ਪਣਜੀ— ਤਹਿਲਕਾ ਦੇ ਸਾਬਕਾ ਪ੍ਰਧਾਨ ਸੰਪਾਦਕ ਤਰੁਣ ਤੇਜਪਾਲ ਦੇ ਖਿਲਾਫ ਉੱਤਰੀ ਗੋਆ ਦੇ ਮਾਪੁਸਾ ਸਥਿਤ ਕੋਰਟ ਨੇ ਵੀਰਵਾਰ ਨੂੰ ਦੋਸ਼ ਤੈਅ ਕੀਤੇ। ਉਸ ਦੇ ਖਿਲਾਫ ਭਾਰਤੀ ਸਜ਼ਾ ਦੀ ਧਾਰਾ 376 (ਰੇਪ), 341, 342, 354ਏ, 354ਬੀ. ਦੇ ਅਧੀਨ ਦੋਸ਼ ਤੈਅ ਕੀਤੇ ਗਏ। ਤੇਜਪਾਲ ‘ਤੇ ਆਪਣੀ ਜੂਨੀਅਰ ਸਹਿਕਰਮਚਾਰੀ ਦਾ ਲਿਫਟ ‘ਚ ਯੌਨ ਉਤਪੀੜਨ ਕਰਨ ਦਾ ਦੋਸ਼ ਹੈ। ਚਾਰਜਸ਼ੀਟ ਦੀ ਕਾਪੀ ਤੇਜਪਾਲ ਨੂੰ ਸੌਂਪ ਦਿੱਤੀ ਗਈ ਹੈ। ਤਰੁਣ ਤੇਜਪਾਲ ਦੇ ਵਕੀਲ ਇਕ ਮਹੀਨੇ ਦਾ ਸਮਾਂ ਚਾਹੁੰਦੇ ਸਨ ਪਰ ਕੋਰਟ ਨੇ ਹੋਰ ਸਮਾਂ ਦੇਣ ਤੋਂ ਸਾਫ਼ ਮਨ੍ਹਾ ਕੀਤਾ।
ਜ਼ਿਕਰਯੋਗ ਹੈ ਕਿ ਤਰੁਣ ਤੇਜਪਾਲ ਨੇ ਆਪਣੇ ਖਿਲਾਫ ਹੇਠਲੀ ਅਦਾਲਤ ‘ਚ ਚੱਲ ਰਹੇ ਟ੍ਰਾਇਲ ‘ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਬਾਂਬੇ ਹਾਈ ਕੋਰਟ ਵੱਲ ਰੁਖ ਕੀਤਾ ਸੀ। ਉਨ੍ਹਾਂ ਨੇ ਹੇਠਲੀ ਅਦਾਲਤ ‘ਚ ਦੋਸ਼ ਤੈਅ ਕੀਤੇ ਜਾਣ ‘ਤੇ ਰੋਕ ਦੀ ਵੀ ਮੰਗ ਕੀਤੀ ਸੀ। ਹਾਈ ਕੋਰਟ ਨੇ ਹੇਠਲੀ ਅਦਾਲਤ ‘ਚ ਦੋਸ਼ ਤੈਅ ਕਰਨ ‘ਤੇ ਰੋਕ ਲਾਉਣ ਦੀ ਮੰਗ ਖਾਰਜ ਕਰ ਦਿੱਤੀ। ਹਾਲਾਂਕਿ ਬਾਂਬੇ ਹਾਈ ਕੋਰਟ ਨੇ ਹੇਠਲੀ ਅਦਾਲਤ ‘ਚ ਟ੍ਰਾਇਲ ‘ਤੇ ਰੋਕ ਲਾਉਣ ਦਾ ਆਦੇਸ਼ ਦਿੱਤਾ। ਕੋਰਟ ਨੇ ਨਿਰਦੇਸ਼ ਦਿੱਤਾ ਕਿ ਉਸ ਦੇ ਆਦੇਸ਼ ਦੇ ਬਾਅਦ ਹੀ ਟ੍ਰਾਇਲ ਸ਼ੁਰੂ ਹੋ ਸਕਦਾ ਹੈ।
ਤਹਿਲਕਾ ਦੇ ਸਾਬਕਾ ਪ੍ਰਧਾਨ ਸੰਪਾਦਕ ਦੇ ਖਿਲਾਫ ਇਹ ਮਾਮਲਾ 2013 ਦਾ ਹੈ, ਜਦੋਂ ਗੋਆ ‘ਚ ਥਿੰਕ ਫੇਸਟ ਦੌਰਾਨ ਇਕ ਫਾਈਵ ਸਟਾਰ ਹੋਟਲ ਦੀ ਲਿਫਟ ‘ਚ ਤਰੁਣ ਤੇਜ਼ਪਾਲ ਨੇ ਸਹਿ ਕਰਮਚਾਰੀ ਦਾ ਯੌਨ ਉਤਪੀੜਨ ਕੀਤਾ ਸੀ। ਇਸ ਤੋਂ ਬਾਅਦ ਮਹਿਲਾ ਕਰਮਚਾਰੀ ਨੇ ਆਪਣੇ ਸੀਨੀਅਰਜ਼ ਨਾਲ ਇਸ ਘਟਨਾ ਦਾ ਜ਼ਿਕਰ ਕੀਤਾ ਸੀ ਅਤੇ ਮੀਡੀਆ ‘ਚ ਪੀੜਤਾ, ਤੇਜਪਾਲ ਅਤੇ ਤਹਿਲਕਾ ਦੀ ਸਾਬਕਾ ਮੈਨੇਜਿੰਗ ਐਡਿਟਰ ਸ਼ੋਮਾ ਚੌਧਰੀ ਦਰਮਿਆਨ ਗੱਲਬਾਤ ਦੀ ਈ-ਮੇਲ ਵੀ ਪਬਲਿਸ਼ ਹੋਈ ਸੀ।