ਗੁਰੂਗ੍ਰਾਮ— ਪ੍ਰਦੁੱਮਣ ਕਤਲ ਕੇਸ ਦੇ 17 ਦਿਨਾਂ ਬਾਅਦ ਰਿਆਨ ਸਕੂਲ ਸੋਮਵਾਰ ਨੂੰ ਇਕ ਵਾਰ ਫਿਰ ਖੁੱਲ੍ਹਿਆ। ਭਾਵੇਂ ਹੀ ਇਸ ਘਟਨਾ ਨੂੰ ਹੋਏ 2 ਹਫਤਿਆਂ ਤੋਂ ਵਧ ਦਾ ਸਮਾਂ ਬੀਤ ਚੁਕਿਆ ਹੈ ਪਰ ਅੱਜ ਵੀ ਬੱਚਿਆਂ ਦੇ ਮਨ ‘ਚ ਡਰ ਬਣਿਆ ਹੋਇਆ ਹੈ। ਹਾਲਾਂਕਿ ਪਿਛਲੇ ਸੋਮਵਾਰ ਦੀ ਤੁਲਨਾ ‘ਚ ਅੱਜ ਯਾਨੀ ਸੋਮਵਾਰ ਨੂੰ ਸਕੂਲ ਦੀ ਗਿਣਤੀ ਜ਼ਿਆਦਾ ਰਹੀ। ਅੱਜ ਬੱਚਿਆਂ ਨੂੰ ਸਕੂਲ ਛੱਡਣ ਆਏ ਕਈ ਮਾਤਾ-ਪਿਤਾ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਸਕੂਲ ਜਾਣ ਤੋਂ ਬੱਚੇ ਡਰ ਰਹੇ ਹਨ। ਉਨ੍ਹਾਂ ਦੇ ਦਿਲ-ਦਿਮਾਗ ‘ਤੇ ਪ੍ਰਦੁੱਮਣ ਦੇ ਕਤਲ ਦਾ ਡਰ ਬਣਿਆ ਹੋਇਆ ਹੈ। ਬੱਚੇ ਵਾਸ਼ਰੂਮ ਜਾਣ ‘ਚ ਡਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਉਨ੍ਹਾਂ ‘ਤੇ ਹਮਲਾ ਕਰ ਦੇਵੇਗਾ। ਇਸ ਤੋਂ ਪਹਿਲਾਂ ਸਕੂਲ ਪ੍ਰਸ਼ਾਸਨ ਨੇ ਮਾਤਾ-ਪਿਤਾ ਨਾਲ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਸਕੂਲ ‘ਚ ਕੀਤੇ ਗਏ ਨਵੇਂ ਸੁਰੱਖਿਆ ਇੰਤਜ਼ਾਮਾਂ ਬਾਰੇ ਦੱਸਿਆ ਗਿਆ। ਮਾਤਾ-ਪਿਤਾ ਦਾ ਕਹਿਣਾ ਹੈ ਕਿ ਪ੍ਰਦੁੱਮਣ ਦੇ ਕਤਲ ਤੋਂ ਬਾਅਦ ਸਕੂਲ ਕਾਫ਼ੀ ਦਿਨਾਂ ਤੱਕ ਬੰਦ ਰਿਹਾ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ। ਸਾਨੂੰ ਵੀ ਬੱਚਿਆਂ ਨੂੰ ਸਕੂਲ ਭੇਜਣ ‘ਚ ਡਰ ਲੱਗ ਰਿਹਾ ਹੈ ਪਰ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਲਈ ਉਨ੍ਹਾਂ ਨੂੰ ਸਮਝਾ ਕੇ ਸਕੂਲ ਭੇਜ ਰਹੇ ਹਾਂ।
ਰਿਆਨ ਸਕੂਲ ‘ਚ ਹੋਏ ਨਵੇਂ ਸੁਰੱਖਿਆ ਦੇ ਇੰਜ਼ਾਮ
ਸਕੂਲ ਦੀ ਬਾਊਂਡਰੀ ਨੂੰ ਸਹੀ ਕਰ ਕੇ ਉੱਪਰ ਤਾਰ ਬੰਦੀ ਕਰ ਦਿੱਤੀ ਗਈ ਹੈ।
