ਜਲੰਧਰ – ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਕੋਲੋਂ ਉਨ੍ਹਾਂ ਦੀ ਰਿਹਾਇਸ਼ ਖਾਲੀ ਕਰਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਇਕ ਜਥੇਦਾਰ ਦੇ ਸੱਚ ਬੋਲਣ ‘ਤੇ ਅਜਿਹੀ ਦੁਰਦਸ਼ਾ ਕੀਤੀ ਜਾ ਸਕਦੀ ਹੈ ਤਾਂ ਫਿਰ ਆਮ ਸਿੱਖ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਂਦਾ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਨੇ ਰਾਮ ਰਹੀਮ ਨੂੰ ਦਿੱਤੀ ਮੁਆਫੀ ਦਾ ਸੱਚ ਬੋਲ ਕੇ ਕੋਈ ਗੁਨਾਹ ਨਹੀਂ ਕੀਤਾ ਸੀ ਅਤੇ ਉਸ ਨੇ ਤਾਂ ਇਹ ਵੀ ਕਿਹਾ ਹੈ ਕਿ ਰਾਮ ਰਹੀਮ ਦੀ ਮੁਆਫੀ ਸਮੇਤ ਸਾਰੇ ਨਿਰਦੇਸ਼ ਬਾਦਲਾਂ ਦੀ ਚੰਡੀਗੜ੍ਹ ਦੀ ਕੋਠੀ ਤੋਂ ਆਉਂਦੇ ਸਨ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਾਂ ਸਿਰਫ ਪੜ੍ਹ ਕੇ ਹੀ ਸੁਣਾਏ ਜਾਂਦੇ ਸਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਚ ਜੇਕਰ ਸੱਚ ਸੁਣਨ ਤੇ ਸੱਚ ਹਜ਼ਮ ਕਰਨ ਦਾ ਮਾਦਾ ਨਹੀਂ ਹੈ ਤਾਂ ਉਸ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ, ਜਥੇਦਾਰ ਸਰਮੁੱਖ ਸਿੰਘ ਝਬਾਲ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਦਰਵੇਸ਼ ਪੁਰਖ ਵੀ ਰਹੇ ਹਨ, ਜਿਹੜੇ ਸੱਚ ਤੋਂ ਕਦੇ ਵੀ ਟਾਲ਼ਾ ਨਹੀਂ ਵੱਟਦੇ ਸਨ ਤੇ ਸੰਤ ਲੌਂਗੋਵਾਲ ਦੀ ਸ਼ਹਾਦਤ ਵੀ ਉਨ੍ਹਾਂ ਵੱਲੋਂ ਸੱਚ ‘ਤੇ ਪਹਿਰਾ ਦੇਣ ਕਰਕੇ ਹੀ ਹੋਈ ਸੀ। ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਸੇਵਾਦਾਰ ਕੋਲੋਂ ਵੀ ਆਪਣੀ ਮਰਜ਼ੀ ਨਾਲ ਕੁਆਰਟਰ ਖਾਲੀ ਨਹੀਂ ਕਰਵਾ ਸਕਦੀ।
ਉਨ੍ਹਾਂ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਤਾਂ ਇਕ ਤਖਤ ਦੇ ਸਿੰਘ ਸਾਹਿਬ ਰਹਿ ਚੁੱਕੇ ਹਨ ਤੇ ਉਨ੍ਹਾਂ ਦਾ ਸਤਿਕਾਰ ਅੱਜ ਹਰ ਸਿੱਖ ਕਰਦਾ ਹੈ। ਗਿਆਨੀ ਗੁਰਮੁਖ ਸਿੰਘ ਨਾ ਤਾਂ ਸੇਵਾ-ਮੁਕਤ ਹੋਏ ਹਨ ਤੇ ਨਾ ਹੀ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਤੇ ਉਹ ਅੱਜ ਵੀ ਗੁਰਦੁਆਰਾ ਧਮਧਾਨ ਸਾਹਿਬ ਹਰਿਆਣਾ ਵਿਖੇ ਗੁਰੂਘਰ ‘ਚ ਹੈੱਡ ਗ੍ਰੰਥੀ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਸ਼੍ਰੋਮਣੀ ਕਮੇਟੀ ਉਨ੍ਹਾਂ ਕੋਲੋਂ ਰਿਹਾਇਸ਼ ਜਬਰੀ ਖਾਲੀ ਨਹੀਂ ਕਰਵਾ ਰਹੀ ਸਗੋਂ ਜਾਣਕਾਰੀ ਮੁਤਾਬਕ ਅੱਜ ਉਨ੍ਹਾਂ ਦੇ ਕੁਆਰਟਰ ਦਾ ਬਿਜਲੀ-ਪਾਣੀ ਵੀ ਕੱਟ ਦਿੱਤਾ ਗਿਆ ਹੈ। ਸਾਕਾ ਨੀਲਾ ਤਾਰਾ ਸਮੇਂ ਇਨ੍ਹਾਂ ਕੁਆਰਟਰਾਂ ਦਾ ਬਿਜਲੀ-ਪਾਣੀ ਕੱਟਿਆ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਬਾਦਲਾਂ ਨੇ ਨਾਦਰਸ਼ਾਹੀ ਰੋਲ ਨਿਭਾਅ ਕੇ ਜਥੇਦਾਰ ਦੇ ਕੁਆਰਟਰ ਦਾ ਬਿਜਲੀ, ਪਾਣੀ ਕੱਟ ਕੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਧਰਮ ‘ਚ ਸੱਚ ਬੋਲਣ ਤੇ ਪ੍ਰਚਾਰ ਕਰਨ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਧਿਆਨ ਇਸ ਘਟਨਾ ਵੱਲ ਦਿਵਾਉਂਦਿਆਂ ਕਿਹਾ ਕਿ ਜੇਕਰ ਉਹ ਵਾਕਿਆ ਹੀ ਪ੍ਰੋਫੈਸਰ ਹਨ ਤੇ ਗੁਰਇਤਿਹਾਸ ਤੇ ਸਿੱਖ ਇਤਿਹਾਸ ਤੋਂ ਵਾਕਿਫ ਹਨ ਤਾਂ ਉਨ੍ਹÎਾਂ ਨੂੰ ਚਾਹੀਦਾ ਹੈ ਕਿ ਉਹ ਗਿਆਨੀ ਗੁਰਮੁਖ ਸਿੰਘ ਦੇ ਕੁਆਰਟਰ ਦਾ ਬਿਜਲੀ, ਪਾਣੀ ਤੁਰੰਤ ਚਾਲੂ ਕਰਾਉਣ ਤੇ ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਲੇ ਦੋਸ਼ੀ ਅਧਿਕਾਰੀ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।