ਬੀ-ਟਾਊਨ ਵਿੱਚ ਆਸ਼ਿਕੀ ਗਰਲ ਦੇ ਨਾਮ ਤੋਂ ਮਸ਼ਹੂਰ ਹੋ ਚੁੱਕੀ ਸ਼੍ਰਧਾ ਕਪੂਰ ਦੀਆਂ ਪਿਛਲੀਆਂ ਕੁਝ ਫ਼ਿਲਮਾਂ ਭਾਵੇਂ ਫ਼ਲਾਪ ਰਹੀਆਂ ਹੋਣ, ਪਰ ਇਸਦੇ ਬਾਵਜੂਦ ਇਨ੍ਹਾਂ ਦਿਨਾਂ ਵਿੱਚ ਉਹ ਕਾਫ਼ੀ ਰੁੱਝੀ ਹੋਈ ਹੈ ਕਿਉਂਕਿ ਉਹ ਇੱਕੱਠੀਆਂ ਕਈ ਫ਼ਿਲਮਾਂ ਕਰ ਰਹੀ ਹੈ ਅਤੇ ਉਸਨੂੰ ਨਾਲ ਹੀ ਨਾਲ ਫ਼ਿਲਮਾਂ ਵਿੱਚ ਆਪਣੀ ਗਾਇਕੀ ਦੀ ਪ੍ਰਤਿਭਾ ਵਿਖਾਉਣ ਦਾ ਵੀ ਮੌਕਾ ਮਿਲ ਰਿਹਾ ਹੈ। ਉਸ ਦੀ ਆਉਣ ਵਾਲੀ ਫ਼ਿਲਮ ‘ਹਸੀਨਾ’ ਲਈ ਉਸਨੂੰ ਖ਼ੂਬ ਤਾਰੀਫ਼ਾਂ ਵੀ ਮਿਲ ਰਹੀਆਂ ਹਨ। ਪੇਸ਼ ਹੈ ਸ਼੍ਰਧਾ ਕਪੂਰ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼:
-ਸਭ ਤੋਂ ਪਹਿਲਾਂ ਤੁਸੀਂ ਆਪਣੀ ਫ਼ਿਲਮ ‘ਹਸੀਨਾ’ ਦੇ ਬਾਰੇ ਵਿੱਚ ਦੱਸੋ।
– ‘ਹਸੀਨਾ’ ਦੇ ਨਿਰਦੇਸ਼ਕ ਅਪੂਰਵ ਲਾਖਿਆ ਹਨ ਜਿਨ੍ਹਾਂ ਨਾਲ ਮੈਂ ਪਹਿਲਾਂ ਵੀ ਦੋ ਸੁਪਰਹਿੱਟ ਫ਼ਿਲਮਾਂ ਕੀਤੀਆਂ ਹਨ। ਪਹਿਲਾਂ ਇਹ ਫ਼ਿਲਮ 14 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਬਾਕਿਸ ਆਫ਼ਿਸ ਉੱਤੇ ਕਈ ਫ਼ਿਲਮਾਂ ਆਉਣ ਦੇ ਕਾਰਨ ਇਸਦੀ ਰਿਲੀਜ਼ ਮਿਤੀ ਨੂੰ ਵਧਾਕੇ 18 ਅਗਸਤ ਕਰ ਦਿੱਤਾ ਗਿਆ ਸੀ, ਪਰ ਹੁਣ ਇਹ ਫ਼ਿਲਮ 22 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਹ ਇੱਕ ਬਾਓਪਿਕ ਹੈ ਜਿਸਦੇ ਕੇਂਦਰ ਵਿੱਚ ਹੈ ਦਾਊਦ ਇਬਰਾਹਿਮ ਦੀ ਭੈਣ ਹਸੀਨਾ । ਹਾਲਾਂਕਿ ਮੈਂ ਸ਼ੁਰੂ ਤੋਂ ਹੀ ਬਾਓਪਿਕ ਕਰਨਾ ਚਾਹੁੰਦੀ ਸੀ, ਇਸ ਲਈ ਜਿਵੇਂ ਹੀ ਇਹ ਫ਼ਿਲਮ ਮੇਰੇ ਕੋਲ ਆਈ, ਮੈਂ ਇਸਨੂੰ ਸਵੀਕਾਰ ਕਰਨ ਵਿੱਚ ਦੇਰ ਨਹੀਂ ਲਗਾਈ। ‘ਹਸੀਨਾ’ ਨੇ ਆਪਣੀ ਜ਼ਿੰਦਗੀ ਵਿੱਚ ਕਈ ਲੋਕਾਂ ਨੂੰ ਖੋਇਆ ਅਤੇ ਉਸ ਦੀ ਜ਼ਿੰਦਗੀ ਬੇਹੱਦ ਮੁਸ਼ਕਲ ਅਤੇ ਚੁਣੌਤੀਭਰਪੂਰ ਸੀ। ਇਸ ਕਾਰਨ ਮੇਰੀ ਇਸ ਫ਼ਿਲਮ ਵਿੱਚ ਰੁਚੀ ਜਾਗੀ। ਉਂਜ, ਕਿਸੇ ਵੀ ਫ਼ਿਲਮ ਵਿੱਚ ਕੇਂਦਰੀ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਰਿਹਾ ਸੀ ਤਾਂ ਇਨਕਾਰ ਕਿਉਂ ਕਰਦੀ?
-ਇਸ ਫ਼ਿਲਮ ਵਿੱਚ ਕੰਮ ਕਰਨ ਤੋਂ ਬਾਅਦ ਤੁਸੀਂ ਹਸੀਨਾ ਬਾਰੇ ਕੀ ਰਾਇ ਬਣਾਈ?
-ਮੈਂ ਪਹਿਲਾਂ ਵੀ ਦੱਸਿਆ ਹੈ ਕਿ ਹਸੀਨਾ ਨੇ ਆਪਣੀ ਜ਼ਿੰਦਗੀ ਵਿੱਚ ਕਈ ਲੋਕਾਂ ਨੂੰ ਖੋਇਆ ਅਤੇ ਉਸਦੀ ਜ਼ਿੰਦਗੀ ਬੇਹੱਦ ਮੁਸ਼ਕਲ ਅਤੇ ਚੁਣੌਤੀਪੂਰਨ ਸੀ। ਇਸ ਫ਼ਿਲਮ ਦੀ ਕਹਾਣੀ ਅਨੁਸਾਰ ਹਸੀਨਾ ਆਪਣੇ ਵੱਡੇ ਭਰੇ ਦੇ ਸਭ ਤੋਂ ਚੰਗੇ ਦੋਸਤ ਇਬਰਾਹਿਮ ਨਾਲ ਵਿਆਹ ਕਰਾਉਂਦੀ ਹੈ। ਉਹ ਨਾ ਕੇਵਲ ਇੱਕ ਹੋਟਲ ਚਲਾਉਂਦਾ ਹੈ, ਸਗੋਂ ਆਪਣੇ ਖਾਲੀ ਸਮੇਂ ਵਿੱਚ ਉਹ ਬੌਲੀਵੁਡ ਵਿੱਚ ਇੱਕ ਸਟੰਟਮੈਨ ਦੇ ਰੂਪ ਵਿੱਚ ਕੰਮ ਵੀ ਕਰਦਾ ਹੈ। ਉਹ ਦੋਨੋਂ ਇੱਕ- ਦੂਜੇ ਦੇ ਪਿਆਰ ਵਿੱਚ ਪਾਗਲ ਸਨ ਅਤੇ ਉਹ ਬਹੁਤ ਘੱਟ ਉਮਰ ਵਿੱਚ ਵਿਆਹ ਕਰ ਲੈਂਦੇ ਹਨ। ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਬਹੁਤ ਚੰਗੀ ਸੀ, ਪਰ ਉਹ ਬਹੁਤ ਹੀ ਛੋਟੀ ਉਮਰ ਵਿੱਚ ਆਪਣੇ ਪਤੀ ਨੂੰ ਖੋਅ ਦਿੰਦੀ ਹੈ। ਫ਼ਿਲਮ ਵਿੱਚ ਇੱਕ ਅਜਿਹਾ ਰੁਮਾਂਟਿਕ ਗੀਤ ਹੈ, ਜਿਸਦੇ ਜ਼ਰੀਏ ਦੁਨੀਆਂ ਨੂੰ ਹਸੀਨਾ ਪਾਰਕਰ ਦਾ ਨਰਮ ਪੱਖ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜਦੋਂ ਉਹ ਛੋਟੀ ਸੀ ਤਾਂ ਬਹੁਤ ਰੁਮਾਂਟਿਕ ਸੀ, ਪਰ ਪਰਿਸਥਿਤੀਆਂ ਦੀ ਵਜ੍ਹਾ ਨਾਲ ਉਹ ਉੱਥੇ ਪੁੱਜਦੀ ਹੈ।
-ਹਸੀਨਾ ਦੇ ਕਿਰਦਾਰ ਨੂੰ ਜੀਵੰਤ ਬਣਾਉਣ ਲਈ ਤੁਸੀਂ ਆਪਣੇ ਵੱਲੋਂ ਕੀ ਹੋਮਵਰਕ ਕੀਤਾ?
