ਹਰਿਆਣਾ— ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਯੌਨ ਸੋਸ਼ਣ ਮਾਮਲੇ ‘ਚ 25 ਅਗਸਤ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਦੇ ਸਮਰਥਕਾਂ ਵਲੋਂ ਸ਼ਹਿਰ ‘ਚ ਕਾਫੀ ਜ਼ਿਆਦਾ ਦੰਗੇ-ਫਸਾਦ ਕੀਤੇ ਗਏ। ਜਿਸ ਤੋਂ ਬਾਅਦ ਸ਼ਹਿਰ ਦੇ ਕਈ ਇਲਾਕਿਆਂ ‘ਚ ਕਰਫਿਊ ਲਗਾ ਦਿੱਤਾ ਗਿਆ ਸੀ, ਜੋ ਕਿ ਕੁੱਝ ਦਿਨਾਂ ਬਾਅਦ ਹਟਾ ਦਿੱਤਾ ਗਿਆ ਸੀ ਪਰ ਹਰਿਆਣਾ ਦੇ ਸਿਰਸਾ ਨੇੜੇ ਇਲਾਕਿਆਂ ‘ਚ 18 ਦਿਨਾਂ ਬਾਅਦ ਅੱਜ ਕਰਫਿਊ ਹਟਾਉਣ ਦਾ ਐਲਾਨ ਕੀਤਾ ਗਿਆ ਹੈ।
ਸਿਰਸਾ ਦੇ ਡੀ. ਸੀ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰ ਤੱਕ ਕਰਫਿਊ ਹਟਾ ਦਿੱਤਾ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾ ਕੋਈ ਵੀ ਹਿੰਸਾ ਨਾ ਫੈਲਣ ‘ਤੇ ਸਤੁੰਸ਼ਟੀ ਜ਼ਾਹਰ ਕਰਦੇ ਹੋਏ ਸੋਮਵਾਰ ਨੂੰ ਡੇਰਾ ਸੱਚਾ ਸੌਦਾ ਅਤੇ ਉਸ ਦੇ ਨੇੜਲੇ ਲੱਗਦੇ ਪਿੰਡਾਂ ਨੇਜਿਆ, ਬਾਜੇਂਕਾ ਅਤੇ ਬੇਗੂ ‘ਚ ਹੋਰ ਢਿੱਲ ਦੇਣ ਦਾ ਫੈਸਲਾ ਲਿਆ ਗਿਆ ਸੀ।
ਦੱਸ ਦਈਏ ਕਿ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੂਰੇ ਪ੍ਰਦੇਸ਼ ‘ਚ ਡੇਰਾ ਸਮਰਥਕਾਂ ਵਲੋਂ ਹਿੰਸਾ ਕੀਤੀ ਗਈ। ਜਿਸ ‘ਚ ਕਰੋੜਾਂ ਦੀ ਸੰਪਤੀ ਦਾ ਨੁਕਸਾਨ ਹੋਇਆ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਸਿਰਸਾ ‘ਚ ਕਰਫਿਊ ਲਗਾਉਣ ਦੇ ਆਦੇਸ਼ ਜ਼ਾਰੀ ਕਰ ਦਿੱਤੇ ਸਨ। ਹਾਲਾਤ ਠੀਕ ਹੋਣ ਤੋਂ ਬਾਅਦ ਡੇਰੇ ਦੇ ਨਾਲ ਲੱਗਦੇ ਪਿੰਡਾਂ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੋਂ ਕਰਫਿਊ ਹਟਾ ਦਿੱਤਾ ਗਿਆ ਸੀ।