ਪੰਚਕੂਲਾ : ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ, ਜਿਸ ਦੀ ਨੇਪਾਲ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਭਾਲ ਕੀਤੀ ਜਾ ਰਹੀ ਹੈ, ਬਾਰੇ ਅੱਜ ਗੰਗਾਨਗਰ ਦੇ ਗੁਰੂਸਰ ਮੋਡੀਆ ਆਸ਼ਰਮ ਵਿਖੇ ਹੋਣ ਦੀ ਸੂਚਨਾ ਮਿਲੀ ਹੈ| ਇਸ ਦੌਰਾਨ ਹਰਿਆਣਾ ਪੁਲਿਸ ਗੁਰੂਸਰ ਮੋਡੀਆ ਦੇ ਆਸ਼ਰਮ ਵਿਚ ਪਹੁੰਚ ਗਈ ਹੈ, ਜਿਥੇ ਹਨੀਪ੍ਰੀਤ ਦੀ ਭਾਲ ਕੀਤੀ ਜਾ ਰਹੀ ਹੈ| ਆਸ਼ਰਮ ਦੇ ਬਾਹਰ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ|
ਦੱਸਣਯੋਗ ਹੈ ਕਿ ਹਨੀਪ੍ਰੀਤ 28 ਅਗਸਤ ਨੂੰ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਣ ਤੋਂ ਬਾਅਦ ਗਾਇਬ ਹੋ ਗਈ ਸੀ| ਹਰਿਆਣਾ ਪੁਲਿਸ ਵੱਲੋਂ ਹਨੀਪ੍ਰੀਤ ਲਈ ਲੁੱਕ ਆਉਟ ਨੋਟਿਸ ਜਾਰੀ ਕੀਤਾ ਗਿਆ ਹੈ| ਕੁਝ ਦਿਨ ਪਹਿਲਾਂ ਟੀ.ਵੀ. ਚੈਨਲਾਂ ਨੇ ਇਹ ਦਾਅਵਾ ਕੀਤਾ ਸੀ ਕਿ ਹਨੀਪ੍ਰੀਤ ਨੇਪਾਲ ਵਿਚ ਹੋ ਸਕਦੀ ਹੈ, ਜਿਸ ਦੀ ਭਾਲ ਵਿਚ ਨੇਪਾਲ ਦੀ ਪੁਲਿਸ ਨੇ ਛਾਪੇਮਾਰੀ ਕੀਤੀ, ਪਰ ਹਨੀਪ੍ਰੀਤ ਦਾ ਕੁਝ ਵੀ ਪਤਾ ਨਾ ਚੱਲ ਸਕਿਆ|