– ਇਸ ਫ਼ਿਲਮ ਵਿੱਚ ਹਸੀਨਾ ਦੇ ਕਿਰਦਾਰ ਵਿੱਚ ਠਹਿਰਾ ਲਿਆਉਣ ਲਈ ਮੈਂ ਹਸੀਨਾ ਦੇ ਪਰਿਵਾਰ ਨਾਲ ਕਾਫ਼ੀ ਵਕਤ ਗੁਜ਼ਾਰਿਆ। ਇਸ ਕਿਰਦਾਰ ਨੂੰ ਨਿਭਾਉਣ ਲਈ ਮੈਂ ਕਾਫ਼ੀ ਭਾਰ ਵੀ ਵਧਾਇਆ ਹੈ।
-ਤੁਹਾਡਾ ਭਰਾ ਸਿਧਾਰਥ ਕਪੂਰ ਵੀ ਇਸ ਫ਼ਿਲਮ ਵਿੱਚ ਕੰਮ ਕਰ ਰਿਹਾ ਹੈ। ਉਸ ਬਾਰੇ ਕੀ ਕਹੋਗੇ?
-ਹਾਂ, ਸਿਧਾਰਥ ਇਸ ਫ਼ਿਲਮ ਵਿੱਚ ਦਾਊਦ ਦਾ ਕਿਰਦਾਰ ਨਿਭਾ ਰਿਹਾ ਹੈ। ਇਸ ਕਿਰਦਾਰ ਲਈ ਉਸਨੇ ਆਪਣੇ ਆਪ ਡਾਇਰੈਕਟਰ ਅਪੂਰਵ ਲਾਖਿਆ ਨਾਲ ਗੱਲ ਕੀਤੀ ਸੀ। ਹਾਲਾਂਕਿ, ਪਹਿਲਾਂ ਉਨ੍ਹਾਂ ਨੇ ਉਸਨੂੰ ਟਾਲ ਦਿੱਤਾ ਸੀ, ਪਰ ਬਾਅਦ ਵਿੱਚ ਇਹ ਕਿਰਦਾਰ ਉਸਨੂੰ ਨਿਭਾਉਣ ਲਈ ਦੇ ਦਿੱਤਾ।
-ਹਸੀਨਾ ਦਾ ਕਿਰਦਾਰ ਤੁਹਾਡੇ ਲਈ ਕਾਫ਼ੀ ਚੁਣੌਤੀਪੂਰਨ ਰਿਹਾ ਹੋਵੇਗਾ। ਕੁਝ ਨਵਾਂ ਸਿੱਖਣਾ ਕਿੰਨਾ ਮੁਸ਼ਕਲ ਹੁੰਦਾ ਹੈ?
