ਜੋਧਪੁਰ— ਆਪਣੇ ਹੀ ਆਸ਼ਰਮ ਦੀ ਨਾਬਾਲਿਗ ਨਾਲ ਯੌਨ ਸ਼ੋਸ਼ਣ ਦੇ ਆਰੋਪ ‘ਚ ਫਸੇ ਆਸਾਰਾਮ ਇਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਸੁਰੱਖੀਆਂ ‘ਚ ਆ ਗਏ ਹਨ। ਵੀਰਵਾਰ ਨੂੰ ਜੋਧਪੁਰ ਦੇ ਐਸ.ਸੀ-ਐਸ.ਟੀ ਕੋਰਟ ‘ਚ ਸੁਣਵਾਈ ਦੌਰਾਨ ਜਦੋਂ ਆਸਾਰਾਮ ਕੋਰਟ ‘ਚ ਪੇਸ਼ ਕੀਤੇ ਗਏ ਤਾਂ ਮੀਡੀਆ ਨੇ ਅਖਾੜਾ ਪਰਿਸ਼ਦ ਵੱਲੋਂ ਉਨ੍ਹਾਂ ਨੂੰ ਨਕਲੀ ਬਾਬਿਆਂ ਦੀ ਲਿਸਟ ‘ਚ ਸ਼ਾਮਲ ਕਰਨ ‘ਤੇ ਸਵਾਲ ਪੁੱਛਿਆ। ਇਸ ‘ਤੇ ਆਸਾਰਾਮ ਭੜਕ ਗਏ ਅਤੇ ਆਪਣੇ ਆਪ ਨੂੰ ਗਧਾ ਕਰਾਰ ਦੇ ਦਿੱਤਾ।
ਅਦਾਲਤ ‘ਚ ਜਾਣ ਤੋਂ ਪਹਿਲੇ ਹੀ ਮੀਡੀਆਂ ਨੇ ਉਨ੍ਹਾਂ ਤੋਂ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਨਾ ਮੈਂ ਸੰਤ ਹਾਂ ਅਤੇ ਨਾ ਹੀ ਕਥਾਵਾਚਕ ਹਾਂ, ਮੈਂ ਤਾਂ ਗਧਾ ਹਾਂ। ਜਦੋਂ ਪੱਤਰਕਾਰਾਂ ਨੇ ਦੁਬਰਾਰ ਉਨ੍ਹਾਂ ਨੂੰ ਸਵਾਲ ਕੀਤਾ ਕਿ ਤੁਸੀਂ ਆਪਣੇ ਆਪ ਨੂੰ ਗਧਾ ਕਿਉਂ ਕਹਿ ਰਹੇ ਹੋ ਤਾਂ ਇਸ ‘ਤੇ ਉਹ ਬਿਨਾਂ ਕੁਝ ਬੋਲੇ ਗੁੱਸੇ ‘ਚ ਚਲੇ ਗਏ। ਨਾਬਾਲਿਗ ਵਿਦਿਆਰਥਣ ਦੇ ਯੌਣ ਸ਼ੋਸ਼ਣ ਦੇ ਆਰੋਪ ‘ਚ 4 ਸਾਲ ਤੋਂ ਜੋਧਪੁਰ ਜੇਲ ‘ਚ ਬੰਦ ਆਸਾਰਾਮ ਨੂੰ ਪੰਜ ਦਿਨ ਪਹਿਲੇ ਦੇਸ਼ ‘ਚ ਸਾਧੂ-ਸੰਤਾਂ ਦੀ ਸਭ ਤੋਂ ਵੱਡੀ ਸੰਸਥਾ ਅਖਿਲ ਭਾਰਤੀ ਅਖਾੜਾ ਪਰਿਸ਼ਦ ਨੇ ਫਰਜ਼ੀ ਘੋਸ਼ਿਤ ਕਰ ਦਿੱਤਾ ਸੀ।