ਵਾਰਾਣਸੀ— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੀ ਫੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ‘ਚ ਸਮਰੱਥ ਹੈ। ਡੋਕਲਾਮ ਦੇ ਗਤੀਰੋਧ ਅਤੇ ਜੰਗਬੰਦੀ ਦੀ ਲਗਾਤਾਰ ਹੋ ਰਹੀ ਉਲੰਘਣਾ ਦੇ ਮੁੱਦੇ ‘ਤੇ ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਪੂਰੀ ਤਰ੍ਹਾਂ ਤਿਆਰ ਹੈ। ਫੌਜ ਸ਼ਕਤੀਆਂ ਨਾਲ ਹੀ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਕੂਟਨੀਤੀ ਰਾਹੀਂ ਵੀ ਦੇਸ਼ ਦੀ ਸੁਰੱਖਿਆ ਯਕੀਨੀ ਕਰ ਰਹੇ ਹਨ। ਇਸ ਦੇ ਨਾਲ-ਨਾਲ ਰੱਖਿਆ ਫੋਰਸ ਵੀ ਹਰ ਸਥਿਤੀ ‘ਤੇ ਆਪਣੀ ਨਜ਼ਰ ਰੱਖੇ ਹੋਏ ਹੈ। ਉਹ ਇੱਥੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਸੁਤੰਤਰਤਾ ਭਵਨ ‘ਚ ਖੁੱਲ੍ਹੇ ‘ਚ ਟਾਇਲਟ ਦੀ ਸਮੱਸਿਆ ਤੋਂ ਮੁਕਤ ਐਲਾਨ ਛਾਉਣੀ ਬੋਰਡਾਂ ਨੂੰ ਸਨਮਾਨਤ ਕਰਨ ਦੇ ਪ੍ਰੋਗਰਾਮ ‘ਚ ਬੋਲ ਰਹੀ ਸੀ। ਉਨ੍ਹਾਂ ਨੇ ਵਾਰਾਣਸੀ ਕੈਂਟ ਸਮੇਤ 10 ਛਾਉਣੀ ਬੋਰਡਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੁੱਲ 25 ਕੈਂਟੋਨਮੇਂਟ ਬੋਰਡਾਂ ‘ਚੋਂ 14 ਬੋਰਡ ਪ੍ਰਧਾਨ ਮੰਤਰੀ ਦੀ ਕਸੌਟੀ ‘ਤੇ ਖਰੇ ਉਤਰੇ ਹਨ ਅਤੇ ਖੁੱਲ੍ਹੇ ‘ਚ ਟਾਇਲਟ ਦੀ ਸਮੱਸਿਆ ਤੋਂ ਮੁਕਤੀ ਪਾ ਚੁਕੇ ਹਨ। ਉਨ੍ਹਾਂ ਨੇ ਕਿਹਾ ਕਿ ਮੁਹਿੰਮ ‘ਚ ਬੱਚਿਆਂ ਨੂੰ ਜੋੜਿਆ ਜਾਣਾ ਇਕ ਚੰਗੀ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ 2019 ਤੱਕ ਜਦੋਂ ਮਹਾਤਮਾ ਗਾਂਧੀ ਨੂੰ 150ਵੀਂ ਜਯੰਤੀ ਮਨਾਈ ਜਾਵੇਗੀ, ਉਦੋਂ ਤੱਕ ਸਵੱਛ ਭਾਰਤ ਦੀ ਮੁਹਿੰਮ ਪੂਰੀ ਹੋ ਜਾਵੇਗੀ। ਰੱਖਿਆ ਮੰਤਰਾਲੇ ਦੇ ਖੁੱਲ੍ਹੇ ‘ਚ ਟਾਇਲਟ ਮੁਕਤ ਪ੍ਰੋਗਰਾਮ ‘ਚ ਵਾਰਾਣਸੀ ਛਾਉਣੀ ਬੋਰਡ ਤੋਂ ਇਲਾਵਾ ਦਾਨਾਪੁਰ, ਲਖਨਊ, ਦੇਹਰਾਦੂਨ, ਮੇਰਠ, ਲੈਂਡੂਰ, ਲੈਂਡਡਾਊਨ, ਰਾਣੀਖੇਤ, ਬਰੇਲੀ ਅਤੇ ਇਕ ਹੋਰ ਛਾਉਣੀ ਬੋਰਡ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਇਨ੍ਹਾਂ ਸਾਰੇ ਬੋਰਡ ਤੋਂ ਇਲਾਵਾ ਫੌਜ ਅਤੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਕਈ ਅਧਿਕਾਰੀ ਵੀ ਮੌਜੂਦ ਸਨ।