– ਹਰ ਫ਼ਿਲਮ ਦੇ ਨਾਲ ਇੱਕ ਨਵੀਂ ਚੁਣੌਤੀ ਹੁੰਦੀ ਹੈ। ‘ਏਬੀਸੀਡੀ 2’ ਵਿੱਚ ਮੈਂ ਡਾਂਸ ਕੀਤਾ ਹੈ, ਫ਼ਿਰ ਮੈਂ ਟਾਈਗਰ ਦੇ ਨਾਲ ‘ਬਾਗੀ’ ਵਿੱਚ ਐਕਸ਼ਨ ਵੀ ਕੀਤਾ ਹੈ। ‘ਏਕ ਵਿਲਨ’ ਵਿੱਚ ਮੈਂ ਬਾਇਕ ਚਲਾਈ। ਕਿਉਂਕਿ ਮੈਂ ਕਦੇ ਵੀ ਪੇਸ਼ੇਵਰ ਡਾਂਸਰ ਨਹੀਂ ਰਹੀ ਹਾਂ, ਇਸ ਲਈ ‘ਏਬੀਸੀਡੀ 2’ ਲਈ ਮੈਨੂੰ ਇਹ ਸਿੱਖਣਾ ਪਿਆ। ਜੇਕਰ ਤੁਸੀਂ ਕਿਰਦਾਰ ਵਿੱਚ ਆਪਣੇ ਆਪ ਨੂੰ ਢਾਲਣਾ ਚਾਹੁੰਦੇ ਹੋ ਤਾਂ ਉਸਦੇ ਹਿਸਾਬ ਨਾਲ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ, ਪਰ ਇਹ ਸੰਤੁਸ਼ਟੀ ਵੀ ਦਿੰਦਾ ਹੈ।
-ਤੁਹਾਡੇ ਹਿੱਸੇ ਵਿੱਚ ਕਈ ਹਿੱਟ ਫ਼ਿਲਮਾਂ ਹਨ, ਪਰ ਪਿਛਲੀਆਂ ਕੁਝ ਫ਼ਿਲਮਾਂ ਕਾਮਯਾਬ ਨਹੀਂ ਰਹੀਆਂ। ਤੁਸੀਂ ਨਾਕਾਮੀ ਨੂੰ ਕਿਸ ਰੂਪ ਵਿੱਚ ਲੈਂਦੇ ਹੋ ?
– ਮੈਂ ਤਾਂ ਖ਼ੁਸ਼ ਹਾਂ ਕਿ ਮੈਨੂੰ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਹੀ ਨਾਕਾਮੀ ਦੇਖਣ ਦਾ ਮੌਕਾ ਮਿਲ ਗਿਆ। ਇਸਤੋਂ ਮੈਨੂੰ ਸਬਰ ਰੱਖਣਾ ਅਤੇ ਇਸ ਦਾ ਸਾਹਮਣਾ ਕਰਨਾ ਆ ਗਿਆ। ਜਦੋਂ ਤੁਹਾਡੀ ਫ਼ਿਲਮ ਨਹੀਂ ਚੱਲਦੀ ਤਾਂ ਕਈ ਲੋਕ ਤੁਹਾਨੂੰ ਕਹਿੰਦੇ ਹਨ ਕਿ ਮੈਂ ਮਨ੍ਹਾਂ ਕੀਤਾ ਸੀ ਨਾ ਕਿ ਇਹ ਫ਼ਿਲਮ ਨਹੀਂ ਚੱਲੇਗੀ ਤਾਂ ਫ਼ਿਰ ਤੂੰ ਕਿਉਂ ਕੀਤੀ? ਅਤੇ ਜਦੋਂ ਤੁਹਾਡੀ ਫ਼ਿਲਮ ਚੱਲਦੀ ਹੈ ਤਾਂ ਉਹੀ ਲੋਕ ਕਹਿੰਦੇ ਹਨ ਕਿ ਵੇਖਿਆ, ਮੈਂ ਕਿਹਾ ਸੀ ਨਾ ਕਿ ਇਹ ਫ਼ਿਲਮ ਜ਼ਰੂਰ ਚੱਲੇਗੀ। ਇਸ ਲਈ ਤੁਹਾਨੂੰ ਲੋਕਾਂ ਦੀਆਂ ਗੱਲਾਂ ਉੱਤੇ ਧਿਆਨ ਨਾ ਦਿੰਦੇ ਹੋਏ ਜਿਵੇਂ ਹਾਂ, ਉਂਜ ਹੀ ਰਹਿਣਾ ਚਾਹੀਦਾ ਹੈ ਅਤੇ ਆਪਣੇ ਆਪ ਹੀ ਠੀਕ ਫ਼ੈਸਲੇ ਲੈਣੇ ਚਾਹੀਦੇ ਹਨ। ਜਦੋਂ ਮੇਰਾ ਕਰੀਅਰ ਠੀਕ ਨਹੀਂ ਚੱਲ ਰਿਹਾ ਸੀ ਤਾਂ ਮੈਂ ਕਈ ਹੋਰ ਕੰਮ ਕਰਦੀ ਸੀ ਜਿਵੇਂ – ਸ਼ਖ਼ਸੀਅਤ ਵਿਕਾਸ, ਸਫ਼ਰ, ਡਾਂਸ ਕਲਾਸਾਂ ਆਦਿ। ਹੁਣ ਹਾਲਾਂਕਿ ਮੈਂ ਕਾਫ਼ੀ ਰੁੱਝੀ ਹੋਈ ਹਾਂ ਤਾਂ ਮੈਂ ਇਹ ਸਭ ਕਰਨਾ ਮਿਸ ਕਰਦੀ ਹਾਂ।
-‘ਆਸ਼ਿਕੀ 2’ ਤੁਹਾਡੇ ਕਰੀਅਰ ਨੂੰ ਸਹੀ ਦਿਸ਼ਾ ਦੇਣ ਵਾਲੀ ਫ਼ਿਲਮ ਰਹੀ ਹੈ। ਕੀ ਅਜਿਹਾ ਕਹਿ ਸਕਦੇ ਹਾਂ?
– ਹਾਂ, ਇਹ ਇੰਡਸਟਰੀ ਬਹੁਤ ਵੱਡੀ ਹੈ। ਇੱਥੇ ਹਰ ਕਿਸੇ ਲਈ ਕੰਮ ਹੈ। ਨਵੇਂ – ਨਵੇਂ ਡਾਇਰੈਕਟਰ ਵੀ ਨਵੀਂ ਸੋਚ ਅਤੇ ਨਵੀਂ ਪਟਕਥਾ ਨਾਲ ਆ ਰਹੇ ਹਨ। ਹਰ ਕਿਸੇ ਨੂੰ ਹਰ ਤਰ੍ਹਾਂ ਦਾ ਅਦਾਕਾਰ ਚਾਹੀਦਾ ਹੈ। ਇਸ ਵਿੱਚ ਮੁਕਾਬਲਾ ਹੋਵੇ ਤਾਂ ਹੋਰ ਵੀ ਚੰਗਾ ਹੈ। ਇਸਤੋਂ ਉਭਰਨ ਦਾ ਮੌਕਾ ਮਿਲਦਾ ਹੈ। ਦਰਅਸਲ, ਸੱਚ ਇਹ ਹੈ ਕਿ ‘ਆਸ਼ਿਕੀ 2’ ਦੇ ਡਾਇਰੈਕਟਰ ਮੋਹਿਤ ਸੂਰੀ ਮੇਰੇ ਘਰ ਕਿਸੇ ਹੋਰ ਫ਼ਿਲਮ ਦੀ ਗੱਲ ਕਰਨ ਆਏ ਸਨ। ਮੈਂ ਉਸ ਸਮੇਂ ਚਸ਼ਮਾ ਲਗਾਇਆ ਹੋਇਆ ਸੀ ਅਤੇ ਜੂੜਾ ਬਣਾਇਆ ਹੋਇਆ ਸੀ। ਉਹ ਦਿੱਖ ਮੋਹਿਤ ਨੂੰ ਪਸੰਦ ਆ ਗਈ ਅਤੇ ਉਨ੍ਹਾਂ ਨੇ ‘ਆਸ਼ਿਕੀ 2’ ਦੀ ਪੇਸ਼ਕਸ਼ ਦਿੱਤੀ। ਮੈਨੂੰ ਵੀ ਪਟਕਥਾ ਚੰਗੀ ਲੱਗੀ ਅਤੇ ਗੱਲ ਬਣ ਗਈ।
– ਜਦੋਂ ਕਿਸਮਤ ਤੁਹਾਡਾ ਸਾਥ ਨਹੀਂ ਦਿੰਦੀ ਤਾਂ ਕੀ ਤੁਸੀਂ ਅਸੁਰੱਖਿਅਤ ਮਹਿਸੂਸ ਕਰਦੇ ਹੋ?
