ਨਵੀਂ ਦਿੱਲੀ/ਹਰਿਆਣਾ— ਬਲਾਤਕਾਰੀ ਰਾਮ ਰਹੀਮ ਸਿੰਘ ਦੀ ਕਰੀਬੀ ਅਤੇ ਮੋਸਟ ਵਾਂਟੇਡ ਹਨੀਪ੍ਰੀਤ ਲਗਾਤਾਰ ਪੁਲਸ ਨੂੰ ਚਕਮਾ ਦੇ ਰਹੀ ਹੈ। ਪੁਲਸ ਉਸ ਨੂੰ ਫੜਨ ਲਈ ਦੇਸ਼ ਦੇ ਕਈ ਰਾਜਾਂ ਸਮੇਤ ਨੇਪਾਲ ‘ਚ ਵੀ ਖੋਜ ਕਰ ਚੁਕੀ ਹੈ। ਹਰਿਆਣਾ ਪੁਲਸ ਨੇ ਵੀਰਵਾਰ ਨੂੰ ਹਨੀਪ੍ਰੀਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਸਰੰਡਰ ਕਰ ਦੇਵੇ ਨਹੀਂ ਤਾਂ ਉਸ ਨੂੰ ਭਗੌੜਾ ਐਲਾਨ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ 26 ਸਤੰਬਰ ਨੂੰ ਦਿੱਲੀ ਹਾਈ ਕੋਰਟ ਨੇ ਹਨੀਪ੍ਰੀਤ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਇਸ ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਪੰਜਾਬ ਅਤੇ ਹਰਿਆਣਾ ਦੇ ਡਰੱਗ ਮਾਫੀਆ ਉਸ ਦੇ ਪਿੱਛੇ ਲੱਗੇ ਹੋਏ ਹਨ ਅਤੇ ਉਸ ਦੀ ਜਾਨ ਨੂੰ ਖਤਰਾ ਹੈ। ਹਨੀਪ੍ਰੀਤ ਨੇ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਸੀ। ਪਟੀਸ਼ਨ ‘ਚ ਹਨੀਪ੍ਰੀਤ ਨੇ ਕਿਹਾ ਕਿ ਉਹ ਸਾਫ਼ ਸੁਥਰੀ ਅਕਸ ਦੀ ਇਕੱਲੀ ਜੀਵਨ ਬਿਤਾਉਣ ਵਾਲੀ ਔਰਤ ਹੈ। ਮੈਂ ਕਾਨੂੰਨ ਦੀ ਪਾਲਣਾ ਕਰਦੀ ਹਾਂ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਮਾਮਲੇ ਦੀ ਜਾਂਚ ‘ਚ ਸਹਿਯੋਗ ਕਰਨਾ ਚਾਹੁੰਦੀ ਹਾਂ।