਦੂਮਾਜਰਾ ਦੇ ਕੋਲ ਕੁਝ ਹੈ ਤਾਂ ਉਹ ਪਰਤਾਂ ਖੋਲ੍ਹਣ ਤੋਂ ਗੁਰੇਜ਼ ਨਾ ਕਰੇ । ਉਨ੍ਹਾਂ ਕਿਹਾ ਕਿ ਕਿੰਨਾ ਚੰਗਾ ਹੋਵੇ ਜੇਕਰ ਚੰਦੂਮਾਜਰਾ ਜਥੇਦਾਰ ਟੌਹੜਾ ਵਰਗੀ ਨਿਰਪੱਖ ਸੋਚ ਰੱਖ ਕੇ ਆਪਣੇ ਸਿਪਾਹਸਲਾਰ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਕੋਲੋਂ ਗੁਰਦੁਆਰਾ ਗੋਲਕ ਦਾ ਹਿਸਾਬ ਲੈ ਕੇ ਦੇ ਜਨਤਕ ਕਰੇ ਕਿਉਂਕਿ ਜਿੰਨਾ ਨੁਕਸਾਨ ਗੁਰੂ ਦੀ ਗੋਲਕ ਦਾ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੇ ਕੀਤਾ ਹੈ ਉਸ ਦੀ ਭਰਪਾਈ ਬਹੁਤ ਮੁਸ਼ਕਿਲ ਹੈ। ਉਨ੍ਹਾਂ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਕਿਸੇ ਵੀ ਟੀ. ਵੀ. ਚੈਨਲ ‘ਤੇ ਉਹ ਪੰਥ ਪ੍ਰਤੀ ਕੀਤੀ ਸੇਵਾ ਬਾਰੇ ਬਹਿਸ ਕਰਨ ਲਈ ਤਿਆਰ ਹਨ।