– ਹਾਂ, ਜਦੋਂ ਮੈਂ ਦੂਜੀਆਂ ਅਭਿਨੇਤਰੀਆਂ ਨੂੰ ਅੱਗੇ ਵਧਦੇ ਹੋਏ ਵੇਖਦੀ ਸੀ ਤਾਂ ਮੈਨੂੰ ਵੀ ਅਸੁਰੱਖਿਆ ਮਹਿਸੂਸ ਹੁੰਦੀ ਸੀ, ਪਰ ਜਦੋਂ ਮੋਹਿਤ ਸੂਰੀ (ਆਸ਼ਿਕੀ 2) ਅਤੇ ਵਿਸ਼ਾਲ ਸਰ (ਹੈਦਰ) ਨੇ ਆਪਣੀਆਂ ਫ਼ਿਲਮਾਂ ਲਈ ਮੈਨੂੰ ਚੁਣਿਆ ਤਾਂ ਲੱਗਿਆ ਕਿ ਹੁਣ ਮੇਰਾ ਵਕਤ ਵੀ ਆ ਗਿਆ ਹੈ। ਇਸ ਦੌਰਾਨ ਮੈਂ ਆਪਣੇ ਆਪ ਨੂੰ ਸਮਝਾਉਂਦੀ ਰਹੀ ਕਿ ਅੱਗੇ ਵਧੋ। ਅਦਾਕਾਰੀ ਮੇਰਾ ਬਚਪਨ ਦਾ ਸੁਪਨਾ ਸੀ। ਉਮੀਦ ਹੈ ਕਿ ਕਿਸੇ ਦਿਨ ਮੈਨੂੰ ਐਵਾਰਡ ਵੀ ਮਿਲੇਗਾ। ਜਦੋਂ ਮੈਨੂੰ ‘ਆਸ਼ਿਕੀ 2’ ਲਈ ਫ਼ਿਲਮਫ਼ੇਅਰ ਦੀ ਨਾਮਜ਼ਦਗੀ ਮਿਲੀ ਸੀ ਤਾਂ ਮੈਂ ਕਾਫ਼ੀ ਖ਼ੁਸ਼ ਹੋਈ ਸੀ।
-ਕੀ ਇਸ ਨਾਲ ਤੁਹਾਡੇ ‘ਤੇ ਪ੍ਰੈਸ਼ਰ ਪੈਂਦਾ ਹੈ ?
-ਪ੍ਰੈਸ਼ਰ ਉਦੋਂ ਪੈਂਦਾ ਹੈ ਜਦੋਂ ਮੈਂ ਕੁਝ ਅਜਿਹਾ ਕਰਦੀ ਹਾਂ ਜੋ ਮੈਨੂੰ ਪਸੰਦ ਨਹੀਂ ਹੁੰਦਾ। ਡਾਂਸਿੰਗ ਤਾਂ ਮੈਨੂੰ ਬਹੁਤ ਪਸੰਦ ਹੈ। ਮੈਂ ਬਚਪਨ ਵਿੱਚ ਬਹੁਤ ਸਾਰੇ ਡਾਂਸ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਮੈਂ ਹੁਣ ਤਕ ਅਜਿਹੀਆਂ ਹੀ ਫ਼ਿਲਮਾਂ ਕੀਤੀਆਂ ਹਨ ਜਿਨ੍ਹਾਂ ਵਿੱਚ ਬਸ ਠੁਮਕਾ ਹੀ ਲਗਾਉਣਾ ਹੁੰਦਾ ਸੀ।
-ਕੀ ਤੁਸੀਂ ਖ਼ੁਸ਼ ਹੋ ਕਿ ਤੁਹਾਨੂੰ ਉਨਾ ਸੰਘਰਸ਼ ਨਹੀਂ ਕਰਨਾ ਪਿਆ ਜਿੰਨਾ ਤੁਹਾਡੇ ਪਿਤਾ ਨੂੰ ਕਰਨਾ ਪਿਆ ?