ਬੱਸ ਚਾਲਕ ਅਤੇ ਸਹਿ ਚਾਲਕਾਂ ਦਾ ਪੁਲਸ ਵੈਰੀਫਿਕੇਸ਼ਨ ਕਰ ਲਿਆ ਗਿਆ।
ਪੂਰੇ ਸਕੂਲ ਕੰਪਲੈਕਸ ‘ਚ ਸੀ.ਸੀ.ਟੀ.ਵੀ. ਕੈਮਰੇ ਲਾ ਦਿੱਤੇ ਗਏ, ਖਰਾਬ ਕੈਮਰਿਆਂ ਨੂੰ ਸਹੀ ਕਰ ਦਿੱਤਾ ਗਿਆ।
ਹਾਲਾਂਕਿ ਮਾਤਾ-ਪਿਤਾ ਦੀ ਮੰਗ ਹੈ ਕਿ ਕਲਾਸ ‘ਚ ਵੀ ਕੈਮਰੇ ਲਾਏ ਜਾਣ।
ਇਸ ਤੋਂ ਇਲਾਵਾ ਸਕੂਲ ‘ਚ 15 ਮਹਿਲਾ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ।
ਸਕੂਲ ਦੀ ਸੁਰੱਖਿਆ ‘ਚ ਗਾਰਡ ਲਾਏ ਗਏ ਹਨ। ਸਾਰਿਆਂ ਨੂੰ ਆਈ.ਕਾਰਡ ਜਾਰੀ ਕੀਤੇ ਗਏ ਹਨ।
ਉੱਥੇ ਹੀ ਕਤਲ ਕੇਸ ਦੀ ਜਾਂਚ ਕਰ ਰਹੀ ਸੀ.ਬੀ.ਆਈ. ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਐਤਵਾਰ ਨੂੰ ਪੁੱਜੀ। ਉਨ੍ਹਾਂ ਨਾਲ ਕਤਲ ਦਾ ਦੋਸ਼ੀ ਅਸ਼ੋਕ ਅਤੇ ਮਾਲੀ ਹਰਪਾਲ ਵੀ ਸੀ। ਸਕੂਲ ‘ਚ ਕ੍ਰਾਈਮ ਸੀਨ ਮੁੜ ਦੋਹਰਾਇਆ ਗਿਆ। ਸੀ.ਬੀ.ਆਈ. ਦੀ ਟੀਮ ਇੱਥੇ ਕਰੀਬ ਡੇਢ ਘੰਟੇ ਤੱਕ ਦੋਸ਼ੀ ਅਸ਼ੋਕ ਅਤੇ ਮਾਲੀ ਹਰਪਾਲ ਨੂੰ ਲੈ ਕੇ ਸਕੂਲ ਦੇ ਅੰਦਰ ਰਹੀ। ਦੋਹਾਂ ਤੋਂ ਆਹਮਣੇ-ਸਾਹਮਣੇ ਬੈਠਾ ਕੇ ਪੁੱਛ-ਗਿੱਛ ਕੀਤੀ ਗਈ। ਜ਼ਿਕਰਯੋਗ ਹੈ ਕਿ ਰਿਆਨ ਇੰਟਰਨੈਸ਼ਨਲ ਸਕੂਲ ‘ਚ ਦੂਜੀ ਜਮਾਤ ‘ਚ ਪੜ੍ਹਨ ਵਾਲੇ 7 ਸਾਲ ਦੇ ਵਿਦਿਆਰਥੀ ਪ੍ਰਦੁੱਮਣ ਠਾਕੁਰ ਨਾਲ ਕੁਕਰਮ ਦੀ ਕੋਸ਼ਿਸ਼ ਤੋਂ ਬਾਅਦ ਉਸ ਦੀ ਗਲਾ ਵੱਢ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ‘ਚ ਬੱਸ ਕੰਡਕਟਰ ਅਸ਼ੋਕ ਸਮੇਤ ਤਿੰਨ ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਅਸ਼ੋਕ ਕੁਮਾਰ ਨੇ ਪਹਿਲਾਂ ਆਪਣਾ ਜ਼ੁਰਮ ਕਬੂਲ ਕੀਤਾ ਪਰ ਹੁਣ ਇਸ ਤੋਂ ਇਨਕਾਰ ਕਰ ਰਿਹਾ ਹੈ।