ਪਠਾਨਕੋਟ -ਮਰਹੂਮ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ ਸੀਟ ਲਈ 11 ਅਕਤੂਬਰ ਨੂੰ ਹੋਣ ਵਾਲੇ ਰਾਜਨੀਤਿਕ ਦੰਗਲ ਤੋਂ ਪਹਿਲਾਂ ਅੱਜ ਉਸ ਸਮੇਂ ਪਹਿਲੇ ਰਾਜਨੀਤਿਕ ਵਿਸ਼ਲੇਸ਼ਕ ਦੰਗ ਰਹਿ ਗਏ, ਜਦੋਂ ਬੀਤੇ ਦਿਨ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਕਾਂਗਰਸ ਦੇ ਹੈਵੀਵੇਟ ਉਮੀਦਵਾਰ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਸ ਸੰਸਦੀ ਖੇਤਰ ਨਾਲ 4 ਵਾਰ ਸੰਸਦ ਮੈਂਬਰ ਰਹੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੂੰ ਮਿਲਣ ਪਹੁੰਚੇ।
ਜਾਖੜ ਦੀ ਇਹ ਮੁਲਾਕਾਤ ਖੰਨਾ ਦੇ ਨਿਵਾਸ ‘ਤੇ ਹੋਈ। ਜਾਖੜ ਨੇ ਕਵਿਤਾ ਖੰਨਾ, ਜੋ ਖੁਦ ਭਾਜਪਾ ਦੀ ਟਿਕਟ ਦੀ ਦਾਅਵੇਦਾਰ ਸੀ, ਨਾਲ ਖੰਨਾ ਦੀ ਆਕਸਮਿਕ ਮੌਤ ‘ਤੇ ਡੂੰਘਾ ਸੋਗ ਅਤੇ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨਾਲ ਵਿਧਾਇਕ ਸੁਖਜਿੰਦਰ ਰੰਧਾਵਾ ਅਤੇ ਸਥਾਨਕ ਵਿਧਾਇਕ ਅਮਿਤ ਵਿਜ ਵੀ ਸਨ।
ਜਾਖੜ ਨੇ ਸਵ. ਵਿਨੋਦ ਖੰਨਾ ਨਾਲ ਸਬੰਧਿਤ ਆਪਣੀਆਂ ਅਤੀਤ ਦੀਆਂ ਯਾਦਾਂ ਵੀ ਕਵਿਤਾ ਖੰਨਾ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਵਿਤਾ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਹ ਸੰਸਦ ਮੈਂਬਰ ਬਣਨ ਦੇ ਬਾਅਦ ਸਵ. ਵਿਨੋਦ ਖੰਨਾ ਦੇ ਪ੍ਰੋਜੈਕਟਾਂ ਨੂੰ ਪੂਰਾ ਕਰਨ ‘ਚ ਕੋਈ ਕਸਰ ਨਹੀਂ ਛੱਡਣਗੇ ਅਤੇ ਨਾ ਹੀ ਫੰਡਾਂ ਦੀ ਕਮੀ ਆਉਣ ਦੇਣਗੇ।
ਜਾਖੜ ਨੇ ਬੀਤੇ ਕੱਲ ਸਟੇਜ ‘ਤੇ ਮੰਨਿਆ ਸੀ ਕਿ ਇਸ ਉਪ ਚੋਣ ‘ਚ ਉਹ ਕਾਂਗਰਸ ਵੱਲੋਂ ਉਮੀਦਵਾਰ ਹਨ ਅਜਿਹੇ ਵਿਚ ਜੇਕਰ ਉਨ੍ਹਾਂ ਦੇ ਵਿਰੋਧੀਆਂ ਦੇ ਰੂਪ ਵਿਚ ਕਵਿਤਾ ਖੰਨਾ ਨੂੰ ਭਾਜਪਾ ਦੀ ਟਿਕਟ ਮਿਲਦੀ ਤਾਂ ਉਸ ਦੇ ਮਨ ‘ਤੇ ਬੋਝ ਰਹਿੰਦਾ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਨੇਤਾ ‘ਤੇ ਵੀ ਵਿਅੰਗ ਕੱਸਿਆ ਕਿ ਬਿਜਨੈੱਸ ਪਾਰਟੀ ਨੇ ਪਾਰਟੀ ਨੂੰ ਸੇਵਾਵਾਂ ਵਾਲੇ ਸਵ. ਨੇਤਾ ਦੇ ਪਰਿਵਾਰ ਨੂੰ ਟਿਕਟ ਨਾ ਦੇ ਕੇ ਨਾਮੀ ਗਿਰਾਮੀ ਬਿਜ਼ਨੈੱਸਮੈਨ ਨੂੰ ਟਿਕਟ ਦਿੱਤੀ ਹੈ।
ਦੂਸਰੇ ਪਾਸੇ ਸੁਨੀਲ ਜਾਖੜ ਤੇ ਕਵਿਤਾ ਖੰਨਾ ਦੇ ਵਿਚਕਾਰ ਮੁਲਾਕਾਤ ਬਾਰੇ ਜਦੋਂ ਭਾਜਪਾ ਉਮੀਦਵਾਰ ਸਲਾਰੀਆ ਨਾਲ ਗੱਲ ਕੀਤੀ ਤਾਂ ਸਲਾਰੀਆ ਨੇ ਕਿਹਾ ਕਿ ਜਾਖੜ ਕਿਸੇ ਦੇ ਵੀ ਘਰ ਜਾ ਸਕਦੇ ਹਨ। ਮੇਰੇ ਘਰ ਆਏ ਤਾਂ ਮੈਂ ਉਨ੍ਹਾਂ ਚਾਹ ਪਿਲਾਵਾਂਗਾ।
ਮੁਲਾਕਾਤ ਦੇ ਰਾਜਨੀਤਿਕ ਮਾਇਨੇ
4 ਵਾਰ ਸੰਸਦ ਮੈਂਬਰ ਰਹੇ ਵਿਨੋਦ ਖੰਨਾ ਦੇ ਸਮਰਥਕਾਂ ਅਤੇ ਸਿਨੇ ਪ੍ਰੇਮੀਆਂ ਨੂੰ ਭਰਮਾ ਕੇ ਆਪਣੇ ਵੱਲ ਆਕਰਸ਼ਿਤ ਕਰਨਾ।
ਮਰਹੂਮ ਖੰਨਾ ਦੀ ਸਿਖਰ ‘ਤੇ ਰਹੀ ਹਰਮਨਪਿਆਰਤਾ ਦਾ ਲਾਹਾ ਲੈਣਾ।
ਉਪ ਚੋਣ ‘ਚ ਕਵਿਤਾ ਨੂੰ ਭਾਜਪਾ ਦੀ ਟਿਕਟ ਨਾ ਮਿਲਣ ਨਾਲ ਖੰਨਾ ਪਰਿਵਾਰ ਅਤੇ ਸਮਰਥਕਾਂ ਵਿਚ ਉੱਠੀ ਟੀਸ ਨੂੰ ਕੈਸ਼ ਕਰਨਾ।