ਜਲੰਧਰ— ਆਮ ਆਦਮੀ ਪਾਰਟੀ ਦੇ ਆਗੂ ਐੱਚ. ਐੱਸ. ਵਾਲੀਆ ਨੇ ਸ਼ਨੀਵਾਰ ਨੂੰ ਸਥਾਨਕ ਗੜ੍ਹਾ ਰੋਡ ‘ਤੇ ਸਥਿਤ ਪਿਮਸ ‘ਚ ਪਹੁੰਚ ਕੇ ਸਟਾਫ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਪਿਮਸ ਸਟਾਫ ਦੇ ਡਾਕਟਰਾਂ ਅਤੇ ਨਾਨ-ਟੀਚਿੰਗ ਸਟਾਫ ਨਾਲ ਮੁਲਾਕਾਤ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਵਾਲੀਆ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਪਿਮਸ ਸਟਾਫ ਨਾਲ ਧੱਕਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਵੇਲੇ 131 ਕਰੋੜ ਵਿਚ ਪਿਮਸ ਨੂੰ ਵੇਚ ਦਿੱਤਾ ਗਿਆ ਸੀ। ਉਸ ਸਮੇਂ ਕਾਂਗਰਸੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵਾਅਦਾ ਕੀਤਾ ਸੀ ਕਿ ਪਿਮਸ ਨੂੰ ਕਿਸੇ ਵੀ ਹਾਲ ਵਿਚ ਪ੍ਰਾਈਵੇਟ ਹੱਥਾਂ ਵਿਚ ਨਹੀਂ ਜਾਣ ਦਿੱਤਾ ਜਾਵੇਗਾ। ਹੁਣ ਤਾਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ ਤਾਂ ਕਿਉਂ ਨਹੀਂ ਪਿਮਸ ਮਾਮਲੇ ਦੀ ਜਾਂਚ ਕਰਵਾਈ ਜਾਂਦੀ।
ਉਨ੍ਹਾਂ ਨੇ ਮੰਗ ਕੀਤੀ ਕਿ ਪਿਮਸ ਮਾਮਲੇ ਦੀ ਤੁਰੰਤ ਸੀ. ਬੀ. ਆਈ. ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਮਸ ਨੂੰ ਪ੍ਰਾਈਵੇਟ ਹੱਥਾਂ ਵਿਚ ਸੌਂਪਣਾ ਗਲਤ ਹੈ। ਇਸ ਮੌਕੇ ਪਿਮਸ ਨਾਨ ਟੀਚਿੰਗ ਸਟਾਫ ਦੇ ਪ੍ਰਧਾਨ ਨਰਿੰਦਰ ਕੁਮਾਰ, ਜਨਰਲ ਸਕੱਤਰ ਪਰਮਿੰਦਰ, ਗਗਨ ਤੇ ਉਪ ਪ੍ਰਧਾਨ ਸੈਣੀ ਵੀ ਮੌਜੂਦ ਸਨ।