ਜਲੰਧਰ— ਗੁਰਦਾਸਪੁਰ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸਾਰੇ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਦੀ ਚੋਣਾਂ ਲਈ ਡਿਊਟੀ ਲਾ ਦਿੱਤੀ ਹੈ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਨਾਰਥ ਹਲਕੇ ਦੇ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਦੀ ਮਿਹਨਤ ਅਤੇ ਤਜ਼ਰਬੇ ਨੂੰ ਵੇਖਦਿਆਂ ਉਨ੍ਹਾਂ ਨੂੰ ਗੁਰਦਾਸਪੁਰ ਹਲਕੇ ਦੇ 32 ਪਿੰਡਾਂ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਹੈ। ਵਿਧਾਇਕ ਹੈਨਰੀ ਨੇ ਸੋਮਵਾਰ ਨੂੰ ਸਾਥੀਆਂ ਸਮੇਤ ਗੁਰਦਾਸਪੁਰ ‘ਚ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ। ਇਸ ਦੌਰਾਨ ਪਿੰਡ ਭੋਆ ਦੇ ਇਕ ਪ੍ਰੋਗਰਾਮ ਦੌਰਾਨ ਵਿਧਾਇਕ ਹੈਨਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮੇਰੇ ‘ਤੇ ਵਿਸ਼ਵਾਸ ਕਰ ਕੇ ਇਹ ਜ਼ਿੰਮੇਵਾਰੀ ਸੌਂਪੀ ਹੈ। ਉਹ ਪੂਰੀ ਮਿਹਨਤ ਅਤੇ ਲਗਨ ਨਾਲ ਕਾਂਗਰਸ ਦੇ ਹੱਕ ਵਿਚ ਪ੍ਰਚਾਰ ਕਰਨਗੇ ਅਤੇ ਆਪਣੇ ਸਬੰਧਤ ਹਲਕਿਆਂ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਸੂਬਾ ਇਕ ਵਾਰ ਫਿਰ ਤਰੱਕੀ ਦੇ ਰਸਤੇ ‘ਤੇ ਅਗਾਂਹ ਵਧਣ ਲੱਗਾ ਹੈ। ਕੈ. ਅਮਰਿੰਦਰ ਦੇ ਵਿਜ਼ਨ ਨਾਲ ਸਰਕਾਰ ਨੇ ਅਨੇਕਾਂ ਫੈਸਲੇ ਲਏ ਹਨ। ਸਰਕਾਰ ਦੀ ਲੋਕਹਿੱਤ ਨੀਤੀਆਂ ਤੇ ਯੋਜਨਾਵਾਂ ਨਾਲ ਪੰਜਾਬ ਇਕ ਵਾਰ ਫਿਰ ਦੇਸ਼ ਦਾ ਨੰਬਰ ਇਕ ਸੂਬਾ ਬਣੇਗਾ।
ਇਸ ਦੌਰਾਨ ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ, ਕੈਂਟ ਹਲਕੇ ਦੇ ਵਿਧਾਇਕ ਪਰਗਟ ਸਿੰਘ, ਕਰਤਾਰਪੁਰ ਹਲਕੇ ਦੇ ਵਿਧਾਇਕ ਚੌਧਰੀ ਸੁਰਿੰਦਰ, ਕੌਂਸਲਰ ਡਾ. ਪ੍ਰਦੀਪ ਰਾਏ, ਕੌਂਸਲਰ ਪਤੀ ਨਿਰਮਲ ਸਿੰਘ ਨਿੰਮਾ, ਪਰਮਜੀਤ ਸਿੰਘ ਪੰਮਾ, ਸੁਰਿੰਦਰ ਛਿੰਦਾ, ਕੇਵਲ ਸਿੰਘ, ਜਗਜੀਤ ਸਿੰਘ ਲੱਕੀ, ਰਮਿਤ ਦੱਤਾ ਤੇ ਹੋਰ ਵੀ ਮੌਜੂਦ ਸਨ।