ਨਵੀਂ ਦਿੱਲੀ— ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਮੌਜੂਦਾ ਸਮੇਂ ਦੇ ਨਫ਼ਰਤ ਅਤੇ ਅਸਹਿਣਸ਼ੀਲਤਾ ਦੇ ਮਾਹੌਲ ‘ਚ ਸਵਾਮੀ ਵਿਵੇਕਾਨੰਦ ਦਾ ਸ਼ਿਕਾਗੋ ਭਾਸ਼ਣ ਅੱਗੇ ਵਧਣ ਦਾ ‘ਮੈਗਨਾਕਾਰਟਾ’ ਹੈ। ਸੋਨੀਆ ਗਾਂਧੀ ਨੇ ਸ਼ਿਕਾਗੋ ਦੀ ਧਰਮ ਸੰਸਦ ‘ਚ ਸਵਾਮੀ ਵਿਵੇਕਾਨੰਦ ਦੇ ਇਤਿਹਾਸਕ ਭਾਸ਼ਣ ਦੀ 125ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਕ ਸੰਦੇਸ਼ ‘ਚ ਕਿਹਾ ਕਿ ਸਵਾਮੀ ਜੀ ਨੇ ਸਹਿਣਸ਼ੀਲਤਾ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਅਸੀਂ ਉਨ੍ਹਾਂ ਪੱਖਪਾਤਾਂ ਦੀਆਂ ਚੁਣੌਤੀਆਂ ਨਾਲ ਜੂਝ ਰਹੇ ਹਾਂ, ਜਿਨ੍ਹਾਂ ਬਾਰੇ ਸਵਾਮੀ ਜੀ ਨੇ ਕਿਹਾ ਸੀ।
ਸੋਨੀਆ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਸ਼ਿਕਾਗੋ ਭਾਸ਼ਣ ਭਾਰਤੀ ਇਤਿਹਾਸ ‘ਚ ਗੌਰਵ ਦਾ ਪਲ ਹੈ ਅਤੇ ਭਾਰਤ ਦੇ ਇਕ ਮਹਾਨ ਧਾਰਮਿਕ ਨੇਤਾ ਦੇ ਵਿਸ਼ਵ ਪਟਲ ‘ਤੇ ਆਉਣ ਦਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਮਹਾਨ ਬੇਟੇ ਦੇ ਸ਼ਬਦਾਂ ਦਾ ਸਮਰਨ ਕਰਨਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ, ਸਾਰੇ ਭਾਰਤੀਆਂ ਲਈ ਮਾਣ ਦਾ ਵਿਸ਼ਾ ਹੈ। ਉਨ੍ਹਾਂ ਦੇ ਸ਼ਬਦਾਂ ਨਾਲ ਕਰੋੜਾਂ ਭਾਰਤੀਆਂ ਅਤੇ ਵਿਸ਼ਵ ਦੇ ਲੋਕਾਂ ਨੂੰ ਪ੍ਰੇਰਨਾ ਮਿਲਦੀ ਹੈ। ਸਵਾਮੀ ਵਿਵੇਕਾਨੰਦ 1893 ‘ਚ ਸ਼ਿਕਾਗੋ ਦੀ ਵਿਸ਼ਵ ਧਰਮ ਸੰਸਦ ‘ਚ ਹਿੱਸਾ ਲੈਣ ਗਏ ਸਨ। ਉਨ੍ਹਾਂ ਨੇ ਇਸ ‘ਚ ਭਾਰਤ ਅਤੇ ਹਿੰਦੂ ਧਰਮ ਦੇ ਪ੍ਰਤੀਨਿਧੀ ਦੇ ਤੌਰ ‘ਤੇ ਹਿੱਸਾ ਲੈਂਦੇ ਹੋਏ ਸ਼੍ਰੀਮਦ ਭਗਵਤ ਗੀਤਾ ਦਾ ਜ਼ਿਕਰ ਕੀਤਾ ਸੀ। ਕਾਂਗਰਸ ਚੇਅਰਪਰਸਨ ਨੇ ਸਵਾਮੀ ਵਿਵੇਕਾਨੰਦ ਦੇ ਸ਼ਬਦ ‘ਉਠੋ, ਜਾਗੋ ਅਤੇ ਟੀਚੇ ਤੱਕ ਪੁੱਜਣ ਤੱਕ ਨਾ ਰੁਕੇ’ ਨੂੰ ਅੱਜ ਦੇ ਸਮੇਂ ‘ਚ ਵੀ ਸੰਬੰਧਤ ਦੱਸਿਆ।