– ਅਜਿਹਾ ਨਹੀਂ ਹੈ। ਮੈਂ ਆਪਣੇ ਆਪ ਨੂੰ ਬਾਹਰ ਦੀ ਹੀ ਸਮਝਦੀ ਹਾਂ। ਮੈਂ ਕਈ ਔਡੀਸ਼ਨ ਦਿੱਤੇ ਅਤੇ ਕਈ ਵਾਰ ਨਾਕਾਮੀ ਦਾ ਵੀ ਸਾਹਮਣਾ ਕੀਤਾ। ਇੱਕ ਵੱਡੇ ਬੈਨਰ ਦੀ ਫ਼ਿਲਮ ਵੀ ਸਾਈਨ ਕੀਤੀ ਸੀ, ਪਰ ਬਾਅਦ ਵਿੱਚ ਮੈਨੂੰ ਕਾਲ ਕਰਕੇ ਕਿਹਾ ਗਿਆ ਕਿ ਮੈਨੇਜਮੈਂਟ ਕਿਸੇ ਹੋਰ ਨੂੰ ਫ਼ਿਲਮ ਵਿੱਚ ਲੈਣਾ ਚਾਹੁੰਦੀ ਹੈ। ਇਹ ਬਹੁਤ ਵੱਡਾ ਬੈਨਰ ਸੀ ਜੋ ਮੈਨੂੰ ਲੈਣ ਵਾਲਾ ਸੀ,ਪਰ ਕੁਝ ਦਿਨਾਂ ਬਾਅਦ ਪਤਾ ਚੱਲਿਆ ਕਿ ਉਨ੍ਹਾਂ ਨੇ ਕਿਸੇ ਹੋਰ ਨੂੰ ਸਾਈਨ ਕਰ ਲਿਆ ਹੈ। ਲੋਕਾਂ ਨੂੰ ਲੱਗਦਾ ਹੈ ਕਿ ਸ਼ਕਤੀ ਕਪੂਰ ਦੀ ਧੀ ਹੋਣ ਦੇ ਨਾਤੇ ਮੈਨੂੰ ਸੰਘਰਸ਼ ਨਹੀਂ ਕਰਨਾ ਪਿਆ ਹੋਵੇਗਾ, ਪਰ ਅਜਿਹਾ ਹੈ ਨਹੀਂ। ਮੈਂ ਕਈ ਫ਼ਿਲਮ ਡਾਇਰੈਕਟਰਾਂ ਨੂੰ ਮਿਲੀ ਜੋ ਮੇਰੇ ਪਿਤਾ ਨੂੰ ਜਾਣਦੇ ਸਨ, ਪਰ ਉਨ੍ਹਾਂ ਨੇ ਮੈਨੂੰ ਕੋਈ ਫ਼ਿਲਮ ਨਹੀਂ ਦਿੱਤੀ।
-ਤੁਹਾਡੇ ਫ਼ਿਲਮੀ ਸਫ਼ਰ ਵਿੱਚ ਕਦੇ ਤੁਹਾਡੇ ਪਿਤਾ ਨੇ ਕਿਸੇ ਨਿਰਮਾਤਾ – ਨਿਰਦੇਸ਼ਕ ਨੂੰ ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਸੀ?
-ਜੀ ਬਿਲਕੁਲ ਨਹੀਂ। ਮੈਨੂੰ ਆਪਣੇ ਹੀ ਬਲਬੂਤੇ ਉੱਤੇ ਫ਼ਿਲਮਾਂ ਵਿੱਚ ਕੰਮ ਮਿਲਿਆ ਹੈ। ਜਦੋਂ ਕਿ ਮੇਰੀਆਂ ਕੁਝ ਫ਼ਿਲਮਾਂ ਬਾਕਿਸ ਅਫ਼ਿਸ ਉੱਤੇ ਆਪਣਾ ਜਲਵਾ ਨਹੀਂ ਦਿਖਾ ਸਕੀਆਂ, ਪਰ ਮੈਂ ਮਿਹਨਤ ਕਰਦੀ ਹਾਂ ਅਤੇ ਮੈਨੂੰ ਆਪਣੇ ਕੰਮ ਉੱਤੇ ਵਿਸ਼ਵਾਸ ਹੈ। ਹਰ ਕੋਈ ਜੋ ਵੀ ਫ਼ਿਲਮ ਬਣਾਉਂਦਾ ਹੈ, ਹਮੇਸ਼ਾਂ ਬਿਹਤਰ ਪਟਕਥਾ ਅਤੇ ਚੰਗਾ ਕੰਮ ਹੀ ਪੇਸ਼ ਕਰਨਾ ਚਾਹੁੰਦਾ ਹੈ, ਪਰ ਕਦੇ-ਕਦੇ ਦਰਸ਼ਕਾਂ ਨੂੰ ਫ਼ਿਲਮ ਪਸੰਦ ਨਹੀਂ ਆਉਂਦੀ। ਮੈਨੂੰ ਆਪਣੇ ਪ੍ਰਸ਼ੰਸਕਾਂ ਉੱਤੇ ਭਰੋਸਾ ਹੈ, ਉਹ ਮੇਰੀਆਂ ਫ਼ਿਲਮਾਂ ਜ਼ਰੂਰ ਦੇਖਣਗੇ। ਆਪਣੇ ਛੋਟੇ ਜਿਹੇ ਫ਼ਿਲਮੀ ਸਫ਼ਰ ਵਿੱਚ ਮੈਨੂੰ ਜਿੰਨੇ ਵੀ ਪ੍ਰਸ਼ੰਸਕ ਮਿਲੇ ਹਨ, ਮੈਂ ਬਹੁਤ ਖ਼ੁਸ਼ ਹਾਂ।
-ਤੁਹਾਡੇ ਆਉਣ ਵਾਲੇ ਪ੍ਰੋਜੈਕਟ ਕਿਹੜੇ ਹਨ ?
-ਸਭ ਤੋਂ ਪਹਿਲਾਂ ਤਾਂ ਫ਼ਿਲਮ ‘ਹਸੀਨਾ’ ਰਿਲੀਜ਼ ਹੋਵੇਗੀ। ਉਸਤੋਂ ਬਾਅਦ ਮੈਂ ਸਾਇਨਾ ਨੇਹਵਾਲ ਦੀ ਬਾਇਓਪਿਕ ਦਾ ਹਿੱਸਾ ਬਣਨ ਵਾਲੀ ਹਾਂ ਜਿਸ ਲਈ ਮੈਨੂੰ ਸਿਖਲਾਈ ਲੈਣੀ ਪਏਗੀ। ਇੱਕ ਫ਼ਿਲਮ ‘ਚੰਦਾ ਮਾਮਾ ਦੂਰ ਕੇ’ ਵੀ ਸਾਈਨ ਕੀਤੀ ਹੈ। ਇਸ ਫ਼ਿਲਮ ਵਿੱਚ ਮੇਰੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਅਤੇ ਨਵਾਜ਼ੂਦੀਨ ਸਿੱਦੀਕੀ ਹੋਣਗੇ। ਫ਼ਿਲਮ ਵਿੱਚ ਸੁਸ਼ਾਂਤ, ਨਵਾਜ਼ੂ ਅਤੇ ਮੈਂ, ਅਸੀਂ ਤਿੰਨੋਂ ਪੁਲਾੜ ਯਾਤਰੀਆਂ ਦੀ ਭੂਮਿਕਾ ਵਿੱਚ ਹਾਂ। ਇਸ ਫ਼ਿਲਮ ਦੇ ਆਪਣੇ ਕਿਰਦਾਰ ਦੀ ਮੈਂ ਜਲਦੀ ਹੀ ਸਿਖਲਾਈ ਸ਼ੁਰੂ ਕਰਾਂਗੀ। ਜਦੋਂ ਕਿ ਸੁਸ਼ਾਂਤ ਹਾਲ ਹੀ ਵਿੱਚ ਨਾਸਾ ਤੋਂ ਆਪਣੇ ਕਿਰਦਾਰ ਦੀ ਸਿਖਲਾਈ ਲੈ ਕੇ ਪਰਤੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਮੁੰਬਈ, ਦਿੱਲੀ ਅਤੇ ਹੈਦਰਾਬਾਦ ਵਿੱਚ ਹੋਵੇਗੀ।