ਚੰਡੀਗੜ੍ਹ/ਜਲੰਧਰ— 10 ਸਾਲ ਬਾਅਦ ਪੰਜਾਬ ‘ਚ ਸਰਕਾਰ ਬਣਾਉਣ ਵਾਲੀ ਕਾਂਗਰਸ ਪਾਰਟੀ ਗੁਰਦਾਸਪੁਰ ਉੱਪ ਚੋਣ ਨੂੰ ਲੈ ਕੇ ਕੋਈ ਰਿਸਕ ਲੈਣ ਨੂੰ ਤਿਆਰ ਨਹੀਂ ਹੈ। ਇਸ ਦੇ ਲਈ ਪਾਰਟੀ ਕਈ ਪੱਧਰ ‘ਤੇ ਫੀਡਬੈਕ ਲੈਣ ‘ਚ ਜੁਟੀ ਹੈ। ਇਸ ਦੌਰਾਨ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਇੰਚਾਰਜ ਆਸ਼ਾ ਕੁਮਾਰੀ ਨੇ ਨਵੀਂ ਦਿੱਲੀ ‘ਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਤਿੰਨਾਂ ‘ਚ ਇਕ ਮੀਟਿੰਗ ਹੋਈ, ਜਿਸ ‘ਚ ਪੰਜਾਬ ਦੇ ਸਿਆਸੀ ਹਾਲਾਤ, ਵਿਰੋਧੀ ਦਲਾਂ ਦੇ ਸੰਭਾਵਤ ਉਮੀਦਵਾਰਾਂ ‘ਤੇ ਚਰਚਾ ਹੋਈ। ਮੀਟਿੰਗ ‘ਚ ਆਸ਼ਾ ਕੁਮਾਰੀ ਨੇ ਆਪਣੇ ਪੱਧਰ ‘ਤੇ ਜੁਟਾਈ ਗਈ ਪਾਰਟੀ ਨੇਤਾਵਾਂ ਅਤੇ ਵਿਧਾਇਕਾਂ ਦੀ ਫੀਡਬੈਕ ‘ਤੇ ਕੈਪਟਨ ਦੇ ਨਾਲ ਚਰਚਾ ਕੀਤੀ।
ਮਹੱਤਵਪੂਰਨ ਗੱਲ ਇਹ ਹੈ ਕਿ ਕੈਪਟਨ ਨੇ ਜ਼ਿਆਦਤਰ ਫੀਡਬੈਕ ਆਸ਼ਾ ਕੁਮਾਰੀ ਦੇ ਨਾਲ ਹੀ ਸ਼ੇਅਰ ਕੀਤੀ। ਮੰਨਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਭਾਵੇਂ ਸੂਬਾ ਪ੍ਰਧਾਨ ਦੀ ਭੂਮਿਕਾ ‘ਚ ਹੀ ਮੀਟਿੰਗ ‘ਚ ਮੌਜੂਦ ਸਨ ਪਰ ਉਹ ਗੁਰਦਾਸਪੁਰ ਜ਼ਿਲੇ ਦੇ ਵਿਧਾਇਕਾਂ ਦੀ ਪਹਿਲੀ ਪਸੰਦ ਵੀ ਹੈ, ਉਥੇ ਹੀ ਤਿੰਨੋਂ ਨੇਤਾਵਾਂ ਦੇ ਉਮੀਦਵਾਰ ਦੀ ਚੋਣ ਦੇ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸੌਂਪ ਦਿੱਤੇ ਹਨ। ਤੁਹਾਨੂੰ ਦੱਸ ਦਈਏ ਗੁਰਦਾਸਪੁਰ ‘ਚ ਭਾਵੇਂ ਲੋਕਸਭਾ ਦੀ ਉੱਪ ਚੋਣ ਹੋਵੇ ਪਰ ਕਾਂਗਰਸ ਫੁੱਟ-ਫੁੱਟ ਕੇ ਕਦਮ ਰੱਖ ਰਹੀ ਹੈ। ਕਾਂਗਰਸ ਮੰਨ ਰਹੀ ਹੈ ਸੂਬੇ ‘ਚ 10 ਸਾਲ ਬਾਅਦ ਸਰਕਾਰ ਬਣਨ ਦੇ ਬਾਵਜੂਦ ਜੇਕਰ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਰਾਸ਼ਟਰੀ ਪੱਧਰ ‘ਤੇ ਕਾਂਗਰਸ ਦੇ ਅਕਸ ‘ਤੇ ਧੱਕਾ ਲੱਗੇਗਾ, ਇਸ ਲਈ ਉਮੀਦਵਾਰ ਦੀ ਚੋਣ ਨੂੰ ਲੈ ਕੇ ਪਾਰਟੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ।