ਕੋਟਕਪੂਰਾ : ਫਰੀਦਕੋਟ ਵਿਖੇ ਹੋਣ ਵਾਲੇ ਬਾਬਾ ਫ਼ਰੀਦ ਜੀ ਦੇ ਮੇਲੇ ‘ਤੇ ਬਾਬਾ ਫ਼ਰੀਦ ਸੁਸਾਇਟੀ ਵੱਲੋਂ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਨੂੰ ਇਮਾਨਦਾਰੀ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦਾ ਅਕਾਲੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ ਨੇ ਕੋਟਕਪੂਰਾ ਵਿਖੇ ਪਾਰਟੀ ਵਰਕਰਾਂ ਨਾਲ ਕੀਤੀ ਇੱਕ ਮੀਟਿੰਗ ਵਿੱਚ ਕਿਹਾ ਕਿ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਬੇਈਮਾਨੀ ਦਾ ਐਵਾਰਡ ਮਿਲਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਨਿਗ੍ਹਾ ‘ਚ ਇਮਾਨਦਾਰ ਬੰਦੇ ਠੀਕ ਨਹੀਂ ਹਨ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਸੁਸਾਇਟੀ ਇੱਕ ਨਿਰਪੱਖ ਅਤੇ ਸੁਤੰਤਰ ਸੁਸਾਇਟੀ ਹੈ ਅਤੇ ਇਸ ਨੇ ਆਪਣੇ ਪੱਧਰ ‘ਤੇ ਪੂਰੀ ਡੂੰਘੀ ਜਾਂਚ-ਪੜਤਾਲ ਤੋਂ ਬਾਅਦ ਹੀ ਕੋਈ ਫ਼ੈਸਲਾ ਲੈਦਾ ਹੁੰਦਾ ਹੈ। ਉਨ੍ਹਾਂ ਕਿਹਾ ਪਿਛਲੇ 10 ਸਾਲਾਂ ਤੋਂ ਅਕਾਲੀਆਂ ਨੇ ਲਗਾਤਾਰ ਪੰਜਾਬ ਨੂੰ ਲੁੱਟਿਆ ਹੈ, ਜਿਸ ਨਾਲ ਅੱਜ ਪੰਜਾਬ ਦੀ ਇਹ ਤਰਸਯੋਗ ਹਾਲਤ ਹੋਈ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੀ ਇਹ ਐਵਾਰਡ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਜਾਣਾ ਚਾਹੀਦਾ ਸੀ? ਕੈਬਨਿਟ ਮੰਤਰੀ ਸਿੱਧੂ ਆਪਣਾ ਫਰਜ਼ ਪੂਰੀ ਤਰ੍ਹਾਂ ਨਿਭਾ ਰਹੇ ਹਨ ਅਤੇ ਉਨ੍ਹਾਂ ਦੇ ਦਾਮਨ ‘ਤੇ ਕੋਈ ਵੀ ਦਾਗ ਨਹੀ ਹੈ। ਇਸ ਮੌਕੇ ਹਰਦੀਪ ਕਟਾਰੀਆ, ਜੱਸਾ ਠਾੜ੍ਹਾ, ਨਿਰਮਲ ਚੱਕ ਕਲਿਆਣ, ਬਬਲਾ ਵਾਂਦਰ ਜਟਾਣਾ, ਵਰਿੰਦਰ ਸ਼੍ਰੀਮਾਨ, ਰਣਜੀਤ ਗੋਗੀ ਵਾਂਦਰ ਜਟਾਣਾ, ਵੇਦ ਪ੍ਰਕਾਸ਼, ਪਰਮਿੰਦਰ ਸਿੰਘ ਮੌੜ, ਸ਼ਾਮ ਸੁੰਦਰ, ਗੁਰਜੀਤ ਸਿੰਘ ਭੈਰੋਂ ਭੱਟੀ, ਸੁਖਦੀਪ ਸਿੰਘ ਵਾੜਾਦਰਾਕਾ, ਕੁਲਦੀਪ ਬਰਾੜ ਬਾਹਮਣ ਵਾਲਾ, ਨੀਰਜ ਕੁਮਾਰ, ਅਜਨ ਗਿੱਲ, ਲਵਪ੍ਰੀਤ ਸਿੱਧੂ, ਜਸਵਿੰਦਰ ਕੋਟਸੁਖੀਆ ਅਤੇ ਸੁੱਖੀ ਕੋਟਕਪੂਰਾ ਹਾਜ਼ਰ ਸਨ।