ਦੇਹਰਾਦੂਨ— ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਉਤਰਾਖੰਡ ਦੌਰੇ ‘ਤੇ ਆਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਯਾਨੀ ਐਤਵਾਰ ਨੂੰ ਪੂਰੇ ਪਰਿਵਾਰ ਸਮੇਤ ਕੇਦਾਰਨਾਥ ਅਤੇ ਬਦਰੀਨਾਥ ਧਾਮ ਪੁੱਜ ਕੇ ਭਗਵਾਨ ਦੇ ਦਰਸ਼ਨ ਕੀਤੇ। ਪ੍ਰਦੇਸ਼ ਦੇ ਪੁਲਸ ਜਨਰਲ ਡਾਇਰੈਕਟਰ ਅਨਿਲ ਰਤੂੜੀ ਨੇ ਦੱਸਿਆ ਕਿ ਰਾਜਪਾਲ ਡਾ. ਕ੍ਰਿਸ਼ਨਕਾਂਤ ਪਾਲ, ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਆਪਣੀ ਪਤਨੀ ਅਤੇ ਹੋਰ ਪਰਿਵਾਰ ਵਾਲਿਆਂ ਨਾਲ ਰਾਸ਼ਟਰਪਤੀ ਪਹਿਲਾਂ ਕੇਦਾਰਨਾਥ ਪੁੱਜੇ, ਜਿੱਥੇ ਉਨ੍ਹਾਂ ਨੇ ਭਗਵਾਨ ਸ਼ਿਵ ਦੇ ਦਰਸ਼ਨ ਕਰ ਕੇ ਉਨ੍ਹਾਂ ਦਾ ਰੂਦਰਾਭਿਸ਼ੇਕ ਕੀਤਾ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਉੱਪ ਮੁੱਖ ਮੰਤਰੀ ਅਨਿਲ ਸ਼ਰਮਾ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਕੇਦਾਰਨਾਥ ‘ਚ ਕਰੀਬ ਅੱਧਾ ਘੰਟਾ ਸਮਾਂ ਬਿਤਾਇਆ ਅਤੇ ਮੰਦਰ ਦੇ ਗਰਭ ਗ੍ਰਹਿ ‘ਚ ਪੂਜਾ ਅਤੇ ਭਗਵਾਨ ਸ਼ਿਵ ਦਾ ਰੂਦਰਾਭਿਸ਼ੇਕ ਕੀਤਾ।
ਕੇਦਾਰਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਰਾਸ਼ਟਰਪਤੀ ਨੇ ਗੌਚਰ ‘ਚ ਕਰੀਬ ਇਕ ਘੰਟਾ ਆਰਾਮ ਕੀਤਾ, ਜਿਸ ਤੋਂ ਬਾਅਦ ਉਹ ਬਦਰੀਨਾਥ ਗਏ। ਮੰਦਰ ਪੁੱਜਣ ‘ਤੇ ਕੋਵਿੰਦ ਨੇ ਭਗਵਾਨ ਵਿਸ਼ਨੂੰ ਦੇ ਦਰਸ਼ਨ ਕਰ ਕੇ ਉਨ੍ਹਾਂ ਦੀ ਪੂਜਾ ਅਰਚਨਾ ਕੀਤੀ। ਇਸ ਤੋਂ ਪਹਿਲਾਂ ਸਵੇਰੇ ਕੇਦਾਰਨਾਥ ਲਈ ਰਵਾਨਾ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਨੇ ਰਾਜਭਵਨ ਕੰਪਲੈਕਸ ‘ਚ ਚੰਦਨ ਦਾ ਇਕ ਦਰੱਖਤ ਲਾਇਆ। ਰਾਸ਼ਟਰਪਤੀ ਦੀ ਪਤਨੀ ਅਤੇ ਰਾਸ਼ਟਰ ਦੀ ਪਹਿਲੀ ਮਹਿਲਾ ਸਵਿਤਾ ਨੇ ਵੀ ਕੰਪਲੈਕਸ ‘ਚ ਚੰਦਨ ਦਾ ਦਰੱਖਤ ਲਾਇਆ।